ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ ਨੇ ਕਣਕ ਦੀ ਵੰਡ ਸ਼ੁਰੂ ਕਰਵਾਈ
ਕੋਟ ਈਸੇ ਖਾਂ , 21ਜੁਲਾਈ (ਜਸ਼ਨ):ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਲੋਕਾਂ ਨਾਲ ਕੀਤੇ ਗਏ ਵਾਅਦਿਆਂ ਮੁਤਾਬਿਕ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ ਅਤੇ ਆਏ ਦਿਨ ਕੜੀ-ਦਰ-ਕੜੀ ਵਾਅਦਿਆਂ ਨੂੰ ਪੂਰਾ ਕੀਤੇ ਜਾਣ ਦਾ ਸਿਲਸਿਲਾ ਬਾ-ਦਸਤੂਰ ਜਾਰੀ ਹੈ। ਉਕਤ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ ਨੇ ਸ਼ਹਿਰ ਦੇ ਅੰਮਿ੍ਰਤਸਰ ਰੋਡ ’ਤੇ ਗੁਰਮੁਖ ਸਿੰਘ ਘਲੋਟੀ ਵਾਲਿਆਂ ਦੀ ਦੁਕਾਨ ’ਤੇ ਨੀਲੇ ਕਾਰਡ ਧਾਰਕਾਂ ਨੂੰ ਕਣਕ ਦੀ ਵੰਡ ਸ਼ੁਰੂ ਕਰਵਾਉਣ ਸਮੇਂ ਕੀਤਾ। ਲੋਹਗੜ ਨੇ ਦੱਸਿਆ ਕਿ ਕਾਂਗਰਸ ਪਾਰਟੀ ਨੇ ਲੋਕਾਂ ਨਾਲ ਕੀਤੇ ਵਾਅਦੇ ਮੁਤਾਬਿਕ ਦੋ ਰੁਪਏ ਕਿਲੋ ਦੇ ਹਿਸਾਬ ਨਾਲ ਪ੍ਰਤੀ ਜੀਅ ਛੇ ਮਹੀਨਿਆਂ ਦੀ 30 ਕਿਲੋ ਕਣਕ ਦਿੱਤੀ ਜਾ ਰਹੀ ਹੈ। ਉਨਾਂ ਇਸ ਮੌਕੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਜਲਦੀ ਹੀ ਆਉਣ ਵਾਲੇ ਸਮੇਂ ’ਚ ਲਾਭਪਾਤਰੀਆਂ ਨੂੰ ਸਸਤੀ ਖੰਡ, ਚਾਹਪੱਤੀ ਅਤੇ ਘਿਉ ਵੀ ਮੁਹੱਈਆ ਕਰਵਾਇਆ ਜਾਵੇਗਾ। ਇਸ ਮੌਕੇ ਏ.ਐੱਫ.ਐੱਸ.ਓ. ਦਲਜੀਤ ਸਿੰਘ ਸੰਧੂ, ਇੰਸਪੈਕਟਰ ਸੁਰਿੰਦਰ ਸ਼ਰਮਾ, ਵਿਜੇ ਕੁਮਾਰ ਧੀਰ, ਪ੍ਰਧਾਨ ਬਲਰਾਮ ਬੱਬੀ, ਭਾਊ ਲਖਵੀਰ ਸਿੰਘ ਲੱਖਾ, ਸੀਨੀਅਰ ਕਾਂਗਰਸੀ ਆਗੂ ਸੁੱਖ ਸੰਧੂ, ਯੂਥ ਆਗੂ ਪ੍ਰਕਾਸ਼ ਸਿੰਘ ਰਾਜਪੂਤ, ਬਿੱਟੂ ਮਲਹੋਤਰਾ, ਗੁਰਦੇਵ ਸਿੰਘ ਨਿਹਾਲਗੜ, ਸਰਪੰਚ ਸਵਰਨ ਸਿੰਘ ਨਿਹਾਲਗੜ, ਹਰਿੰਦਰਜੀਤ ਸਿੰਘ ਟੋਨੀ, ਦਲੇਰ ਮਾਲਵਾ, ਬਿੰਦਰ ਘਲੋਟੀ, ਮਾਨਵਪ੍ਰੀਤ ਸਿੰਘ ਟੋਨੀ, ਸੁਰਜੀਤ ਸਿੰਘ ਸਿੱਧੂ, ਨੰਬਰਦਾਰ ਸ਼ੁਮਾਰ ਸਿੰਘ, ਭੋਲਾ ਘਲੋਟੀ ਆਦਿ ਹਾਜ਼ਰ ਸਨ।