ਮੈਂਬਰ ਪਾਰਲੀਮੈਂਟ ਭਗਵੰਤ ਮਾਨ,ਐੱਮ ਪੀ ਸਾਧੂ ਸਿੰਘ ਅਤੇ ਆਪ ਆਗੂਆਂ ਨੇ ਸ਼ਹੀਦ ਦੇ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ 

ਮੋਗਾ ,23 ਜੁਲਾਈ (ਜਸ਼ਨ)- ਜੰਮੂ ਕਸ਼ਮੀਰ ’ਚ ਪਾਕਿਸਤਾਨ ਫੌਜ ਨਾਲ ਲੋਹਾ ਲੈਂਦਿਆਂ ਸ਼ਹੀਦ ਹੋਏ ਜਸਪ੍ਰੀਤ ਸਿੰਘ ਦੇ ਜੱਦੀ ਪਿੰਡ ਤਲਵੰਡੀ ਮੱਲੀਆਂ ਵਿਖੇ ਅੱਜ ਮੈਂਬਰ ਪਾਰਲੀਮੈਂਟ ਅਤੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਅਤੇ ਮੈਂਬਰ ਪਾਰਲੀਮੈਂਟ ਸਾਧੂ ਸਿੰਘ ਨੇ ਪਹੰੁਚ ਕੇ ਸ਼ਹੀਦ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ । ਇਸ ਮੌਕੇ ਉਹਨਾਂ ਨਾਲ ਵਿਧਾਇਕ ਬਲਦੇਵ ਸਿੰਘ ,ਵਿਧਾਇਕ ਮਨਜੀਤ ਸਿੰਘ,ਸੀਨੀਅਰ ਆਪ ਆਗੂ ਐਡਵੋਕੇਟ ਰਮੇਸ਼ ਗਰੋਵਰ ,ਪੀ ਡੀ ਐੱਫ ਏ ਦੇ ਸੂਬਾ ਪ੍ਰਧਾਨ ਦਲਜੀਤ ਸਿੰਘ ਸਦਰਪੁਰਾ , ਸੀਨੀਅਰ ਆਪ ਆਗੂ ਸੰਜੀਵ ਕੁਮਾਰ ਕੋਛੜ ਅਤੇ ਗੁਰਦਿੱਤ ਸਿੰਘ ਹਾਜ਼ਰ ਸਨ । ਜਸਪ੍ਰੀਤ ਸਿੰਘ ਦੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਸ਼ਹੀਦ ਜਸਪ੍ਰੀਤ ਸਿੰਘ ’ਤੇ ਪੂਰੇ ਦੇਸ਼ ਨੂੰ ਮਾਣ ਹੈ । ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਦੀ ਮੰਗ ਸੀ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਮੱਲੀਆਂ ਵਿਖੇ ਸ਼ਹੀਦ ਜਸਪ੍ਰੀਤ ਦੀ ਯਾਦ ਵਿਚ ਲਾਇਬਰੇਰੀ ਦਾ ਨਿਰਮਾਣ ਕਰਵਾਇਆ ਜਾਵੇ ਤਾਂ ਕਿ ਵਿਦਿਆਰਥੀਆਂ ਨੂੰ ਲਾਇਬਰੇਰੀ ਵਿਚ ਪੜਨ ਦੇ ਨਾਲ ਨਾਲ ਦੇਸ਼ ਲਈ ਕੁਰਬਾਨ ਹੋਏ ਸ਼ਹੀਦ ਜਸਪ੍ਰੀਤ ਸਿੰਘ ਦੇ ਜੀਵਨ ਬਾਰੇ ਜਾਣਕਾਰੀ ਮਿਲਦੀ ਰਹੇ। ਇਸ ਮੌਕੇ ਪਰਿਵਾਰਕ ਮੈਂਬਰਾਂ ਨੇ ਆਪਣੇ ਪੁੱਤਰ ਸ਼ਹੀਦ ਜਸਪ੍ਰੀਤ ਸਿੰਘ ਦੀ ਤਸਵੀਰ ਸਾਹਮਣੇ ਰੱਖ ਕੇ ਦੁੱਖ ਦਾ ਇਜ਼ਹਾਰ ਕਰਨ ਆਏ ਆਪ ਆਗੂਆਂ ਨਾਲ ਉਸ ਦੇ ਜੀਵਨ ਬਾਰੇ ਗੱਲਾਂ ਸਾਂਝੀਆਂ ਕੀਤੀਆਂ । ਇਸ ਉਪਰੰਤ ‘ਸਾਡਾ ਮੋਗਾ ਡੌਟ ਕੌਮ’ ਨਾਲ ਗੱਲਬਾਤ ਕਰਦਿਆਂ ਮੈਂਬਰ ਪਾਰਲੀਮੈਂਟ ਸਾਧੂ ਸਿੰਘ ਸਿੰਘ ਨੇ ਕਿਹਾ ਕਿ ਕੇਂਦਰ ਆਪਣੇ ਐਲਾਨ ਕਿ ਸਰਕਾਰ ਦੇਸ਼ ਵਿਚ ਹੋਣ ਵਾਲੇ ਸ਼ਹੀਦ ਦੇ ਪਰਿਵਾਰ ਨੂੰ 1 ਕਰੋੜ ਰੁਪਏ ਦੀ ਰਾਸ਼ੀ ਦੇਣ ਦਾ ਇਕਸਾਰ ਯਤਨ ਕਰੇਗੀ , ਨੂੰ ਅਮਲੀ ਜਾਮਾ ਪਹਿਨਾਵੇ ਤੇ ਜਸਪ੍ਰੀਤ ਦੇ ਪਰਿਵਾਰ ਨੂੰ 1 ਕਰੋੜ ਰੁਪਏ ਦੇਵੇ ਤਾਂ ਕਿ ਪਰਿਵਾਰ ਆਪਣੇ ਆਪ ਨੂੰੂ ਸਥਾਪਿਤ ਕਰ ਸਕੇ। ਸ: ਸਾਧੂ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਵੀ ਅਜੇ ਮੁਆਵਜ਼ਾ ਰਾਸ਼ੀ ਦਾ ਐਲਾਨ ਹੀ ਕੀਤਾ ਹੈ ਪਰ ਅਜੇ ਸ਼ਹੀਦ ਦੇ ਪਰਿਵਾਰ ਨੂੰੂ ਦਿੱਤਾ ਕੁਝ ਵੀ ਨਹੀਂ । ਉਹਨਾਂ ਕਿਹਾ ਕਿ ਉਹ ਸ਼ਹੀਦ ਦੇ ਪਰਿਵਾਰ ਦੀ ਇੱਛਾ ਮੁਤਾਬਕ ਸ਼ਹੀਦ ਜਸਪ੍ਰੀਤ ਦੀ ਯਾਦ ਵਿਚ ਸਕੂਲ ਅੰਦਰ ਉਸਾਰੀ ਜਾਣ ਵਾਲੀ ਲਾਇਬਰੇਰੀ ਲਈ ਐੱਮ ਪੀ ਲੈਂਡ ਫੰਡ ਵਿਚੋਂ ਨਿਯਮਾਂ ਅਨੁਸਾਰ ਵੱਧ ਤੋਂ ਵੱਧ ਰਾਸ਼ੀ ਜਾਰੀ ਕਰਵਾਉਣਗੇ।