ਗੁਰੂ ਨਾਨਕ ਕਾਲਜ ਦੇ ਗੇਟ ’ਤੇ ਪੰਜਾਬ ਸਟੂਡੈਂਟਸ ਯੂਨੀਅਨ ਨੇ ਰੋਸ ਪ੍ਰਦਰਸ਼ਨ ਕੀਤਾ
ਮੋਗਾ, 21ਜੁਲਾਈ (ਜਸ਼ਨ):ਦਲਿਤ ਵਿਦਿਆਰਥੀਆਂ ਦੇ ਦਾਖਲੇ ਰੋਕਣ ’ਤੇ ਗੁਰੂ ਨਾਨਕ ਕਾਲਜ ਦੇ ਗੇਟ ’ਤੇ ਪੰਜਾਬ ਸਟੂਡੈਂਟਸ ਯੂਨੀਅਨ ਨੇ ਰੋਸ ਪ੍ਰਦਰਸ਼ਨ ਕੀਤਾ ਅਤੇ ਪਿ੍ਰੰਸੀਪਲ ਦੇ ਅਸਤੀਫੇ ਦੇ ਨਾਲ-ਨਾਲ ਦਲਿਤ ਵਿਦਿਆਰਥੀਆਂ ਦੇ ਬਿਨਾਂ ਫੀਸ ਤੋਂ ਦਾਖਲੇ ਕਰਨ ਦੀ ਮੰਗ ਕੀਤੀ। ਇਸ ਮੌਕੇ ’ਤੇ ਸੰਬੋਧਨ ਕਰਦਿਆਂ ਜਿਲਾ ਕਨਵੀਨਰ ਮੋਹਨ ਸਿੰਘ ਔਲਖ ਨੇ ਕਿਹਾ ਕਿ ਦਲਿਤ ਵਿਦਿਆਰਥੀ, ਜਿਨਾਂ ਵਿਚ 90 ਪ੍ਰਤੀਸ਼ਤ ਲੜਕੀਆਂ ਹਨ, ਦੇ ਦਾਖਲੇ ਰੋਕ ਕੇ ਪਿ੍ਰੰਸੀਪਲ ਨੇ ਵੱਡੀ ਭੁੱਲ ਕੀਤੀ ਹੈ। ਪਿ੍ਰੰਸੀਪਲ ਦੀ ਆਕੜ ਭੰਨਣ ਲਈ ਥਾਂ ਥਾਂ ਇਸ ਦਾ ਘਿਰਾਓ ਕਰਕੇ ਤੇ ਅਰਥੀਆਂ ਸਾੜ ਕੇ 27 ਜੁਲਾਈ ਨੂੰ ਡੀਸੀ ਦਫ਼ਤਰ ਮੂਹਰੇ ਰੋਸ ਮੁਜ਼ਾਹਰਾ ਕੀਤਾ ਜਾਵੇਗਾ। ਅੱਜ ਦੇ ਰੋਸ ਪ੍ਰਦਰਸ਼ਨ ਵਿਚ ਸ਼ਾਮਲ ਹੋਏ ਫਰੰਟਲਾਈਨ ਆਰਗੇਨਾਈਜੇਸ਼ਨ ਆਫ ਰੈਵੋਲਿੳੂਸ਼ਨਰੀ ਚੇਂਜ (ਫੋਰਸ ਵਨ) ਦੇ ਸਾਥੀ ਰਜਿੰਦਰ ਰਿਆੜ ਨੇ ਪ੍ਰਸ਼ਾਸ਼ਨ ਦੀ ਕਰੜੇ ਸ਼ਬਦਾਂ ਵਿਚ ਨਿੰਦਾ ਕਰਦਿਆਂ ਆਖਿਆ ਕਿ ਪ੍ਰਸ਼ਾਸ਼ਨ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਇਕ ਹੰਕਾਰੀ ਪਿ੍ਰੰਸੀਪਲ ਜੋ ਵਿਦਿਆਰਥਣਾਂ ਨੂੰ ਦਰ ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਕਰ ਰਹੀ ਹੈ, ਜਿਸ ਤੋਂ ਸ਼ਹਿਰ ਨਿਵਾਸੀ ਵੀ ਔਖੇ ਹਨ, ਉਸ ਨੂੰ ਨੱਥ ਨਹੀਂ ਪਾ ਰਿਹਾ। ਉਨਾਂ ਕਿਹਾ ਕਿ ਵਿਦਿਆਰਥਣਾਂ ਦੇ ਜਾਨੀ ਤੇ ਮਾਲੀ ਨੁਕਸਾਨ ਦਾ ਜਿੰਮੇਵਾਰ ਪਿ੍ਰੰਸੀਪਲ ਤੇ ਪ੍ਰਸ਼ਾਸ਼ਨ ਹੋਵੇਗਾ। ਇਸ ਮੌਕੇ ਪੀਐਸਯੂ ਦੇ ਆਗੂ ਜਗਵੀਰ ਕੌਰ, ਨੌਜਵਾਨ ਭਾਰਤ ਸਭਾ ਦੇ ਆਗੂ ਇੰਦਰਜੀਤ ਸਮਾਲਸਰ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਬਲਕਰਨ ਸਿੰਘ ਵੈਰੋਕੇ ਨੇ ਕਿਹਾ ਕਿ 27 ਜੁਲਾਈ ਦੇ ਧਰਨੇ ਵਿਚ ਵੱਡੀ ਗਿਣਤੀ ਵਿਚ ਵਿਦਿਆਰਥੀ ਹਾਜਰ ਹੋਣਗੇ।ਇਸ ਸਬੰਧੀ ਜਦੋਂ ਪਿ੍ਰੰਸੀਪਲ ਜਤਿੰਦਰ ਕੌਰ ਨਾਲ ਗੱਲ ਕੀਤੀ ਤਾਂ ਉਨਾਂ ਕਿਹਾ ਕਿ ਅਸੀਂ ਸਰਕਾਰ ਅਤੇ ਯੂਨੀਵਰਸਿਟੀ ਦੇ ਨਿਯਮਾਂ ਅਨੁਸਾਰ ਫੀਸਾਂ ਵਸੂਲ ਰਹੇ ਹਾਂ ਅਤੇ ਵਿਦਿਆਰਥੀਆਂ ਵੱਲੋਂ ਮੇਰੇ ’ਤੇ ਲਾਏ ਜਾ ਰਹੇ ਦੋਸ਼ ਝੂਠੇ ਤੇ ਬੇਬੁਨਿਆਦ ਹਨ।