ਲੁਟੇਰਿਆਂ ਵੱਲੋਂ ਮਨੀਲਾ ਤੋਂ ਆਏ ਬਜ਼ੁਰਗ ਜੋੜੇ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਪਤੀ ਦੀ ਮੌਕੇ ’ਤੇ ਮੌਤ ,ਪਤਨੀ ਜਖਮੀ
ਮੋਗਾ,24 ਜੁਲਾਈ (ਜਸ਼ਨ)- ਮੋਗਾ ਜ਼ਿਲੇ ਦੇ ਪਿੰਡ ਤਾਰੇਵਾਲਾ ਵਿਖੇ 23 ਜੁਲਾਈ ਦੀ ਰਾਤ ਨੂੰ ਲੁਟੇਰਿਆਂ ਵੱਲੋਂ ਲੁੱਟ ਖੋਹ ਦੇ ਇਰਾਦੇ ਨਾਲ ਮਨੀਲਾ ਤੋਂ ਆਏ ਬਜ਼ੁਰਗ ਜੋੜੇ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਜਿਸ ਨਾਲ 66 ਸਾਲ ਗੁਰਚਰਨ ਸਿੰਘ ਦੀ ਮੌਕੇ ’ਤੇ ਮੌਤ ਹੋ ਗਈ ਅਤੇ ਉਸਦੀ ਪਤਨੀ ਬਲਜੀਤ ਕੌਰ ਗੰਭੀਰ ਜਖਮੀਂ ਹੋ ਗਈ । ਲੁਟੇਰੇ ਘਰ ਵਿਚ ਪਿਆ ਸੋਨਾ ,ਡਾਲਰ , ਨਕਦੀ ਅਤੇ ਹੋਰ ਸਮਾਨ ਲੈ ਕੇ ਫਰਾਰ ਹੋ ਗਏ। ਮਿ੍ਰਤਕ ਗੁਰਚਰਨ ਸਿੰਘ ਪਿਛਲੇ ਲੰਬੇ ਸਮੇਂ ਤੋਂ ਆਪਣੇ ਪਰਿਵਾਰ ਨਾਲ ਮਨੀਲਾ ਵਿਖੇ ਰਹਿ ਰਿਹਾ ਸੀ ਪਰ ਸਿਹਤ ਨਾਸਾਜ਼ ਰਹਿਣ ਕਾਰਨ ਉਹ ਆਪਣੀ ਪਤਨੀ ਨਾਲ ਇਸੇ ਸਾਲ ਜਨਵਰੀ ਮਹੀਨੇ ‘ਚ ਆਪਣੇ ਪਿੰਡ ਤਾਰੇਵਾਲਾ ਆਇਆ ਸੀ । ਮਿਤ੍ਰਕ ਦੇ ਭਰਾ ਚਮਕੌਰ ਸਿੰਘ ਨੇ ਦੱਸਿਆ ਕਿ ਉਸ ਦਾ ਭਰਾ ਅਧਰੰਗ ਦਾ ਮਰੀਜ਼ ਸੀ ਅਤੇ ਉਹ ਇਥੋਂ ਆਪਣੀ ਬੀਮਾਰੀ ਦਾ ਇਲਾਜ਼ ਕਰਵਾ ਰਿਹਾ ਸੀ । ਉਸ ਨੇ ਦੱਸਿਆ ਕਿ ਹੁਣ ਗੁਰਚਰਨ ਸਿੰਘ ਦੀ ਸਿਹਤ ਠੀਕ ਸੀ ਅਤੇ ਦੋਨਾਂ ਪਤੀ ਪਤਨੀ ਨੇ 10 ਦਿਨਾਂ ਬਾਅਦ ਵਾਪਸ ਆਪਣੇ ਪਰਿਵਾਰ ਕੋਲ ਮਨੀਲਾ ਜਾਣਾ ਸੀ ਪਰ ਇਹ ਹਾਦਸਾ ਵਾਪਰਨ ਨਾਲ ਪਰਿਵਾਰ ਸਦਮੇਂ ਵਿਚ ਹੈ। ਤਫਤੀਸ਼ੀ ਅਫਸਰ ਜਸਕਾਰ ਸਿੰਘ ਨੇ ਦੱਸਿਆ ਕਿ ਗਵਾਂਢ ਵਿਚ ਲੱਗੇ ਸੀ ਸੀ ਟੀ ਵੀ ਕੈਮਰਿਆਂ ਦੀ ਘੋਖ ਕੀਤੀ ਜਾ ਰਹੀ ਹੈ ਤਾਂ ਜੋ ਦੋਸ਼ੀਆਂ ਨੂੰ ਫੜਿਆ ਜਾ ਸਕੇ । ਉਹਨਾਂ ਇਹ ਵੀ ਦੱਸਿਆ ਕਿ ਮਿ੍ਰਤਕ ਗੁਰਚਰਨ ਸਿੰਘ ਨੇ ਕੁਝ ਦਿਨ ਪਹਿਲਾਂ ਹੀ ਇਕ ਪਲਾਟ ਪਿੰਡ ਦੇ ਹੀ ਇਕ ਐੱਨ. ਆਰ. ਆਈ. ਨੂੰ ਵੇਚਿਆ ਸੀ । ਪਿੰਡ ਵਾਸੀਆਂ ਦੇ ਦੱਸਣ ਮੁਤਾਬਕ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਭੇਤੀ ਹੀ ਹੋਣਗੇ ਜਿਹਨਾਂ ਨੇ ਕੋਠੀ ਦੀ ਛੋਟੀ ਕੰਧ ਦਾ ਫਾਇਦਾ ਉਠਾ ਕੇ ਘਰ ਨੂੰ ਸੰਨ ਲਗਾਈ ਤੇ ਫੇਰ ਚੁਬਾਰੇ ਤੋਂ ਕੂਲਰ ਵਾਲੀ ਥਾਂ ਦੀ ਬਾਰੀ ਭੰਨ ਕੇ ਲੁਟੇਰ ਅੰਦਰ ਦਾਖਲ ਹੋਏ ਤੇ ਉਹਨਾਂ ਇਸ ਵਰਦਾਤ ਨੂੰ ਅੰਜ਼ਾਮ ਦਿੱਤਾ । ਉਹਨਾਂ ਦੱਸਿਆ ਕਿ ਘਰ ਵਿਚ ਇਹ ਲੁਟੇਰੇ ਘੱਟੋ ਘੱਟ ਦੋ ਤਿੰਨ ਘੰਟੇ ਰੁੱਕੇ ਹੋਣਗੇ ਕਿਉਂਕਿ ਉਹਨਾਂ ਨੇ ਤਸੱਲੀ ਨਾਲ ਸਾਰੇ ਕੀਮਤੀ ਸਮਾਨ ਨੂੰ ਚੁੱਕਿਆ ਤੇ ਫਰਾਰ ਹੋ ਗਏ। ਇਹ ਵੀ ਸ਼ੰਕਾ ਪ੍ਰਗਟਾਈ ਜਾ ਰਹੀ ਹੈ ਕਿ ਮਿ੍ਰਤਕ ਗੁਰਚਰਨ ਦੀ ਪਤਨੀ ਬਲਜੀਤ ਕੌਰ ਜੋ ਸ਼ੂਗਰ ਦੀ ਮਰੀਜ਼ ਸੀ ਲੁਟੇਰਿਆਂ ਦੇ ਪਤਾ ਲੱਗਣ ’ਤੇ ਬੇਹੋਸ਼ ਹੋ ਗਈ ਹੋਵੇਗੀ ਅਤੇ ਦੋਸ਼ੀਆਂ ਨੇ ਉਸ ਨੂੰ ਮਿ੍ਰਤਕ ਸਮਝ ਲਿਆ ਹੋਵੇ ਪਰ ਮਿ੍ਰਤਕ ਗੁਰਚਰਨ ਸਿੰਘ ਨੇ ਉਹਨਾਂ ਲੁਟੇਰਿਆਂ ਨੂੰ ਪਛਾਣ ਲਿਆ ਸੀ ਜਿਸ ਕਾਰਨ ਉਹਨਾਂ ਨੇ ਗੁਰਚਰਨ ਸਿੰਘ ’ਤੇ ਜਾਨਲੇਵਾ ਹਮਲਾ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ।