ਫਰਾਈਡੇ-ਡਰਾਈ ਡੇਅ ਮੁਹਿੰਮ ਤਹਿਤ ਜੁਆਇੰਟ ਟੀਮ ਨੇ ਕੱਟੇ 13 ਚਲਾਨ 

ਮੋਗਾ,21 ਜੁਲਾਈ (ਜਸ਼ਨ)-ਐਵਰੀ ਫਰਾਈਡੇ-ਡਰਾਈ ਡੇਅ ਮੁਹਿੰਮ ਤਹਿਤ ਸਿਵਲ ਸਰਜਨ ਮੋਗਾ ਅਤੇ ਮਿਉਂਸਪਲ ਕਮਿਸ਼ਨਰ ਮੋਗਾ ਦੇ ਆਦੇਸ਼ਾਂ ਤੇ ਸਿਹਤ ਵਿਭਾਗ ਅਤੇ ਮਿਉਂਸਪਲ ਕਾਰਪੋਰੇਸ਼ਨ ਮੋਗਾ ਦੀ ਸਾਂਝੀ ਟੀਮ ਵੱਲੋਂ ਸੈਨੇਟਰੀ ਇੰਸਪੈਕਟਰ ਮਹਿੰਦਰ ਪਾਲ ਲੂੰਬਾ ਦੀ ਅਗਵਾਈ ਵਿੱਚ ਅੱਜ ਸ਼ਹਿਰ ਵਿੱਚ ਘਰਾਂ, ਹਸਪਤਾਲਾਂ, ਦੁਕਾਨਾਂ ਅਤੇ ਸਰਕਾਰੀ ਦਫਤਰਾਂ ਵਿੱਚ ਐਂਟੀ ਲਾਰਵਾ ਮੁਹਿੰਮ ਤਹਿਤ ਕੂਲਰਾਂ, ਫਰਿੱਜਾਂ ਦੀਆਂ ਟ੍ੇਆਂ ਅਤੇ ਪਾਣੀ ਵਾਲੇ ਬਰਤਨਾਂ ਦੀ ਕੀਤੀ ਗਈ ਜਾਂਚ ਵਿੱਚ ਬਹੁਤ ਸਾਰੇ ਥਾਵਾਂ ਤੇ ਡੇਂਗੂ ਦਾ ਲਾਰਵਾ ਮਿਲਿਆ । ਸਾਂਝੀ ਟੀਮ ਵੱਲੋਂ ਮੌਕੇ ਤੇ 13 ਚਲਾਨ ਕੱਟੇ ਗਏ ਅਤੇ ਤਿੰਨ ਦਿਨਾਂ ਵਿੱਚ ਸਫਾਈ ਕਰਵਾਉਣ ਉਪਰੰਤ ਇਸ ਦੀ ਰਿਪੋਰਟ ਕਮਿਸ਼ਨਰ ਦਫਤਰ ਮੋਗਾ ਵਿਖੇ ਕਰਨ ਲਈ ਕਿਹਾ ਗਿਆ । ਇਸ ਸਬੰਧੀ ਜਾਣਕਾਰੀ ਦਿੰਦਿਆਂ ਜਿਲਾ ਐਪੀਡੀਮਾਲੋਜ਼ਿਸਟ ਡਾ. ਮੁਨੀਸ਼ ਅਰੋੜਾ ਨੇ ਦੱਸਿਆ ਕਿ ਮਲੇਰੀਆ, ਡੇਂਗੂ ਅਤੇ ਚਿਕਨਗੁਨੀਆ ਮੱਛਰ ਦੇ ਕੱਟਣ ਨਾਲ ਫੈਲਣ ਵਾਲੀਆਂ ਬਿਮਾਰੀਆਂ ਹਨ ਤੇ ਇਹ ਮੱਛਰ ਸਾਫ ਅਤੇ ਖੜੇ ਪਾਣੀ ਤੇ ਪੈਦਾ ਹੁੰਦਾ ਹੈ, ਇਸ ਲਈ ਸਾਨੂੰ ਆਪਣੇ ਘਰਾਂ ਦੇ ਅੰਦਰ ਅਤੇ ਬਾਹਰ ਪਾਣੀ ਖੜਨ ਵਾਲੀਆਂ ਥਾਵਾਂ ਦੀ ਸ਼ਿਨਾਖਤ ਕਰਕੇ ਹਰ ਸ਼ੁਕਰਵਾਰ ਇਹਨਾਂ ਨੂੰ ਖਾਲੀ ਕਰਕੇ ਕੱਪੜੇ ਨਾਲ ਸੁਕਾਉਣਾ ਚਾਹੀਦਾ ਹੈ । ਉਹਨਾਂ ਕਿਹਾ ਕਿ ਹਰ ਸ਼ੁਕਰਵਾਰ ਨੂੰ ਕੂਲਰ ਖਾਲੀ ਚਲਾਉਣਾ ਚਾਹੀਦਾ ਹੈ ਤਾਂ ਜੋ ਅੰਡਾ, ਲਾਰਵਾ ਅਤੇ ਪਿਊਪਾ ਸਟੇਜ ਵਿੱਚ ਪਲ ਰਹੇ ਮੱਛਰ ਨੂੰ ਖਤਮ ਕੀਤਾ ਜਾ ਸਕੇ । ਇਸ ਟੀਮ ਵਿੱਚ ਸੈਨੇਟਰੀ ਇੰਸਪੈਕਟਰ ਮਹਿੰਦਰ ਪਾਲ ਲੂੰਬਾ, ਰਣਜੀਤ ਸਿੰਘ ਸਿੱਧੂ, ਗਗਨਦੀਪ ਸਿੰਘ, ਅਰਜਣ ਸਿੰਘ, ਸੈਨੇਟਰੀ ਸੁਪਰਵਾਈਜਰ ਸੇਵਕ ਰਾਮ ਫੌਜੀ ਅਤੇ ਜੁਗਰਾਜ ਸਿੰਘ, ਇੰਸੈਕਟ ਕੁਲੈਕਟਰ ਵਪਿੰਦਰ ਸਿੰਘ ਅਤੇ ਮਦਨ ਲਾਲ ਆਦਿ ਹਾਜ਼ਰ ਸਨ ।