ਕਿੱਤਾਮੁੱਖੀ ਸਿਖਲਾਈ ਦੇਣ ਲਈ ਚਰਨਜੀਤ ਸਿੰਘ ਚੰਨੀ ਵਲੋਂ ਰੋਟਰੀ ਕਲੱਬਾਂ ਨੂੰ ਸਰਕਾਰ ਨਾਲ ਮਿਲ ਕੇ ਕੰਮ ਕਰਨ ਦਾ ਸੱਦਾ

ਮੁਹਾਲੀ/ਖਰੜ, 23 ਜੁਲਾਈ(ਜਸ਼ਨ)-ਪੰਜਾਬ ਦੇ ਤਕਨੀਕੀ ਸਿੱਖਿਆ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੇ ਸੂਬੇ ਦੇ ਸਮੂਹ ਰੋਟਰੀ ਕਲੱਬਾਂ ਨੂੰ ਸੱਦਾ ਦਿੰਦਿਆਂ ਕਿਹਾ ਕਿ ਨੌਜਵਾਨਾਂ ਨੂੰ ਕਿੱਤਾਮੁੱਖੀ ਸਿਕਲਾਈ ਮੁਹੱਈਆ ਕਰਵਾਉਣ ਲਈ ਸਰਕਾਰ ਨਾਲ ਭਾਈਵਾਲੀ ਕਰਨ, ਜਿਸ ਲਈ ਨੌਜਵਾਨਾਂ ਦੀ ਸਿਖਲਾਈ ਦਾ ਖਰਚਾ ਸਰਕਾਰ ਵੱਲੋਂ ਦਿੱਤਾ ਜਾਵੇਗਾ। ਅੱਜ ਇੱਥੇ ਖਰੜ ਰੋਟਰੀ ਕਲੱਬ ਦੇ ਸਾਲ 2017-18 ਲਈ ਚੁਣੇ ਗਏ ਅਹੁਦੇਦਾਰਾਂ ਨੂੰ ਵਧਾਈ ਦਿੰਦਿਆਂ ਸ. ਚੰਨੀ ਨੇ ਕਿਹਾ ਕਿ ਰੋਟਰੀ ਕਲੱਬ ਨੌਜਵਾਨਾਂ ਲਈ ਹੁਨਰ ਵਿਕਾਸ ਪ੍ਰੋਗਰਾਮ ਚਲਾਉਣ ਲਈ ਸਰਕਾਰ ਨਾਲ ਸਮਝੌਤਾ ਸਹੀਬੱਧ ਕਰਨ ਤਾਂ ਜੋ ਸੂਬੇ ਦੇ ਵੱਧ ਤੋਂ ਵੱਧ ਨੌਜਵਾਨਾਂ ਨੂੰ ਰੋਜਗਾਰ ਮੁਹੱਈਆ ਕਰਵਾਇਆ ਜਾ ਸਕੇ। ਤਕਨੀਕੀ ਸਿੱਖਿਆ ਮੰਤਰੀ ਨੇ ਕਿਹਾ ਕਿ ਬਹੁਤ ਸਾਰੇ ਨਿੱਜੀ ਅਦਾਰੇ ਅੱਜ ਕਿੱਤਾ ਮੁੱਖੀ ਸਿਖਲਾਈ ਲਈ ਅੱਗੇ ਆ ਰਹੇ ਹਨ, ਪਰ ਰੋਟਰੀ ਕਲੱਬ ਬਾਕੀ ਸਭ ਨਾਲੋ ਵਧੀਆ ਢੰਗ ਨਾਲ ਇਸ ਕਾਰਜ਼ ਵਿਚ ਆਪਣਾ ਵਡਮੁੱਲਾ ਯੋਗਦਾਨ ਪਾ ਸਕਦੇ ਹਨ, ਕਿਉਂਕਿ ਰੋਟਰੀ ਕਲੱਬਾਂ ਵਲੋਂ ਮੁਨਾਫਾ ਕਮਾਉਣ ਦੀ ਬਜਾਏ ਸਿਰਫ ਸੇਵਾ ਭਾਵਨਾ ਨਾਲ ਲੋਕ ਭਲਾਈ ਦੇ ਕੰਮ ਕੀਤੇ ਜਾਂਦੇ ਹਨ। ਸ. ਚੰਨੀ ਨਾਲ ਹੀ ਕਿਹਾ ਕਿ ਰੋਟਰੀ ਕਲੱਬਾਂ ਨਾਲ ਇਸ ਭਾਈਵਾਲੀ ਰਾਹੀਂ ਸਰਕਾਰ ਦੇ ਹਰ ਘਰ ਰੋਜਗਾਰ ਦੇਣ ਦੇ ਟੀਚੇ ਨੂੰ ਵੀ ਅਸਾਨੀ ਨਾਲ ਪੂਰਾ ਕੀਤਾ ਜਾ ਸਕਦਾ ਹੈ।ਉਨਾਂ ਕਿਹਾ ਕਿ ਰੋਟਰੀ ਕਲੱਬ ਸਰਕਾਰ ਨਾਲ ਭਾਈਵਾਲੀ ਕਰਕੇ ਹੁਨਰ ਵਿਕਾਸ ਲਈ ਨੌਜਵਾਨਾਂ ਨੂੰ ਜਾਗਰੂਕ ਅਤੇ ਲਾਮਬੰਦ ਕਰਨ ਜਦਕਿ ਸਿਖਲਾਈ ਲਈ ਹੁਨਰ ਵਿਕਾਸ ਮਿਸ਼ਨ ਦੇ ਤਹਿਤ ਆਰਥਿਕ ਸਹਾਇਤਾ ਸਰਕਾਰ ਵਲੋਂ ਦਿੱਤੀ ਜਾਵੇਗੀ। ਇਸ ਮੌਕੇ ਕੈਬਨਿਟ ਮੰਤਰੀ ਸ. ਚੰਨੀ ਨੇ ਕਲੱਬ ਨੂੰ ਅਪੀਲ ਕੀਤੀ ਕਿ ਉਹ ਜਲਦ ਤੋਂ ਜਲਦ ਸਹੀ ਜਗਾ ਦੀ ਚੋਣ ਕਰਕੇ ਰੋਟਰੀ ਕਲੱਬ ਖਰੜ ਦੇ ਭਵਨ ਦੀ ਥਾਂ ਲੈਣ ਲਈ ਕਾਰਵਾਈ ਪੂਰੀ ਕਰਨ, ਜਿਸ ਲਈ ਪੰਜਾਬ ਸਰਕਾਰ ਵੱਲੋਂ ਵੱਧ ਤੋਂ ਵੱਧ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ। ਸ. ਚੰਨੀ ਨੇ ਕਿਹਾ ਕਿ ਰੋਟਰੀ ਕਲੱਬਾਂ ਨੂੰ ਛੋਟੇ ਛੋਟੇ ਪ੍ਰੋਜੈਕਟ ਚਲਾਉਣ ਦੀ ਬਜਾਏ ਇੱਕ ਦੋ ਵੱਡੇ ਪ੍ਰੋਜੈਕਟ ਸਲਾਨਾ ਚਲਾਉਣੇ ਚਾਹੀਦੇ ਹਨ, ਜਿਸ ਨਾਲ ਲੋਕਾਂ ਨੂੰ ਵੀ ਵੱਧ ਲਾਭ ਮਿਲੇਗਾ ਅਤੇ ਰੋਟਰੀ ਕਲੱਬ ਦਾ ਵੀ ਸਮਾਜ ਸੇਵਾ ਵਿਚ ਨਾਮ ਹੋਰ ਚਮਕੇਗਾ। ਇਸ ਤੋਂ ਪਹਿਲਾਂ ਕਈ ਸੂਬਿਆਂ ਜ਼ਿਲਾ ਗਵਰਨਰ ਰਹੇ ਰੋਟੇਰੀਅਨ ਸ੍ਰੀ ਮਨਮੋਹਨ ਸਿੰਘ, ਰੋਟਰੀ ਕਲੱਬ ਖਰੜ ਦੇ ਸੀਨੀਅਰ ਮੈਂਬਰ ਸ੍ਰੀ ਏ.