ਚੋਰਾਂ ਨੇ ਠੇਕੇ ਦਾ ਸ਼ਟਰ ਭੰਨ ਕੇ ਡੇਢ ਲੱਖ ਦੀ ਸ਼ਰਾਬ ਕੀਤੀ ਚੋਰੀ

ਕੋਟ ਈਸੇ ਖਾਂ : 22ਜੁਲਾਈ (ਜਸ਼ਨ):21-22 ਦੀ ਲੰਘੀ ਰਾਤ ਨੂੰ ਅਣਪਛਾਤੇ ਚੋਰਾਂ ਵੱਲੋਂ ਸ਼ਰਾਬ ਦੇ ਠੇਕੇ ਨੂੰ ਨਿਸ਼ਾਨਾ ਬਣਾਉਂਦਿਆਂ ਡੇਢ ਲੱਖ ਰੁਪਏ ਦੀ ਸ਼ਰਾਬ ਚੋਰੀ ਕਰ ਕੇ ਫਰਾਰ ਹੋ ਜਾਣ ਦੀ ਖਬਰ ਮਿਲੀ ਹੈ।  ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼ਰਾਬ ਦੇ ਠੇਕੇਦਾਰਾਂ ਕੁਲਵੰਤ ਸਿੰਘ ਖੋਸਾ ਅਤੇ ਨਿਰਵੈਰ ਸਿੰਘ ਗਿੱਲ ਨੇ ਦੱਸਿਆ ਕਿ ਸਾਨੂੰ ਸਾਡੇ ਧਰਮਕੋਟ ਰੋਡ ਕੋਟ ਈਸੇ ਖਾਂ ਵਾਲੇ ਠੇਕੇ ਦੇ ਨਾਲ ਰਹਿੰਦੇ ਗੁਆਂਢੀਆਂ ਦਾ ਅੱਜ ਸਵੇਰੇ 3 ਵਜੇ ਦੇ ਕਰੀਬ ਫੋਨ ਆਇਆ ਕਿ ਤੁਹਾਡੇ ਠੇਕੇ ’ਤੇ ਚੋਰੀ ਦੀ ਘਟਨਾ ਵਾਪਰ ਰਹੀ ਹੈ, ਤਾਂ ਅਸੀਂ ਉਸੇ ਟਾਇਮ ਆਪਣੀ ਗੱਡੀ ਲੈ ਕੇ ਠੇਕੇ ਵੱਲ ਨੂੰ ਚੱਲ ਪਏ, ਪਰ ਸਾਡੇ ਮੌਕਾ-ਏ-ਵਾਰਦਾਤ ’ਤੇ ਪਹੁੰਚਣ ਤੋਂ ਪਹਿਲਾਂ ਚੋਰ ਆਪਣਾ ਕੰਮ ਕਰ ਕੇ ਰਫੂ ਚੱਕਰ ਹੋ ਚੁੱਕੇ ਸਨ। ਠੇਕੇਦਾਰਾਂ ਨੇ ਦੱਸਿਆ ਕਿ ਚੋਰ ਠੇਕੇ ਦਾ ਸ਼ਟਰ ਭੰਨ ਕੇ 10 ਪੇਟੀਆਂ ਰਾਇਲ ਸਟੈਗ, 8 ਪੇਟੀਆਂ ਇੰਪੀਰੀਅਲ ਬਲਿਯੂ ਅਤੇ 2 ਪੇਟੀਆਂ ਸਿਗਨੇਚਰ ਵਿਸਕੀ ਦੀਆਂ ਚੋਰੀ ਕਰਕੇ ਲੈ ਗਏ ਹਨ, ਜਿਸਦੀ ਕੀਮਤ ਤਕਰੀਬਨ ਡੇਢ ਲੱਖ ਰੁਪਏ ਬਣਦੀ ਹੈ। ਇਸ ਚੋਰੀ ਦੀ ਘਟਨਾ ਦੇ ਸਬੰਧ ਵਿਚ ਥਾਣਾ ਕੋਟ ਈਸੇ ਖਾਂ ਦੀ ਪੁਲਿਸ ਵੱਲੋਂ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।