ਮੁੱਖ ਮੰਤਰੀ ਨੇ  ਕੀਤੀ ਯੂ.ਪੀ.ਐਸ.ਸੀ. ਪ੍ਰੀਖਿਆ’ਚ ਦੂਜਾ ਸਥਾਨ ਹਾਸਲ ਕਰਨ ਵਾਲੇ ਅਨਮੋਲ ਸ਼ੇਰ ਸਿੰਘ ਬੇਦੀ ਨਾਲ ਮੁਲਾਕਾਤ

ਚੰਡੀਗੜ, 22 ਜੁਲਾਈ (ਜਸ਼ਨ):ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਵਿਦੇਸ਼ਾਂ ਵਿੱਚ ਵਸਦੇ ਭਾਰਤੀਆਂ ਨੂੰ ਆਪਣੀਆਂ ਜੜਾਂ ਨਾਲ ਜੋੜਣ ਵਿੱਚ ਭਾਰਤੀ ਵਿਦੇਸ਼ ਸੇਵਾ (ਆਈ.ਐਫ.ਐਸ.) ਦੇ ਕਾਡਰ ਦੇ ਯੋਗਦਾਨ ਦੀ ਮਹੱਤਤਾ ’ਤੇ ਜ਼ੋਰ ਦਿੱਤਾ। 
ਮੁੱਖ ਮੰਤਰੀ ਨੇ ਅੱਜ ਸ਼ਾਮ ਇੱਥੇ ਆਪਣੀ ਸਰਕਾਰੀ ਰਿਹਾਇਸ਼ ’ਤੇ ਯੂ.ਪੀ.ਐਸ.ਸੀ. ਸਿਵਲ ਸੇਵਾਵਾਂ ਦੀ ਪ੍ਰੀਖਿਆ ਵਿੱਚ ਪਹਿਲੀ ਕੋਸ਼ਿਸ਼ ’ਚ ਮੁਲਕ ’ਚੋਂ ਦੂਜਾ ਸਥਾਨ ਹਾਸਲ ਕਰਨ ਵਾਲੇ ਅੰਮਿ੍ਰਤਸਰ ਦੇ ਅਨਮੋਲ ਸ਼ੇਰ ਸਿੰਘ ਬੇਦੀ ਨੂੰ ਵਧਾਈ ਦਿੱਤੀ ਜਿਨਾਂ ਨੇ ਅੱਜ ਇੱਥੇ ਮੁੱਖ ਮੰਤਰੀ ਨਾਲ ਮੁਲਾਕਾਤ ਕੀਤੀ।ਮੀਟਿੰਗ ਵਿਚ ਆਪਣੇ ਮਾਪਿਆਂ ਨਾਲ ਹਾਜ਼ਰ ਅਨਮੋਲ ਨੂੰ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਵੀ ਵਧਾਈ ਦਿੱਤੀ। ਮੁੱਖ ਮੰਤਰੀ ਨੇ ਅਨਮੋਲ ਦੀ ਵਿਲੱਖਣ ਪ੍ਰਾਪਤੀ ਦੀ ਖੁਸ਼ੀ ਵਿੱਚ ਉਸ ਦਾ ਅਤੇ ਪਰਿਵਾਰਕ ਮੈਂਬਰਾਂ ਦਾ ਮੂੰਹ ਮਿੱਠਾ ਵੀ ਕਰਵਾਇਆ ਜਿਸ ਨੇ ਪੂਰੇ ਸੂਬੇ ਦਾ ਨਾਂ ਰੌਸ਼ਨ ਕੀਤਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਉਮੀਦ ਜ਼ਾਹਰ ਕੀਤੀ ਕਿ ਅਨਮੋਲ ਆਪਣੀ ਵਚਨਬੱਧਤਾ ਅਤੇ ਜਜ਼ਬੇ ਨਾਲ ਪੰਜਾਬ ਦੇ ਗੌਰਵ ਵਿੱਚ ਵਾਧਾ ਕਰੇਗਾ।23 ਸਾਲਾ ਨੌਜਵਾਨ ਜੋ ਭਾਰਤ ਦੇ ਆਲਮੀ ਵਿਕਾਸ ਸਫਰ ਵਿੱਚ ਮਹੱਤਵਪੂਰਨ ਰੋਲ ਅਦਾ ਕਰਨ ਦੇ ਮਕਸਦ ਨਾਲ ਆਈ.ਐਫ.ਐਸ. ਵਿਚ ਆਉਣਾ ਚਾਹੁੰਦਾ ਹੈ, ਨੇ ਮੁੱਖ ਮੰਤਰੀ ਨਾਲ  ਖਾਹਿਸ਼ਾਂ ਸਾਂਝੀਆਂ ਕੀਤੀਆਂ।ਅਨਮੋਲ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਆਈ.ਐਫ.ਐਸ. ਕਾਡਰ ਲਈ ਅਰਜ਼ੀ ਦੇਣ ਸਮੇਂ ਉਸ ਨੂੰ ਯਕੀਨ ਨਹੀਂ ਸੀ ਕਿ ਉਹ ਆਈ.ਏ.ਐਸ. ਘਰੇਲੂ ਕਾਡਰ ਲਈ ਜਗਾ ਬਣਾਉਣ ਵਿਚ ਕਾਮਯਾਬ ਹੋ ਜਾਵੇਗਾ। ਅਨਮੋਲ ਦੇ ਪਿਤਾ ਡਾ. ਸਰਬਜੀਤ ਬੇਦੀ ਨੇ ਵੀ ਮੁੱਖ ਮੰਤਰੀ ਨੂੰ ਦੱਸਿਆ ਕਿ ਅਨਮੋਲ ਨੇ ਹੋਰ ਲੋਕਾਂ ਦੀ ਤਰਾਂ ਸਖਤ ਮਿਹਨਤ ਵੀ ਨਹੀਂ ਕੀਤੀ ਜਿਸ ਕਾਰਨ ਅਨਮੋਲ ਦੇ ਆਈ. ਏ ਐਸ. ਸਬੰਧੀ ਕਾਮਯਾਬੀ ਲਈ ਸਾਰੇ ਪਰਿਵਾਰ ਵਾਲਿਆਂ ਨੂੰ ਕਾਫੀ ਸੰਦੇਹ ਸੀ।ਅਨਮੋਲ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਉਹ ਮੈਡਰਿਨ ਦੀ ਪੜਾਈ ਕਰਨਾ ਚਾਹੁੰਦਾ ਸੀ, ਜੋ ਦੱਖਣ-ਪੂਰਬ ਏਸ਼ੀਅਨ ਭਾਸ਼ਾ ਵਜੋਂ ਉੱਭਰੀ ਹੈ। ਕੈਪਟਨ ਅਮਰਿੰਦਰ ਨੇ ਦੱਸਿਆ ਕਿ ਉਨਾਂ ਦੀ ਸਰਕਾਰ ਰਾਜ ਦੇ ਸਕੂਲਾਂ ਵਿਚ ਵਿਦੇਸ਼ੀ ਭਾਸ਼ਾ ਦੀ ਸ਼ੁਰੂਆਤ ਕਰਨ ਦੀ ਯੋਜਨਾ ਬਣਾ ਰਹੀ ਹੈ।