ਜੀ ਸਕਸੈਨਾ, ਸਾਬਕਾ ਪ੍ਰਧਾਨ ਹਰਨੇਕ ਸਿੰਘ ਅਤੇ ਨਵੇਂ ਬਣੇ ਪ੍ਰਧਾਨ ਸ.ਗੁਰਮੁੱਖ ਸਿੰਘ ਨੇ ਰੋਟਰੀ ਕਲੱਬ ਖਰੜ ਵਲੋਂ ਕੀਤੇ ਕਾਰਜ਼ਾਂ ਬਾਰੇ ਦੱਸਿਆ ਕਿ ਕਲੱਬ ਵਲੋਂ ਖੁਨਦਾਨ ਕੈਂਪ, ਲੋੜਵੰਦਾਂ ਲਈ ਮੁਫਤ ਮੈਡੀਕਲ ਚੈਕ ਅੱਪ ਕੈਂਪ, ਪੋਲੀਓ ਜਾਾਗਰੂਕਤਾ ਮੁਹਿੰਮ, ਮੁਰਦਿਆਂ ਨੂੰ ਲਿਜਾਣ ਲਈ ਵੈਨ, ਦਰੱਖਤ ਲਾਉਣੇ, ਵਿਦਿਆਰਥੀਆਂ ਲਈ ਟੈਲੰਟ ਹੰਟ ਪ੍ਰੋਗਗਰਾਮ ਕਰਵਾਉਣ ਤੋਂ ਇਲਾਵਾ ਸਰਕਾਰੀ ਸਕੂਲ ਦੀਆਂ ਲੜਕੀਆਂ ਲਈ ਵੈਨ ਮੁਹੱਈਆ ਕਰਵਾਈ ਗਈ।ਇਸ ਤੋਂ ਇਲਾਵਾ ਉਨਾਂ ਦੱਸਿਆ ਕਿ ਰੋਟਰੀ ਕਲੱਬ ਖਰੜ ਵਲੋਂ ਤਿਕੋਨੇ ਰਿਫਲੈਕਟਰ ਵਾਹਨਾ ‘ਤੇ ਲਾਉਣ ਦੀ ਪਹਿਲ ਕੀਤੀ ਗਈ ਸੀ, ਜਿਸ ਨੂੰ ਬਾਅਦ ਵਿਚ ਦੇਸ਼ ਬਰ ਵਿਚ ਅਪਣਾਇਆ ਗਿਆ ਹੈ। ਇਸ ਮੌਕੇ ਕੈਬਨਿਟ ਮੰਤਰੀ ਸ.ਚਰਨਜੀਤ ਸਿੰਘ ਚੰਨੀ ਨੇ ਰੋਟਰੀ ਕਲੱਬ ਖਰੜ ਦੇ ਨਵੇਂ ਚੁਣੇ ਗਏ ਅਹੁਦੇਦਾਰਾਂ ਅਤੇ ਕਲੱਬ ਵਲੋਂ ਸਮਾਜ ਵਿਚ ਵਧੀਆ ਕਾਰਗੁਜਾਰੀ ਵਿਖਾਉਣ ਵਾਲੇ ਮੈਂਬਰਾਂ ਨੂੰ ਸਨਮਾਨਿਤ ਵੀ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰੋਟਰੀ ਕਲੱਬ ਖਰੜ ਦੇ ਸੀਨੀਅਰ ਮੈਂਬਰ ਸ੍ਰੀ ਮਨਮੋਹਨ ਸਿੰਘ, ਸ੍ਰੀ ਏ.ਜੀ ਸਕਸੈਨਾ, ਸਾਬਕਾ ਪ੍ਰਧਾਨ ਹਰਨੇਕ ਸਿੰਘ, ਨਵੇਂ ਬਣੇ ਪ੍ਰਧਾਨ ਸ.ਗੁਰਮੁੱਖ ਸਿੰਘ, ਸ੍ਰੀ ਤਰਲੋਕ ਅਨੰਦ, ਕਮਲ ਕੁਮਾਰ ਵਰਮਾ, ਸ੍ਰੀ ਵਿਜੇ ਰਾਜਪੁਤ ਅਤੇ ਸ੍ਰੀ ਪੀ.ਐਸ ਮਾਂਗਟ ਵੀ ਮੌਜੂਦ ਸਨ।