ਮਹਿਲਾਵਾਂ ਨੂੰ 50 ਪ੍ਰਤੀਸ਼ਤ ਰਿਜਰਵੇਸ਼ਨ ਦੇਣ ’ਤੇ ਮਹਿਲਾਵਾਂ ਦਾ ਸਸ਼ਕਤੀਕਰਨ ਹੋਵੇਗਾ :ਵੀਰਪਾਲ ਕੌਰ

ਮੋਗਾ, 22ਜੁਲਾਈ (ਜਸ਼ਨ):ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਮਹਿਲਾਵਾਂ ਨੂੰ ਨਗਰ ਨਿਗਮਾਂ, ਨਗਰ ਪਾਲਿਕਾਵਾਂ ਅਤੇ ਪੰਚਾਇਤਾਂ ਵਿਚ 50 ਪ੍ਰਤੀਸ਼ਤ ਰਿਜ਼ਰਵੇਸ਼ਨ ਦੇਣ ’ਤੇ ਧੰਨਵਾਦ ਪੋ੍ਰਗਰਾਮ ਰੱਖਿਆ ਗਿਆ। ਇਸ ਪ੍ਰੋਗਰਾਮ ਦੀ ਅਗਵਾਈ ਮਮਤਾ ਦੱਤਾ ਪ੍ਰਧਾਨ ਪੰਜਾਬ ਪ੍ਰਦੇਸ਼ ਮਹਿਲਾ ਕਾਂਗਰਸ ਕਮੇਟੀ ਵੱਲੋਂ ਕੀਤੀ ਗਈ। ਇਸ ਮੌਕੇ  ਮਮਤਾ ਦੱਤਾ   ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ ਦੱਸਿਆ ਕੈਪਟਨ ਅਮਰਿੰਦਰ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮਹਿਲਾਵਾਂ ਨੂੰ ਨਗਰ ਨਿਗਮਾਂ, ਨਗਰ ਪਾਲਿਕਾਵਾਂ ਅਤੇ ਪੰਚਾਇਤਾਂ ਵਿਚ 50 ਪ੍ਰਤੀਸ਼ਤ ਰਿਜ਼ਰਵੇਸ਼ਨ ਦੇਣ ਦਾ ਵਾਅਦਾ ਕੀਤਾ ਸੀ ਅਤੇ ਮੁੱਖ ਮੰਤਰੀ ਨੇ ਇਹ ਵਾਅਦਾ ਸਰਕਾਰ ਬਣਨ ਦੇ ਬਾਅਦ ਤਿੰਨ ਮਹੀਨਿਆਂ ਵਿਚ ਹੀ ਪੂਰਾ ਕਰ ਦਿੱਤਾ ਹੈ। ਕੈਪਟਨ ਦੇ ਇਸ ਫੈਸਲੇ ਨਾਲ ਮਹਿਲਾਵਾਂ ਨੂੰ ਰਾਜਨੀਤੀ ਵਿਚ ਆਉਣ ਦੇ ਹੋਰ ਜ਼ਿਆਦਾ ਮੌਕੇ ਮਿਲਣਗੇ ਅਤੇ ਸਮਾਜ ਦੀ ਸੇਵਾ ਕਰਨ ਦਾ ਮੌਕਾ ਮਿਲੇਗਾ। ਉਨਾਂ ਕਿਹਾ ਕਿ ਇਸ ਨਾਲ ਮਹਿਲਾਵਾਂ ਦਾ ਸਮਾਜ ਵਿਚ ਹੋਰ ਸਸ਼ਕਤੀਕਰਨ ਹੋਵੇਗਾ। ਇਸ ਤੋਂ ਇਲਾਵਾ ਮਹਿਲਾ ਕਾਂਗਰਸ ਵੱਲੋਂ ਮਹਿਲਾਵਾਂ ਨੂੰ ਵਿਧਾਨ ਸਭਾ ਅਤੇ ਸੰਸਦ ਵਿਚ 33 ਪ੍ਰਤੀਸ਼ਤ ਰਿਜ਼ਰਵੇਸ਼ਨ ਦਿਵਾਉਣ ਲਈ ਪੂਰੇ ਪੰਜਾਬ ਵਿਚ ਹਸਤਾਖਰ ਮੁਹਿੰਮ ਵੀ ਚਲਾਈ ਜਾ ਰਹੀ ਹੈ। ਇਸ ਮੌਕੇ ਆਉਂਦੀਆਂ ਨਗਰ ਨਿਗਮ ਚੋਣਾਂ ਨੂੰ ਲੈ ਕ ਚਰਚਾ ਵੀ ਕੀਤੀ ਗਈ। ਮਹਿਲਾਵਾਂ ਨੇ ਸਰਕਾਰ ਬਣਾਉਣ ਵਿਚ ਅਹਿਮ ਯੋਗਦਾਨ ਦਿੱਤਾ ਹੈ। ਇਸ ਮੌਕੇ ਮੋਗਾ ਮਹਿਲਾ ਕਾਂਗਰਸ ਦੇ ਪ੍ਰਧਾਨ ਵੀਰਪਾਲ ਕੌਰ ਜੌਹਲ ਵੱਲੋਂ ਪੰਜਾਬ ਪ੍ਰਧਾਨ ਮੈਡਮ ਮਮਤਾ ਦੱਤਾ ਦਾ ਲੱਡੂਆਂ ਨਾਲ ਮੂੰਠ ਮਿੱਠਾ ਕਰਵਾਇਆ ਗਿਆ।