ਮਲੇਸ਼ੀਆ ਵਿਚ ਸੁਰਜੀਤ ਸਿੰਘ ਕਾਉਂਕੇ ਦੀ ਕਾਵਿ ਪੁਸਤਕ ‘ਅਹਿਸਾਸਾਂ ਦੀ ਖੁਸ਼ਬੋ ਲੋਕ ਅਰਪਣ
ਮਲੇਸ਼ੀਆ,20 ਜੁਲਾਈ (ਚਿਰਾਗ)-ਪੰਜਾਬੀ ਸਾਹਿਤ ਦੇ ਖੇਤਰ ਵਿਚ ਲੰਬੇ ਸਮੇਂ ਤੋਂ ਕਾਰਜਸ਼ੀਲ ਪ੍ਰੋ: ਸੁਰਜੀਤ ਸਿੰਘ ਕਾਉਂਕੇ ਦੀ ਨਵੀਂ ਛਪੀ ਕਾਵਿ ਪੁਸਤਕ ‘ਅਹਿਸਾਸਾਂ ਦੀ ਖੁਸ਼ਬੋ ’ ਮਲਾਇਆ ਸਮਾਚਾਰ ਪ੍ਰੈਸ ਕੁਆਲਾਲੰਪਰ ਵਿਖੇ ਲੋਕ ਅਰਪਣ ਕੀਤੀ ਗਈ। ਇਸ ਮੌਕੇ ਭੁਪਿੰਦਰ ਸਿੰਘ ਅਤੇ ਡਾਇਰੈਕਟਰ ਸੁਰਜੀਤ ਸਿੰਘ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਪ੍ਰੋ: ਸੁਰਜੀਤ ਸਿੰਘ ਕਾਉਂਕੇ ਦੇ ਪਹਿਲੇ ਚਾਰ ਕਾਵਿ ਸੰਗ੍ਰਹਿ ਵਿਸ਼ਵ ਭਰ ਦੇ ਪੰਜਾਬੀ ਪਾਠਕ ਬੜੇ ਸ਼ੌਕ ਤੇ ਉਤਸੁਕਤਾ ਨਾਲ ਪੜ ਰਹੇ ਹਨ ਅਤੇ ਇਹ ਪੰਜਵਾਂ ਸੰਗ੍ਰਹਿ ‘ਅਹਿਸਾਸਾਂ ਦੀ ਖੁਸ਼ਬੋ ’ ਸਮਾਜਿਕ ਸਰੋਕਾਰਾਂ ਦੀ ਗੱਲ ਕਰਦਾ ਹੈ । ਉਹਨਾਂ ਕਿਹਾ ਕਿ ਪ੍ਰੋ: ਕਾਉਂਕੇ ਦੀਆਂ ਕਵਿਤਾਵਾਂ ਦੇ ਸਰੋਕਾਰ ਬਹੁ-ਦਿਸ਼ਾਵੀ ਹਨ ,ਜਿੱਥੇ ਉਹ ਪੰਜਾਬੀ ਸੱਭਿਆਚਾਰ ਵਿਰਸੇ ਨੂੰ ਆਪਣੀਆਂ ਕਵਿਤਾਵਾਂ ਵਿਚ ਰੂਪਮਾਨ ਕਰਦੇ ਉੱਥੇ ਹੀ ਇਹਨਾਂ ਕਵਿਤਾਵਾਂ ਵਿਚ ਮਾਨਵੀ ਸਰੋਕਾਰਾਂ ਨੂੰ ਵਿਸ਼ੇਸ਼ ਥਾਂ ਪ੍ਰਾਪਤ ਹੈ ।ਇਸ ਮੌਕੇ ਪ੍ਰਮਿੰਦਰ ਕੌਰ ਨੇ ਪ੍ਰੋ: ਸੁਰਜੀਤ ਸਿੰਘ ਕਾਉਂਕੇ ਦਾ ਮਲਾਇਆ ਸਮਾਚਾਰ ਦੇ ਦਫਤਰ ਕੁਆਲਾਲੰਪਰ ਵਿਖੇ ਆਉਣ ’ਤੇ ਸਵਾਗਤ ਕਰਦਿਆਂ ਖੁਸ਼ੀ ਦਾ ਪ੍ਰਗਟਾਵਾ ਕੀਤਾ । ਪ੍ਰੋ: ਸੁਰਜੀਤ ਸਿੰਘ ਕਾਉਂਕੇ ਨੇ ਤਸੱਲੀ ਪ੍ਰਗਟ ਕਰਦਿਆਂ ਕਿਹਾ ਕਿ ਮਲਾਇਆ ਸਮਾਚਾਰ ਅਤੇ ਹੋਰ ਪੰਜਾਬੀ ਅਖਬਾਰ ਮਲੇਸ਼ੀਆ ਵਿਚ ਪੰਜਾਬੀ ਭਾਸ਼ਾ ,ਪੰਜਾਬੀ ਸੱਭਿਆਚਾਰ ਅਤੇ ਪੰਜਾਬੀਅਤ ਦੀ ਸੰਭਾਲ ਕਰਨ ਲਈ ਸੁਹਿਰਦ ਯਤਨ ਕਰ ਰਹੇ ਹਨ। ਇਸ ਮੌਕੇ ਭੁਪਿੰਦਰਜੀਤ ਕੌਰ ਅਤੇ ਮਿਸਟਰ ਆਰ ਮੋਗਲੀ ਅਤੇ ਡਾਇਰੈਕਟਰ ਸੁਰਜੀਤ ਸਿੰਘ ਹਾਜ਼ਰ ਸਨ।