ਪੰਜਾਬ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਨੇ ਅਧਿਕਾਰੀਆਂ ਅਤੇ ਗਊਸ਼ਾਲਾਵਾਂ ਦੇ ਅਹੁੇਦਾਦਾਰਾਂ ਨਾਲ ਕੀਤੀ ਮੀਟਿੰਗ

ਮੋਗਾ 21 ਜੁਲਾਈ: (ਜਸ਼ਨ):ਪੰਜਾਬ ਸਰਕਾਰ ਵੱਲੋ ਗਊ-ਧਨ ਦੀ ਸਾਂਭ-ਸੰਭਾਲ ਲਈ ਗੰਭੀਰ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਇਸ ਮਕਸਦ ਲਈ ਧਨ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ।ਇਹ ਪ੍ਰਗਟਾਵਾ ਪੰਜਾਬ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਸ੍ਰੀ ਕੀਮਤੀ ਭਗਤ ਨੇ ਅੱਜ ਸਥਾਨਕ ਮੀਟਿੰਗ ਹਾਲ ਵਿਖੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਅਤੇ ਜ਼ਿਲੇ ਦੀਆਂ ਗਊਸ਼ਾਲਾਵਾਂ ਦੇ ਅਹੁੇਦਾਦਾਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ। ਇਸ ਮੌਕੇ ਉਨਾਂ ਨਾਲ ਉਪ ਮੰਡਲ ਮੈਜਿਸਟ੍ਰੇਟ ਧਰਮਕੋਟ ਸ. ਨਰਿੰਦਰ ਸਿੰਘ ਅਤੇ ਸੀਨੀਅਰ ਭਾਜਪਾ ਨੇਤਾ ਤਰਲੋਚਨ ਸਿੰਘ ਗਿੱਲ ਵੀ ਮੌਜੂਦ ਸਨ।ਸ੍ਰੀ ਕੀਮਤੀ ਭਗਤ ਨੇ ਦੱਸਿਆ ਕਿ ਅਵਾਰਾ ਤੇ ਬੇਜ਼ਬਾਨ ਗਊ-ਧਨ ਦੀ ਸਾਂਭ-ਸੰਭਾਲ ਲਈ ਉਹ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕਰ ਚੁੱਕੇ ਹਨ ਅਤੇ ਮੁੱਖ ਮੰਤਰੀ ਨੇ ਉਨਾਂ ਨੂੰ ਵਿਸ਼ਵਾਸ਼ ਦਿਵਾਇਆ ਕਿ ਗਊ-ਧਨ ਦੀ ਸਾਂਭ-ਸੰਭਾਲ ਲਈ ਫੰਡਾਂ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਉਨਾਂ ਦੱਸਿਆ ਕਿ ਸੂਬੇ ਭਰ ‘ਚ 472 ਗਊ-ਸ਼ਾਲਾਵਾਂ ਹਨ, ਜਿੰਨਾਂ ‘ਚ ਗਊ-ਧੰਨ ਦੀ ਸਾਂਭ-ਸੰਭਾਲ ‘ਤੇ 3.80 ਲੱਖ ਰੁਪਏ ਖਰਚ ਕੀਤੇ ਜਾ ਰਹੇ ਹਨ। ਉਨਾਂ ਕਿਹਾ ਕਿ ਫ਼ਿਰ ਵੀ ਸੜਕਾਂ ‘ਤੇ ਬੇਸਹਾਰਾ ਗਊਧਨ ਦੀ ਗਿਣਤੀ ਵਧ ਰਹੀ ਹੈ, ਜਿਸ ਕਾਰਣ ਜਿੱਥੇ ਲੋਕਾਂ ਨੂੰ ਟ੍ਰੈਫ਼ਿਕ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ, ਉੱਥੇ ਕਿਸਾਨਾਂ ਦੀਆਂ ਫ਼ਸਲਾਂ ਦਾ ਵੀ ਨੁਕਸਾਨ ਹੁੰਦਾ ਹੈ। ਉਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਹਰ ਜ਼ਿਲੇ ‘ਚ ਕੈਟਲ ਪੌਂਡ ਬਣਾਏ ਗਏ ਹਨ ਅਤੇ ਜ਼ਿਲਾ ਮੋਗਾ ‘ਚ ਬੇਸਹਾਰਾ ਲਾਵਾਰਿਸ ਗਊ-ਧਨ ਦੀ ਸੰਭਾਲ ਲਈ ਪਿੰਡ ਕਿਸ਼ਨਪੁਰਾ ਕਲਾਂ ਵਿਖੇ ਵੀ ਕੈਟਲ ਪੌਂਡ ਬਣਾਇਆ ਗਿਆ ਹੈ। ਉਨਾਂ ਦੱਸਿਆ ਕਿ ਇਸ ਕੈਟਲ ਪੌਂਡ ਦੀ ਉਸਾਰੀ ਲਈ ਪੰਜਾਬ ਗਊ ਸੇਵਾ ਕਮਿਸ਼ਨ ਦੇ ਯਤਨਾਂ ਸਦਕਾ ਪੰਜਾਬ ਸਰਕਾਰ ਵੱਲੋਂ 90 ਲੱਖ ਰੁਪਏ, ਗਊ-ਧਨ ਦੀ ਫ਼ੀਡ ਤੇ ਰਖ-ਰਖਾਵ ਲਈ 50 ਲੱਖ ਰੁਪਏ ਅਤੇ ਨਵਾਂ ਸੈਡ ਬਣਾਉਣ ਲਈ 16.50 ਲੱਖ ਰੁਪਏ ਭੇਜੇ ਜਾ ਚੁੱਕੇ ਹਨ। ਉਨਾਂ ਉਪ ਮੰਡਲ ਮੈਜਿਸਟ੍ਰੇਟ ਧਰਮਕੋਟ ਸ੍ਰੀ ਨਰਿੰਦਰ ਸਿੰਘ ਨੂੰ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਇੰਨਾਂ ਫੰਡਾਂ ‘ਤੇ ਨਜ਼ਰਸ਼ਾਨੀ ਰੱਖਣ ਲਈ ਕਿਹਾ।ਚੇਅਰਮੈਨ, ਪੰਜਾਬ ਗਊ ਸੇਵਾ ਕਮਿਸ਼ਨ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੇ ਆਦੇਸ਼ਾਂ ਅਨੁਸਾਰ ਪਸ਼ੂ-ਪਾਲਣ ਵਿਭਾਗ ਦੇ ਅਧਿਕਾਰੀ ਜ਼ਿਲੇ ਦੀਆਂ ਗਊ-ਸ਼ਾਲਾਵਾਂ ‘ਚ ਸਮੇਂ-ਸਮੇਂ ਸਿਰ ਵੈਟਰਨਰੀ ਡਾਕਟਰ ਭੇਜਣ ਨੂੰ ਯਕੀਨੀ ਬਣਾਉਣ, ਤਾਂ ਜੋ ਬੇਜ਼ਬਾਨ ਜ਼ਖਮੀ ਗਊਆਂ ਦੇ ਇਲਾਜ ‘ਚ ਪਬ੍ਰੰਧਕਾਂ ਨੂੰ ਕੋਈ ਮੁਸ਼ਕਲ ਪੇਨਾ ਆਵੇ। ਇਸ ਤੋਂ ਇਲਾਵਾ ਉਨਾਂ ਪਸ਼ੂ-ਪਾਲਣ ਵਿਭਾਗ ਦੇ ਅਧਿਕਾਰੀਆਂ ਨੂੰ ਜ਼ਿਲੇ ਦੀਆਂ ਗਊ-ਸ਼ਾਲਾਵਾਂ ਦੇ ਪ੍ਰਬੰਧਕਾਂ ਨਾਲ ਹਰ ਮਹੀਨੇ ਮੀਟਿੰਗ ਕਰਨ ਦੀ ਹਦਾਇਤ ਵੀ ਕੀਤੀ, ਤਾਂ ਜੋ ਉਨਾਂ ਨੂੰ ਦਰਪੇਸ਼ ਸਮੱਸਿਆਵਾਂ ਦਾ ਹੱਲ ਕੀਤਾ ਜਾ ਸਕੇ। ਉਨਾਂ ਸਬੰਧਤ ਅਧਿਕਾਰੀਆਂ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਅਹੁਦੇਦਾਰਾਂ ਨੂੰ ਗਊ-ਧਨ ਦੀ ਸਾਂਭ-ਸੰਭਾਲ ਲਈ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਲਈ ਸਹਿਯੋਗ ਦੇਣ ਦੀ ਅਪੀਲ ਵੀ ਕੀਤੀ।