ਲੋਪੋਂ ਵਾਲੇ ਮਹਾਂਪੁਰਸ਼ਾਂ ਨੇ ਮੱਸਿਆ ਦੇ ਦਿਹਾੜੇ ’ਤੇ ਲੋਪੋਂ ਚ ਸਜਾਏ ਧਾਰਮਿਕ ਦੀਵਾਨ

ਬੱਧਨੀ ਕਲਾਂ,23 ਜੁਲਾਈ(ਚਮਕੌਰ ਸਿੰਘ ਲੋਪੋਂ)-ਵਿਸ਼ਵ ਪ੍ਰਸਿੱਧ ਧਾਰਮਿਕ ਸੰਸਥਾ ਦਰਬਾਰ ਸੰਪਰਦਾਇ ਲੋਪੋਂ ਦੇ ਮਹਾਂਪੁਰਸ਼ ਸੰਤ ਸੁਆਮੀ ਦਰਬਾਰਾ ਸਿੰਘ ਜੀ ਮਹਾਰਾਜ ਲੋਪੋਂ ਵਾਲੇ, ਸੰਤ ਸੁਆਮੀ ਜ਼ੋਰਾ ਸਿੰਘ ਜੀ ਮਹਾਰਾਜ ਲੋਪੋਂ ਵਾਲਿਆਂ ਦੀ ਨਿੱਘੀ ਯਾਦ ਨੂੰ ਸਮਰਪਿਤ ਅਤੇ ਸਰਬੱਤ ਦੇ ਭਲੇ ਲਈ ਪਿੰਡਾਂ ਸ਼ਹਿਰਾ ਵਿਚ ਲਗਾਤਾਰ ਦੀਵਾਨ ਸਜਾਏ ਜਾ ਰਹੇ ਉਥੇ ਅੱਜ ਦੇਸ ਵਿਦੇਸ਼ ਦੀ ਸੰਗਤ ਤੋਂ ਇਲਾਵਾਂ ਦਰਬਾਰ ਸੰਪ੍ਰਦਾਇ ਲੋਪੋਂ ਦੀਆਂ ਸਮੂਹ ਸੰਗਤਾਂ ਵੱਲੋਂ ਸੰਪ੍ਰਦਾਇ ਦੇ ਮੁੱਖ ਅਸਥਾਨ ਸੰਤ ਆਸ਼ਰਮ ਲੋਪੋਂ ਵਿਖੇ ਮੱਸਿਆ ਦਾ ਪਵਿੱਤਰ ਦਿਹਾੜਾ ਬੜੀ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਸੰਬੰਧੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ੍ਰੀ ਅਖੰਡ ਪਾਠਾਂ ਦੇ ਭੋਗ ਪਾਉਣ ਉਪਰੰਤ ਦਰਬਾਰ ਸੰਪਰਦਾਇ ਦੇ ਕਵੀਸ਼ਰੀ ਜਥਿਆਂ ਨੇ ਸੁਆਮੀ ਸੰਤ ਦਰਬਾਰਾ ਸਿੰਘ ਜੀ ਮਹਾਰਾਜ ਲੋਪੋਂ ਵਾਲਿਆਂ ਵਲੋਂ ਰਚਿਤ ਕਾਵਿ-ਸੰਗ੍ਰਹਿ ’ਚੋਂ ਗੁਰ-ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਦੁਪਹਿਰ 1.00 ਵਜੇ ਤੋਂ 2.00 ਵਜੇ ਤੱਕ ਨੂਰੀ ਦੀਵਾਨਾਂ ਦੌਰਾਨ ਆਪਣੇ ਰੂਹਾਨੀ ਪ੍ਰਵਚਨ ਕਰਦਿਆਂ ਸੁਆਮੀ ਸੰਤ ਜਗਜੀਤ ਸਿੰਘ ਜੀ ਮਹਾਰਾਜ ਲੋਪੋਂ ਵਾਲਿਆਂ ਨੇ ਕਿਹਾ ਕਿ ਸੰਤਾਂ ਦੀ ਸੰਗਤ ਕਰਕੇ ਵਾਹਿਗੁਰੂ ਦੇ ਨਾਮ ਦੀ ਪ੍ਰਾਪਤੀ ਹੋ ਜਾਂਦੀ ਹੈ ਅਤੇ ਵਾਹਿਗੁਰੂ ਦੇ ਨਾਮ ਦੀ ਪ੍ਰਾਪਤੀ ਹੀ ਸਾਡੇ ਜੀਵਨ ਦਾ ਮਕਸਦ ਹੈ ਅਤੇ ਇਸਦੀ ਪ੍ਰਾਪਤੀ ਲਈ ਸੰਤ ਮਹਾਂਪੁਰਸ਼ ਰਾਹ ਦਸੇਰਾ ਬਣਦੇ ਹਨ ਜੋ ਆਪਣੀ ਕਿ੍ਰਪਾ ਨਾਲ ਇੱਕ ਆਮ ਇਨਸਾਨ ਨੂੰ ਉਸਦੇ ਅਸਲੀ ਰਾਹ ’ਤੇ ਤੋਰ ਕੇ ਲੋਕਾਈ ਦਾ ਭਲਾ ਕਰਦੇ ਹਨ। ਉਨਾਂ ਕਿਹਾ ਕਿ 84 ਲੱਖ ਜੂਨਾਂ ’ਚੋਂ ਸਰਵ ਸ੍ਰੇਸ਼ਟ ਮਨੁੱਖਾ ਜਨਮ ਹੈ ਅਤੇ ਸਿਰਫ ਇਸ ਜਾਮੇ ਵਿੱਚ ਹੀ ਪ੍ਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ, ਇਸ ਲਈ ਮਨੁੱਖ ਨੂੰ ਇਸ ਦੇਹੀ ਨੂੰ ਪੰਜ ਵਿਕਾਰਾਂ ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਤੋਂ ਬਚਾਕੇ, ਗੁਰੂ ਨਾਲ ਜੋੜਨਾ ਚਾਹੀਦਾ ਹੈ। ਉਨਾਂ ਕਿਹਾ ਕਿ ਦੁਨਿਆਵੀ ਸੁੱਖ, ਸਾਧਨ, ਜਾਇਦਾਦ ਆਦਿ ਕਿਸੇ ਕੰਮ ਨਹੀਂ ਆਉਣੇ ਜੇਕਰ ਉਸ ਅਕਾਲ ਪੁਰਖ ਨਾਲ ਲਿਵ ਨਾ ਜੋੜੀ। ਉਨਾਂ ਕਿਹਾ ਕਿ ਹਰੇਕ ਮਾਤਾ-ਪਿਤਾ ਦਾ ਇਹ ਫਰਜ਼ ਬਣਦਾ ਹੈ ਕਿ ਉਹ ਆਪਣੇ ਧੀਆਂ-ਪੁੱਤਰਾਂ ਨੂੰ ਪ੍ਰਮਾਤਮਾ ਨਾਲ ਜੋੜਨ ਅਤੇ ਬੱਚਿਆਂ ਦਾ ਫਰਜ਼ ਬਣਦਾ ਹੈ ਕਿ ਉਹ ਮਾਤਾ-ਪਿਤਾ ਦੀ ਪ੍ਰਮਾਤਮਾ ਵਾਂਗ ਸੇਵਾ ਕਰਨ। ਉਨਾਂ ਕਿਹਾ ਕਿ ਇਸ ਜੀਵਨ ਦੀ ਕੀਮਤ ਨੂੰ ਸਮਝਣਾ ਚਾਹੀਦਾ ਹੈ ਅਤੇ ਗੁਰੂ ਸਾਹਿਬਾਨ ਦੇ ਲੜ ਲੱਗਕੇ, ਆਪਣਾ ਮਨੁੱਖਾ ਜੀਵਨ ਸਫਲ ਕਰਨਾ ਚਾਹੀਦਾ ਹੈ। ਉਨਾਂ ਕਿਹਾ ਕਿ ਜੋ ਮਨੁੱਖੀ ਦੇਹੀ ਪ੍ਰਮਾਤਮਾ ਨੇ ਬਖ਼ਸ਼ੀ ਹੈ ਨੂੰ ਉਸ ਪ੍ਰਮਾਤਮਾ ਦੀ ਬੰਦਗੀ ਨਾਲ, ਭਗਤੀ ਨਾਲ ਨਾ ਜੋੜਿਆ ਤਾਂ ਜੋ ਇਹ ਦੁਰਲੱਭ ਮਨੁੱਖੀ ਜੀਵਨ ਸਾਨੂੰ ਪ੍ਰਾਪਤ ਹੋਇਆ ਹੈ, ਬੇਅਰਥ ਜਾਏਗਾ। ਇਸ ਮੌਕੇ ਭਗੀਰਥ ਸਿੰਘ ਲੋਪੋਂ ਸਾਬਕਾ ਓ.ਐਸ.ਡੀ ਉੱਪ ਮੁੱਖ ਮੰਤਰੀ ਪੰਜਾਬ, ਜਗਜੀਤ ਸਿੰਘ ਜੱਗਾ, ਹਰਨਾਮ ਸਿੰਘ ਨਾਮਾ, ਅਮਰਜੀਤ ਸਿੰਘ ਕਾਲਾ, ਸਾਜਨ ਸਟੂਡੀਓ ਲੋਪੋਂ,  ਤਰਸੇਮ ਸਿੰਘ ਸੇਮਾ, ਬਲਰਾਜ ਸਿੰਘ ਰਾਜਾ, ਹਰਵਿੰਦਰ ਸਿੰਘ, ਸ਼ਿੰਦਰ ਸਿੰਘ, ਰਘਵੀਰ ਸਿੰਘ ਬੀਰਾ, ਮਾਸਟਰ ਜਸਵਿੰਦਰ ਸਿੰਘ, ਗੁਰਚਰਨ ਸਿੰਘ, ਕਰਤਾਰ ਸਿੰਘ, ਚਮਕੌਰ ਸਿੰਘ ਲੋਪੋਂ ਉੱਘੇ ਲੇਖਕ, ਬਲਵਿੰਦਰ ਸਿੰਘ, ਸੁਦਾਗਰ ਸਿੰਘ, ਕਲਕੱਤੇ ਵਾਲੈ, ਗੁਰਬਚਨ ਸਿੰਘ ਜਗਰਾਉ, ਸੁੱਖੀ ਪੰਪ ਵਾਲਾ, ਲੱਖਾ ਪੁਆਦੜਾ, ਸੁਖਚੈਨ ਸਿੰਘ ਤੋਂ ਇਲਾਵਾ ਵੱਡੀ ਤਾਦਾਦ ’ਚ ਸੰਗਤਾਂ ਹਾਜ਼ਰ ਸਨ।