ਪੀ.ਐਸ.ਯੂ. ਵਿਦਿਆਰਥਣਾਂ ਪਿ੍ਰੰ. ਜਤਿੰਦਰ ਕੌਰ ਦਾ ਪੁਤਲਾ ਫੂਕਿਆ
ਧਰਮਕੋਟ,22ਜੁਲਾਈ (ਜਸ਼ਨ):ਪੰਜਾਬ ਸਟੂਡੈਂਟਸ ਯੂਨੀਅਨ ਦੀ ਜ਼ਿਲਾ ਆਗੂ ਜਸਵੀਰ ਕੌਰ ਦੀ ਅਗਵਾਈ ਹੇਠ ਅੱਜ ਕੋਟ ਈਸੇ ਖਾਂ ਰੋਡ ਧਰਮਕੋਟ ਵਿਖੇ ਗੁਰੂ ਨਾਨਕ ਕਾਲਜ ਮੋਗਾ ਦੀ ਪਿ੍ਰੰਸੀਪਲ ਜਤਿੰਦਰ ਕੌਰ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਜ਼ਿਲਾ ਆਗੂ ਜਸਵੀਰ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਦਲਿਤ ਵਿਦਿਆਰਥੀਆਂ ਲਈ ਮੁਫਤ ਵਿੱਦਿਆ ਦੇ ਅੰਧਾਧੁੰਦ ਪ੍ਰਚਾਰ ਸਦਕਾ ਦਲਿਤ ਵਿਦਿਆਰਥੀਆਂ ਨੇ ਦਾਖਲੇ ਲਏ ਸਨ, ਪਰ ਹੁਣ ਫੀਸ ਭਰਾਈ ਜਾ ਰਹੀ ਹੈ ਅਤੇ ਸ਼ਕਾਲਰਸ਼ਿੱਪ ਵੀ ਨਹੀਂ ਦਿੱਤੀ ਜਾ ਰਹੀ। ਉਹਨਾਂ ਕਿਹਾ ਕਿ ਪਿਛਲੇ ਦੋ ਸਾਲਾਂ ਤੋਂ ਸਰਕਾਰ ਦੀ ਚਹੇਤੀ ਗੁਰੂ ਨਾਨਕ ਕਾਲਜ ਮੋਗਾ ਦੀ ਪਿ੍ਰੰਸੀਪਲ ਡਾ. ਜਤਿੰਦਰ ਕੌਰ ਵੱਲੋਂ ਦਲਿਤ ਵਿਦਿਆਰਥੀਆਂ ਦਾ ਦਾਖਲਾ ਰੋਕ ਕੇ ਵੱਡਾ ਨੁਕਸਾਨ ਕੀਤਾ ਜਾ ਰਿਹਾ ਹੈ। ਉਹਨਾਂ ਦੋਸ਼ ਲਗਾਇਆ ਕਿ ਸਦੀਆਂ ਤੋਂ ਦਲਿਤ ਸਮਾਜ ਨੂੰ ਗਿਆਨ ਹਾਸਿਲ ਕਰਨ ਤੋਂ ਰੋਕਣ, ਏਕਲਵਯਾ ਦਾ ਅੰਗੂਠਾ ਲੈਣ ਅਤੇ ਅੱਜ ਕਾਲਜਾਂ ’ਚ ਦਾਖਲੇ ਰੋਕਣਾਂ ਮਨੂੰਵਾਦੀ ਸੋਚ ਨੂੰ ਜਾਹਰ ਕੀਤਾ ਜਾ ਰਿਹਾ ਹੈ। ਪੀ.ਐਸ.ਯੂ. ਦੇ ਸੂਬਾ ਵਿਤ ਸਕੱਤਰ ਕਰਮਜੀਤ ਸਿੰਘ ਨੇ ਕਿਹਾ ਕਿ ਗੁਰੂ ਨਾਨਕ ਕਾਲਜ ਮੋਗਾ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਹੈ ਅਤੇ ਹੈਰਾਨੀ ਦੀ ਗੱਲ ਹੈ ਕਿ ‘ਸੋ ਕਿਉ ਮੰਦਾ ਆਖੀਐ ਜਿਤ ਜੰਮੈ ਰਾਜਾਨੁ’ ਦੇ ਫੁਰਮਾਨ ਨੂੰ ਵੀ ਭੁੱਲ ਚੁੱਕੇ ਹਨ ਤਾਂ ਹੀ ਦਲਿਤ ਲੜਕੀਆਂ ਨਾਲ ਅਜਿਹਾ ਵਰਤਾਓ ਕੀਤਾ ਜਾ ਰਿਹਾ ਹੈ। ਸੂਬਾ ਵਿਤ ਸਕੱਤਰ ਕਰਮਜੀਤ ਸਿੰਘ ਅਤੇ ਜਿਲਾ ਆਗੂ ਜਸਵੀਰ ਕੌਰ ਨੇ ਕਿਹਾ ਕਿ ਪਿ੍ਰੰਸੀਪਲ ਦਾਅਵਾ ਕਰ ਰਹੀ ਹੀ ਹੈ ਕਿ ਸਰਕਾਰ ਅਤੇ ਯੂਨੀਵਰਸਿਟੀ ਦੇ ਨਿਯਮਾਂ ਅਨੁਸਾਰ ਕਾਰਵਾਈ ਕਰ ਰਹੀ ਹੈ ਪ੍ਰੰਤੂ ਉਹ ਇਹ ਵੀ ਦੱਸੇ ਕਿ ਵਿਦਿਆਰਥੀਆਂ ਵੱਲੋਂ ਦਾਖਲਾ ਲੈਣ ਸਮੇਂ ਫੀਸ ਮਾਫੀ ਅਤੇ ਸਕਾਲਰਸ਼ਿੱਪ ਬਾਰੇ ਦਾਅਵਾ ਕਿਉ ਕੀਤਾ ਸੀ।ਜਿਲਾ ਆਗੂ ਜਸਵੀਰ ਕੌਰ ਨੇ ਦੱਸਿਆ ਕਿ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਇਸੇ ਸਬੰਧ ਵਿਚ 27 ਜੁਲਾਈ ਨੂੰ ਸਵੇਰੇ ਗਿਆਰਾਂ ਵਜੇ ਨੇਚਰ ਪਾਰਕ ਵਿਖੇ ਇਕੱਠੇ ਹੋ ਕੇ ਡੀਸੀ ਦਫਤਰ ਮੋਗਾ ਮੂਹਰੇ ਮੁਜਾਹਰਾ ਕੀਤਾ ਜਾਵੇਗਾ ਤਾਂ ਕਿ ਵਿਦਿਆਥੀਆਂ ਨੂੰ ਇਨਸਾਫ ਮਿਲ ਸਕੇ।