ਸਿਹਤ ਮੰਤਰੀ ਨੇ 11 ਵਿਭਾਗਾਂ ਨੂੰ ਡੇਂਗੂ ਨੂੰ ਰੋਕਣ ਲਈ ਜਾਗਰੂਕ  ਰਹਿਣ ਲਈ ਕਿਹਾ

ਚੰਡੀਗੜ, 22 ਜੁਲਾਈ(ਜਸ਼ਨ):ਪਰਿਵਾਰ ਭਲਾਈ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਨੇ ਡੇਂਗੂ ਨੂੰ ਰੋਕਣ ਲਈ ਸਾਰੇ ਸਬੰਧਤ ਵਿਭਾਗਾਂ ਨੂੰ ਤਿਆਰੀ ਮੁਕੰਮਲ ਕਰਨ ਲਈ ਕਿਹਾ ਹੈ।ਸਿਹਤ ਮੰਤਰੀ ਨੇ 11 ਵਿਭਾਗਾਂ ਨੂੰ ਰਾਜ ਦੇ ਕਿਸੇ ਵੀ ਇਲਾਕੇ ਵਿਚ ਡੇਂਗੂ ਜਾਂ ਚਿਕਨਗੁਨਿਆ ਦੇ ਫੈਲਣ ਤੋਂ ਰੋਕਣ ਲਈ ਮੁੱਢਲੇ ਲੋੜੀਂਦੇ ਪ੍ਰਬੰਧ ਕਰਨ ਅਤੇ ਲੋਕਾਂ ਨੂੰ ਜਾਗਰੂਕ ਕਰਨ ਦੀਆਂ  ਹਦਾਇਤਾਂ ਵੀ ਜਾਰੀ ਕੀਤੀਆਂ।ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਸਿਹਤ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਵੱਲੋਂ ਡੇਂਗੂ ਅਤੇ ਚਿਕਨਗੁਨੀਆ ਨੂੰ ਫੈਲਣ ਤੋਂ ਰੋਕਣ ਲਈ ਸਬੰਧਤ 11 ਵਿਭਾਗਾਂ ਦੁਆਰਾ ਕੀਤੀਆਂ ਗਈਆਂ ਤਿਆਰੀਆਂ ਦਾ ਨਿਰੀਖਣ ਕਰਨ ਦੇ ਸਬੰਧ ਵਿੱਚ 24 ਜੁਲਾਈ ਨੂੰ ਰਾਜ ਪੱਧਰੀ ਮੀਟਿੰਗ ਕਰਨ ਦੇ ਦਿਸ਼ਾ ਨਿਰਦੇਸ਼ ਦਿੱਤੇ ਗਏ ਹਨ ਜਿਸ ਵਿੱਚ 11 ਵਿਭਾਗਾਂ ਦੇ ਪ੍ਰਸਾਸ਼ਕੀ ਸਕੱਤਰ ਵਿਸ਼ੇਸ ਤੌਰ ਤੇ ਹਾਜ਼ਿਰ ਹੋਣਗੇ।ਇਨਾਂ ਵਿਭਾਗਾਂ ਨੂੰ ਡੇਂਗੂ ਅਤੇ ਚਿਕਨਗੁਨੀਆ ਨੂੰ ਰੋਕਣ ਅਤੇ ਕਾਬੂ ਕਰਨ ਦੇ ਲਈ ਬਣਾਏ ਗਏ ਪ੍ਰਸਤਾਵਿਤ ਐਕਸ਼ਨ ਪਲਾਨ ਪੇਸ਼ ਕਰਨ ਲਈ ਵੀ ਕਿਹਾ ਗਿਆ ਹੈ।ਸਿਹਤ ਮੰਤਰੀ ਨੇ ਆਦੇਸ਼ ਦਿੱਤੇ ਹਨ ਕਿ ਡੇਂਗੂ ਅਤੇ ਚਿਕਨਗੁਨੀਆ ਮੱਛਰਾਂ ਦੇ ਪ੍ਰਜਨਨ ਨੂੰ ਰੋਕਣ ਲਈ ਚੋਕਸੀ ਨਾਲ ਨਿਗਰਾਨੀ ਕੀਤੀ ਜਾਵੇ ਅਤੇ ਸਥਾਨਕ ਸਰਕਾਰਾਂ ਸਫਾਈ ਨਾ ਰੱਖਣ ਵਾਲੇ ਸਰਕਾਰੀ ਅਤੇ ਰਿਹਾਇਸ਼ੀ ਇਮਾਰਤਾਂ ਵਿਰੁੱਧ ਸਮੇਂ ਅਨੁਸਾਰ ਕਾਰਵਾਈ ਕਰੇ। ਮੰਤਰੀ ਨੇ ਕਿਹਾ ਕਿ ਮਿਊਂਸੀਪਲ ਕਮੇਟੀ ਅਤੇ ਕਾਰਪੋਰੇਸ਼ਨਾਂ ਦੀ ਇਹ ਮੁਢਲੀ ਜਿੰਮੇਵਾਰੀ ਬਣਦੀ ਹੈ ਕਿ ਬਾਰਿਸ਼ ਦੇ ਮੌਸਮ ਤੋਂ ਪਹਿਲਾਂ ਹੀ ਪ੍ਰਮਾਣਿਤ ਕੀਟਨਾਸ਼ਕ ਦਾ ਛੜਕਾਅ ਕੀਤਾ ਜਾਵੇ ਅਤੇ ਪ੍ਰਭਾਵਿਤ ਇਲਾਕਿਆਂ ਵੱਲ ਵਿਸ਼ੇਸ ਤਵਜੋਂ ਦਿੱਤੀ ਜਾਵੇ। ਸਿਹਤ ਵਿਭਾਗ ਵੱਲੋਂ ਸਥਾਨਕ ਸਰਕਾਰਾਂ ਨੂੰ ਵੱਖ-ਵੱਖ ਕੀਟਨਾਸ਼ਕਾਂ ਦੀ ਵਰਤੋਂ ਅਤੇ ਸਪਰੇਅ ਕਰਨ ਦੀਆਂ ਹਦਾਇਤਾਂ ਵੀ ਜਾਰੀ ਕਰ ਦਿੱਤੀਆਂ ਗਈਆਂ ਹਨ।ਸ੍ਰੀ ਬ੍ਰਹਮ ਮਹਿੰਦਰਾ ਨੇ ਇਹ ਵੀ ਦੱਸਿਆ ਕਿ ਰਾਜ ਦੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਡੇਂਗੂ ਅਤੇ ਚਿਕਨਗੁਨੀਆ ਦੇ ਇਲਾਜ ਸਬੰਧੀ ਹਰ ਤਰਾਂ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਸ ਸਾਲ ਦੱਖਣੀ ਰਾਜ ਜਿਵੇਂ ਕਿ ਕੇਰਲਾ ਵਿਖੇ ਵੱਡੇ ਪੱਧਰ ਤੇ ਡੇਂਗੂ ਦੇ ਕੇਸ ਸਾਹਮਣੇ ਆਏ ਹਨ ਜਿਸ ਸਦਕਾ ਪੰਜਾਬ ਸਰਕਾਰ ਵੱਲੋਂ ਚੋਕਸੀ ਵਰਤਦੇ ਹੋਏ ਸਬੰਧਿਤ ਤਿਆਰੀਆਂ ਦਾ ਨਿਰੀਖਣ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਸਿਹਤ ਵਿਭਾਗ ਕੋਲ ਡੇਂਗੂ ਅਤੇ ਚਿਕਨਗੁਨੀਆ ਦੀਆਂ ਟੈਸਟ ਕਿੱਟਾਂ ਉਪਲਬਧ ਹਨ ਅਤੇ ਉਕਤ ਬਿਮਾਰੀਆਂ ਦਾ ਇਲਾਜ ਸਰਕਾਰੀ ਹਸਪਤਾਲਾਂ ਵਿੱਚ ਮੁਫਤ ਮੁਹੱਈਆ ਕਰਵਾਇਆ ਜਾਵੇਗਾ। ਸਰਕਾਰੀ ਹਸਪਤਾਲਾਂ ਵਿੱਚ ਡੇਂਗੂ ਦੇ ਮਰੀਜਾਂ ਦੇ ਲਈ ਵਿਸ਼ੇਸ ਤੌਰ ਤੇ ਡੇਂਗੂ ਵਾਰਡਾਂ ਦਾ ਪ੍ਰਬੰਧ ਵੀ ਕਰ ਦਿੱਤਾ ਗਿਆ ਹੈ। ਇਸ ਮੀਟਿੰਗ ਵਿੱਚ ਡਾਇਰੀਆ ਅਤੇ ਹੈਜਾ ਨਾਲ ਹੋਈਆਂ ਮੌਤਾਂ ਬਾਰੇ ਸਬੰਧਤ ਵਿਭਾਗਾਂ ਤੋਂ ਮਾਮਲਿਆਂ ਸਬੰਧੀ ਰਿਪੋਰਟਾਂ ਦਾ ਮੁਲਾਂਕਣ ਕੀਤਾ ਜਾਵੇਗਾ ਤਾਂ ਜੋ ਭਵਿੱਖ ਵਿੱਚ ਇਸ ਤਰਾਂ ਦੇ ਹਾਦਸਿਆਂ ਨੂੰ ਕਾਬੂ ਕੀਤਾ ਜਾਵੇ।ਸ੍ਰੀ ਮਹਿੰਦਰਾ ਨੇ ਕਿਹਾ ਕਿ ਡੇਂਗੂ, ਚਿਕਨਗੁਨੀਆ, ਡਾਇਰੀਆ ਅਤੇ ਹੈਜਾ ਦੇ ਫੈਲਣ ਤੋਂ ਰੋਕਣ ਲਈ ਕੇਵਲ ਸਿਹਤ ਵਿਭਾਗ ਜਿੰਮੇਵਾਰ ਨਹੀਂ ਹੈ ਜਦਕਿ ਸਬੰਧਤ ਵਿਭਾਗ ਚੋਕਸ ਹੋ ਕੇ ਇਨਾਂ ਬਿਮਾਰੀਆਂ ਨੂੰ ਫੈਲਣ ਤੋਂ ਰੋਕਣ ਤਾਂ ਜੋ ਆਮ ਲੋਕਾਂ ਨੂੰ ਸੁਰੱਖਿਅਤ ਕੀਤਾ ਜਾ ਸਕੇ।