‘ਸਰਕਾਰ ਤੇ ਲੋਕਾਂ ਦਰਮਿਆਨ ਪੁਲ ਦਾ ਕੰਮ ਕਰੋ’-ਤੇਜਵੀਰ ਸਿੰਘ

ਚੰਡੀਗੜ, 20 ਜੁਲਾਈ(ਜਸ਼ਨ)-‘‘ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਅਫਸਰਾਂ ਨੂੰ ਸਰਕਾਰ ਅਤੇ ਆਮ ਲੋਕਾਂ ਦਰਮਿਆਨ ਪੁਲ ਦਾ ਕੰਮ ਕਰਨਾ ਚਾਹੀਦਾ ਹੈ ਤਾਂ ਜੋ ਸੂਬਾ ਸਰਕਾਰ ਦੀਆਂ ਲੋਕ ਪੱਖੀ ਨੀਤੀਆਂ ਅਤੇ ਪ੍ਰੋਗਰਾਮ ਸਹੀ ਅਰਥਾਂ ਵਿੱਚ ਆਮ ਲੋਕਾਂ ਤੱਕ ਪੁੱਜਦੇ ਕੀਤੇ ਜਾ ਸਕਣ।’’ ਇਹ ਵਿਚਾਰ ਅੱਜ ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਸਮੂਹ ਅਫਸਰਾਂ ਨਾਲ ਕੀਤੀ ਸਮੀਖਿਆ ਮੀਟਿੰਗ ਦੌਰਾਨ ਵਿਭਾਗ ਦੇ ਸਕੱਤਰ ਅਤੇ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਸ੍ਰੀ ਤੇਜਵੀਰ ਸਿੰਘ ਨੇ ਆਖੀ। ਉਨਾਂ ਆਪਣੇ ਸੰਬੋਧਨ ਵਿੱਚ ਕਿਹਾ ਕਿ ਅਜੋਕੇ ਤਕਨੀਕੀ ਯੁੱਗ ਵਿੱਚ ਆਮ ਲੋਕਾਂ ਤੱਕ ਸਰਕਾਰ ਦੀਆਂ ਨੀਤੀਆਂ ਅਤੇ ਪ੍ਰੋਗਰਾਮ ਪਹੁੰਚਾਣ ਲਈ ਅਤਿ-ਆਧੁਨਿਕ ਤਕਨੀਕ ਅਤੇ ਸੋਸ਼ਲ ਮੀਡੀਆ ਦਾ ਇਸਤੇਮਾਲ ਕੀਤਾ ਜਾਣਾ ਇਕ ਜ਼ਰੂਰਤ ਬਣ ਗਿਆ ਹੈ। ਉਨਾਂ ਮੁੱਖ ਦਫਤਰ ਅਤੇ ਜ਼ਿਲਿਆਂ ਵਿੱਚ ਤਾਇਨਾਤ ਅਫਸਰਾਂ ਨੂੰ ਪੂਰੀ ਤਨਦੇਹੀ ਨਾਲ ਆਪਣਾ ਫਰਜ਼ ਨਿਭਾਉਣ ਲਈ ਕਿਹਾ।    ਸਕੱਤਰ ਵੱਲੋਂ ਜ਼ਿਲਿਆਂ ਵਿੱਚ ਤਾਇਨਾਤ ਅਫਸਰਾਂ ਨੂੰ ਸਰਕਾਰ ਦੀਆਂ ਨੀਤੀਆਂ ਸਬੰਧੀ ਫੀਡਬੈਕ ਲੈਣ ਲਈ ਇਕ ਢੁੱਕਵੀਂ ਪ੍ਰਣਾਲੀ ਵਿਕਸਤ ਕਰਨ ਲਈ ਕਿਹਾ ਅਤੇ ਇਸ ਦੇ ਨਾਲ ਹੀ ਇਨਾਂ ਨੀਤੀਆਂ ਪ੍ਰਤੀ ਅਫਸਰਾਂ ਦੇ ਅਧਿਕਾਰ ਖੇਤਰ ਵਿੱਚ ਜੇ ਕੋਈ ਨਰਾਜ਼ਗੀ ਦਿਖਾਈ ਦਿੰਦੀ ਹੈ ਤਾਂ ਲੋਕ ਹਿੱਤ ਵਿੱਚ ਸਰਕਾਰੀ ਤੰਤਰ ਨੂੰ ਉਸ ਸਬੰਧੀ ਜਾਣੂੰ ਕਰਵਾਉਣ ਦੇ ਵੀ ਨਿਰਦੇਸ਼ ਦਿੱਤੇ। ਇਸ ਮੌਕੇ ਵਿਭਾਗ ਦੇ ਡਾਇਰੈਕਟਰ ਸ੍ਰੀ ਗੁਰਕੀਰਤ ਿਪਾਲ ਸਿੰਘ ਨੇ ਅਧਿਕਾਰੀਆਂ ਨੂੰ ਆਪਣੇ ਹੁਨਰ ਵਿੱਚ ਹੋਰ ਨਿਖਾਰ ਲਿਆਉਣ ਅਤੇ ਮੀਡੀਆ ਨਾਲ ਬਿਹਤਰ ਤਾਲਮੇਲ ਬਣਾਉਣ ਲਈ ਕਿਹਾ। ਉਨਾਂ ਅਧਿਕਾਰੀਆਂ ਨੂੰ ਆਪੋ-ਆਪਣੇ ਖੇਤਰਾਂ ਵਿੱਚ ਵਾਪਰਦੀਆਂ ਗਤੀਵਿਧੀਆਂ ਪ੍ਰਤੀ ਚੇਤੰਨ ਰਹਿਣ ਲਈ ਵੀ ਕਿਹਾ। ਉਨਾਂ ਅਗਾਂਹ ਕਿਹਾ ਕਿ ਲੋਕ ਸੰਪਰਕ ਅਧਿਕਾਰੀ ਸਿਰਫ ਸਰਕਾਰ ਦੇ ਬੁਲਾਰੇ ਵਜੋਂ ਕੰਮ ਨਾ ਕਰਨ ਸਗੋਂ ਲੋਕਾਂ ਦੇ ਜਜ਼ਬਾਤਾਂ ਅਤੇ ਭਾਵਨਾਵਾਂ ਦੀ ਤਰਜ਼ਮਾਨੀ ਵੀ ਕਰਨ ਅਤੇ ਸਰਕਾਰੀ ਨੀਤੀਆਂ ਪ੍ਰਤੀ ਆਪੋ-ਆਪਣੇ ਖੇਤਰਾਂ ਵਿੱਚ ਜਨਤਾ ਦੀ ਫੀਡਬੈਕ ਤੋਂ ਵੀ ਸਰਕਾਰ ਨੂੰ ਜਾਣੂੰ ਕਰਵਾਉਣ। ਇਸ ਮੌਕੇ ਵਿਭਾਗ ਦੇ ਵਧੀਕ ਡਾਇਰੈਕਟਰ ਡਾ.ਸੇਨੂੰ ਦੁੱਗਲ ਤੇ ਸ੍ਰੀ ਉਪਿੰਦਰ ਸਿੰਘ ਲਾਂਬਾ, ਜੁਆਇੰਟ ਡਾਇਰੈਕਟਰ ਸ੍ਰੀ ਸੁਰਿੰਦਰ ਮਲਿਕ, ਡਾ.ਅਜੀਤ ਕੰਵਲ ਸਿੰਘ, ਸ੍ਰੀ ਰਣਦੀਪ ਸਿੰਘ ਆਹਲੂਵਾਲੀਆ ਤੇ ਸ੍ਰੀ ਹਰਜੀਤ ਸਿੰਘ ਗਰੇਵਾਲ (ਤਿੰਨੋਂ ਡਿਪਟੀ ਡਾਇਰੈਕਟਰ), ਸਮੂਹ ਜ਼ਿਲਾ ਲੋਕ ਸੰਪਰਕ ਅਫਸਰ ਅਤੇ ਮੁੱਖ ਦਫਤਰ ਵਿਖੇ ਤਾਇਨਾਤ ਆਈ.ਪੀ.ਆਰ.ਓਜ਼ ਤੇ ਏ.ਪੀ.ਆਰ.ਓਜ਼ ਹਾਜ਼ਰ ਸਨ।