‘ਦੁਸ਼ਮਣ ਨੂੰ ਦੇਸ਼ ਦੀਆਂ ਸਰਹੱਦਾਂ ਵੱਲ ਅੱਖ ਚੁੱਕ ਕੇ ਦੇਖਣ ਨਹੀਂ ਦੇਵਾਂਗੇ’ਮੋਗਾ ਵਿਖੇ ਸੁਨੀਲ ਜਾਖੜ ਨੇ ਆਖਿਆ

ਮੋਗਾ, 20 ਜੁਲਾਈ(ਜਸ਼ਨ)-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸ਼੍ਰੀ ਸੁਨੀਲ ਜਾਖੜ ਨੇ ਆਖਿਆ ਕਿ ਇਸ ਸਮੇਂ ਦੇਸ਼ ਦੇ ਸਨਮੁੱਖ ਬਾਹਰੀ ਸ਼ਕਤੀਆਂ ਤੋਂ ਗੰਭੀਰ ਚੁਣੌਤੀਆਂ ਹਨ ਪਰ ਦੇਸ਼ ਨੂੰ ਆਪਣੇ ਬਹਾਦਰ ਫੌਜੀਆਂ ਤੇ ਪੂਰਾ ਮਾਣ ਹੈ ਜੋ ਕਿਸੇ ਵੀ ਦੁਸ਼ਮਣ ਨੂੰ ਦੇਸ਼ ਦੀਆਂ ਸਰਹੱਦਾਂ ਵੱਲ ਅੱਖ ਚੁੱਕਣ ਦੀ ਆਗਿਆ ਨਹੀਂ ਦੇਣਗੇ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸ੍ਰੀ ਸੁਨੀਲ ਜਾਖੜ ਨੇ ਕੱਲ ਮੋਗਾ ਦੇ ਸਰਕਟ ਹਾੳੂਸ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਹ ਕੱਲ ਸ਼ਾਮ ਮੋਗਾ ਜ਼ਿਲੇ ਦੇ ਪਿੰਡ ਤਲਵੰਡੀ ਮੱਲੀਆਂ ਦੇ ਸ਼ਹੀਦ ਫੌਜੀ ਜਸਪ੍ਰੀਤ ਸਿੰਘ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਸਨ। ਜਸਪ੍ਰੀਤ ਸਿੰਘ ਜੰਮੂ ਕਸ਼ਮੀਰ ਦੇ ਨੌਸ਼ਹਿਰਾ ਸੈਕਟਰ ਵਿੱਚ ਦੇਸ਼ ਵਿਰੋਧੀ ਤਾਕਤਾਂ ਨਾਲ ਲੜਦਿਆਂ ਸ਼ਹੀਦ ਹੋ ਗਏ ਸਨ। ਉਨਾਂ ਨੇ ਪ੍ਰੀਵਾਰ ਨਾਲ ਗਹਿਰੀ ਸੰਵੇਦਨਾ ਪ੍ਰਗਟ ਕਰਦਿਆਂ ਸੁਨੀਲ ਕੁਮਾਰ ਜਾਖੜ ਨੇ ਆਖਿਆ ਕਿ ਪੰਜਾਬ ਸਰਕਾਰ ਵੱਲੋਂ ਸ਼ਹੀਦ ਦੇ ਪਰਿਵਾਰ ਨੂੰ 10 ਲੱਖ ਰੁਪਏ ਦੀ ਆਰਥਿਕ ਮਦਦ ਦੇਣ ਦੇ ਨਾਲ-ਨਾਲ ਪ੍ਰੀਵਾਰ ਦੇ ਇੱਕ ਜੀਅ ਨੂੰ ਪੰਜਾਬ ਪੁਲਿਸ ਵਿੱਚ ਨੌਕਰੀ ਵੀ ਦਿੱਤੀ ਜਾਵੇਗੀ। ਸ੍ਰੀ ਜਾਖੜ ਨੇ ਕਿਹਾ ਕਿ ਪਹਿਲਾਂ ਪਾਕਿਸਤਾਨ ਵੱਲੋਂ ਹੀ ਦੇਸ਼ ਵਿੱਚ ਅਸਥਰਿਤਾ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਸਨ ਪਰ ਹੁਣ ਚੀਨ ਵੀ ਉਸਦਾ ਜੋੜੀਦਾਰ ਬਣ ਗਿਆ ਹੈ। ਉਨਾਂ ਨੇ ਕਿਹਾ ਕਿ ਬੇਸ਼ਕ ਅਜਿਹੇ ਹਾਲਤਾਂ ਵਿੱਚ ਸਾਡੀਆਂ ਸੈਨਾਵਾਂ ਸਰਹੱਦਾਂ ਦੀ ਰਾਖੀ ਲਈ ਪੂਰੀ ਤਰਾਂ ਸਮਰੱਥ ਹਨ ਪਰ ਦੇਸ਼ ਅੰਦਰ ਅੰਦਰੂਨੀ ਮੁਹਾਜ ਤੇ ਸਮੂਹ ਨਾਗਰਿਕਾਂ ਨੂੰ ਦੇਸ਼ ਵਿਰੋਧੀ ਤਾਕਤਾਂ ਦੀਆਂ ਕੋਝੀਆਂ ਚਾਲਾਂ ਤੋਂ ਹਮੇਸ਼ਾਂ ਸੁਚੇਤ ਰਹਿਣ ਦੀ ਜ਼ਰੂਰਤ ਹੈ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸ੍ਰੀ ਸੁਨੀਲ ਜਾਖੜ ਜੋ ਕਿ ਇਸ ਤੋਂ ਪਹਿਲਾਂ ਲੁਧਿਆਣਾ ਦੀ ਇਕ ਚਰਚ ਦੇ ਪਾਦਰੀ ਜਿੰਨਾਂ ਦੀ ਕੁਝ ਸਮਾਜ ਵਿਰੋਧੀ ਅਨਸਰਾਂ ਵੱਲੋਂ ਪਿੱਛਲੇ ਦਿਨੀਂ ਹੱਤਿਆ ਕਰ ਦਿੱਤੀ ਗਈ ਸੀ, ਦੇ ਪ੍ਰੀਵਾਰ ਨੂੰ ਵੀ ਮਿਲ ਕੇ ਇੱਥੇ ਪਹੁੰਚੇ ਸਨ। ਉਨਾਂ ਨੇ ਉਕਤ ਘਟਨਾ ਨੂੰ ਵੀ ਮੰਦਭਾਗਾਂ ਕਰਾਰ ਦਿੰਦਿਆਂ ਸੂਬੇ ਦੇ ਲੋਕਾਂ ਨੂੰ ਪੰਜਾਬ ਦੀ ਅਮਨ ਸਾਂਤੀ ਅਤੇ ਭਾਈਚਾਰਕ ਸਾਂਝ ਦੇ ਦੋਖੀਆਂ ਦੇ ਕੋਝੇ ਮਨਸੂਬਿਆਂ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ।     ਸ੍ਰੀ ਸੁਨੀਲ ਜਾਖੜ ਨੇ ਕਿਹਾ ਕਿ ਸੂਬੇ ਦੇ ਸਾਰੇ ਧਰਮਾਂ ਅਤੇ ਫਿਰਕਿਆਂ ਦੇ ਹਿੱਤਾਂ ਦੀ ਰਾਖੀ ਕਰਨ ਲਈ ਰਾਜ ਦੀ ਕਾਂਗਰਸ ਸਰਕਾਰ ਵਚਨਬੱਧ ਹੈ ਅਤੇ ਅਜਿਹੇ ਸਮਾਜ ਵਿਰੋਧੀ ਕਾਰੇ ਕਰਨ ਵਾਲੇ ਲੋਕ ਆਪਣੇ ਨਾਪਾਕ ਮਨਸੂਬਿਆਂ ਵਿੱਚ ਕਦੇ ਸਫਲ ਨਹੀਂ ਹੋਣਗੇ। ਉਨਾਂ ਕਿਹਾ ਕਿ ਵੱਡੀਆਂ ਕੁਰਬਾਨੀਆਂ ਨਾਲ ਸਥਾਪਿਤ ਪੰਜਾਬ ਦੀ ਅਮਨ ਸਾਂਤੀ ਨੂੰ ਕਿਸੇ ਨੂੰ ਵੀ ਭੰਗ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਉਨਾਂ ਕਿਹਾ ਕਿ ਪੰਜਾਬ ਦੀ ਭੁਗੋਲਿਕ ਸਥਿਤੀ ਇਸ ਨੂੰ ਇੱਕ ਅਤਿ ਸੰਵੇਦਨਸ਼ੀਲ ਰਾਜ ਬਣਾਉਂਦੀ ਹੈ। ਇਸ ਲਈ ਪੰਜਾਬੀਆਂ ਨੂੰ ਅਮਨ ਸਾਂਤੀ ਦੇ ਦੁਸਮਣਾਂ ਤੋਂ ਹਮੇਸ਼ਾ ਸਾਵਧਾਨ ਰਹਿਣ ਦੀ ਜ਼ਰੂਰਤ ਹੈ। ਉਨਾਂ ਕਿਹਾ ਕਿ ਦੇਸ਼ ਵਿਰੋਧੀ ਤਾਕਤਾਂ ਦੀ ਹਮੇਸਾਂ ਹੀ ਇਹ ਭੈੜੀ ਚਾਹਤ ਰਹੀ ਹੈ ਕਿ ਉਹ ਰਾਜ ਦੀ ਅਮਨ ਸਾਂਤੀ ਅਤੇ ਭਾਈਚਾਰਕ ਸਾਂਝ ਨੂੰ ਠੇਸ ਪਹੁੰਚਾ ਕੇ ਇਸ ਤਰੱਕੀ ਦੀ ਰਾਹ ਪਏ ਸੂਬੇ ਨੂੰ ਅਸਥਿਰ ਕਰ ਸਕਨ। ਉਨਾਂ ਦੁਹਰਾਇਆ ਕਿ ਪੰਜਾਬ ਸਰਕਾਰ ਦੀ ਇਹ ਪਹਿਲੀ ਤਰਜੀਹ ਹੈ ਕਿ ਰਾਜ ਵਿਚ ਅਮਨ ਸਾਂਤੀ ਅਤੇ ਭਾਈਚਾਰਕ ਸਾਂਝ ਹਰ ਹੀਲੇ ਬਰਕਰਾਰ ਰਹੇ। ਪੰਜਾਬ ਸਰਕਾਰ ਦੀਆਂ ਪਹਿਲੇ ਤਿੰਨ ਮਹੀਨਿਆਂ ਦੀਆਂ ਪ੍ਰਾਪਤੀਆਂ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿੱਚ ਸ੍ਰੀ ਜਾਖੜ ਨੇ ਕਿਹਾ ਕਿ ਸਰਕਾਰ ਦੀਆਂ ਪ੍ਰਾਪਤੀਆਂ ਸ਼ਲਾਘਾਯੋਗ ਰਹੀਆਂ ਹਨ। ਉਨਾਂ ਨੇ ਕਿਹਾ ਕਿ ਕਿਸਾਨ ਕਰਜ਼ ਮਾਫੀ ਦਾ ਸੂਬੇ ਦੀ ਕਿਸਾਨੀ ਨੂੰ ਵੱਡਾ ਲਾਭ ਮਿਲੇਗਾ। ਉਨਾਂ ਨੇ ਕਿਹਾ ਕਿ ਸਾਨੂੰ ਵਿਰਾਸਤ ਵਿੱਚ ਢਹਿ-ਢੇਰੀ ਹੋ ਚੁੱਕਿਆ ਆਰਥਿਕ ਢਾਂਚਾ ਮਿਲਿਆ ਹੈ ਪਰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੱਲੋਂ ਨਾ ਕੇਵਲ ਰਾਜ ਨੂੰ ਆਰਥਿਕ ਤੌਰ ‘ਤੇ ਮਜਬੂਤ ਕੀਤਾ ਜਾਵੇਗਾ ਸਗੋਂ ਸੂਬੇ ਦਾ ਹਰ ਪੱਖੋਂ ਵਿਕਾਸ ਵੀ ਕੀਤਾ ਜਾਵੇਗਾ ਅਤੇ ਸਮਾਜ ਦੇ ਕਮਜ਼ੋਰ ਵਰਗਾਂ ਦੀ ਭਲਾਈ ਲਈ ਵੀ ਉਚਿੱਤ ਫੰਡ ਖਰਚੇ ਜਾਣਗੇ। ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਸਬੰਧੀ ਪੁੱਛੇ ਇਕ ਸਵਾਲ ਦੇ ਜਵਾਬ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨੇ ਆਖਿਆ ਕਿ ਇਕ ਕਿਸਾਨ ਹੋਣ ਦੇ ਨਾਤੇ ਸ: ਬਾਦਲ ਨੂੰ ਚਾਹੀਦਾ ਹੈ ਕਿ ਉਹ ਪੰਜਾਬ ਸਰਕਾਰ ਦੀ ਕਿਸਾਨ ਕਰਜ਼ ਮੁਆਫੀ ਯੋਜਨਾ ਦੀ ਨਿੰਦਾ ਕਰਨ ਦੀ ਬਜਾਏ ਇਸ ਦੀ ਸ਼ਲਾਘਾ ਕਰਦੇ। ਉਨਾਂ ਨੇ ਦੁਹਰਾਇਆ ਕਿ ਪਿਛਲੀ ਸੂਬਾ ਸਰਕਾਰ ਨੇ ਕਿਸਾਨ ਹਿੱਤ ਲਈ ਕੁੱਝ ਨਹੀਂ ਕੀਤਾ ਸੀ ਜਦ ਕਿ ਵਰਤਮਾਨ ਸਰਕਾਰ ਵੱਲੋਂ ਫਸਲੀ ਵਿਭਿੰਨਤਾ ਸਹਿਤ ਰਾਜ ਦੇ ਕਿਸਾਨਾਂ ਦੀ ਭਲਾਈ ਲਈ ਲੰਬੇ ਸਮੇਂ ਦੀ ਵਿਉਂਤਬੰਦੀ ਉਲੀਕੀ ਜਾ ਰਹੀ ਹੈ। ਇਸ ਮੌਕੇ ਉਨਾਂ ਨਾਲ ਮੋਗਾ ਦੇ ਵਿਧਾਨਕਾਰ ਡਾ: ਹਰਜੋਤ ਕਮਲ, ਧਰਮਕੋਟ ਦੇ ਵਿਧਾਨਕਾਰ ਸ: ਸੁਖਜੀਤ ਸਿੰਘ ਲੋਹਗੜ, ਬਾਘਾ ਪੁਰਾਣਾ ਦੇ ਵਿਧਾਇਕ ਸ: ਦਰਸ਼ਨ ਸਿੰਘ ਬਰਾੜ, ਜ਼ਿਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਕਰਨਲ ਬਾਬੂ ਸਿੰਘ,ਰਾਜਵਿੰਦਰ ਕੌਰ ਭਾਗੀਕੇ ਸਾਬਕਾ ਵਿਧਾਇਕ,ਮਹੇਸ਼ਇੰਦਰ ਸਿੰਘ ਨਿਹਾਲ ਸਿੰਘ ਵਾਲਾ,ਸੂਬਾ ਸਕੱਤਰ ਰਵਿੰਦਰ ਸਿੰਘ ਐਡਵੋਕੇਟ ਰਵੀ ਗਰੇਵਾਲ, ਸੂਬਾ ਸਕੱਤਰ ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ ਸਾਬਕਾ ਸ਼ੋ੍ਰਮਣੀ ਕਮੇਟੀ ਮੈਂਬਰ, ਡਾ: ਮਾਲਤੀ ਥਾਪਰ,ਸੂਬਾ ਸਕੱਤਰ ਜਗਸੀਰ ਸਿੰਘ ਮੰਗੇਵਾਲਾ ,ਕੁਲਦੀਪ ਸਿੰਘ ਢੋਸ ਸੀਨੀਅਰ ਕਾਂਗਰਸੀ ਆਗੂ,ਲਾਡੀ ਢੋਸ,ਕੌਂਸਲਰ ਨਰਿੰਦਰਪਾਲ ਸਿੰਘ ਸਿੱਧੂ ,ਰਾਮਪਾਲ ਧਵਨ,ਸਰਪੰਚ ਗੁਰਿੰਦਰ ਸਿੰਘ ਤੋਂ ਇਲਾਵਾ ਕਾਂਗਰਸ ਦੇ ਸੀਨੀਅਰ ਆਗੂ ਹਾਜ਼ਰ ਸਨ।
‘ਸਾਡਾ ਮੋਗਾ ਡੌਟ ਕੌਮ’ ਨਿੳੂਜ਼ ਪੋਰਟਲ ਨਾਲ ਫੋਨ ’ਤੇ ਗੱਲਬਾਤ ਕਰਦਿਆਂ ਮੋਗਾ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਵਿਨੋਦ ਬਾਂਸਲ ਨੇ ਆਖਿਆ ਕਿ ਕੱਲ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸ਼੍ਰੀ ਸੁਨੀਲ ਜਾਖੜ ਦੀ ਮੋਗਾ ਆਮਦ ’ਤੇ ਕਾਂਗਰਸੀ ਵਰਕਰਾਂ ਵਿਚ ਭਾਰੀ ਉਤਸ਼ਾਹ ਸੀ। ਉਹਨਾਂ ਕਿਹਾ ਕਿ ਸੁਨੀਲ ਜਾਖੜ ਵੱਲੋਂ ਮੋਗਾ ਦੇ ਪਿੰਡ ਤਲਵੰਡੀ ਮੱਲੀਆਂ ਵਿਖੇ ਫੌਜੀ ਸ਼ਹੀਦ ਜਸਪ੍ਰੀਤ ਸਿੰਘ ਦੇ ਗ੍ਰਹਿ ਵਿਖੇ ਉਸਦੇ ਪਰਿਵਾਰਕ ਮੈਂਬਰਾਂ ਨਾਨ ਦੁੱਖ ਸਾਝਾਂ ਕਰਨ ਤੋਂ ਸਪੱਸ਼ਟ ਹੋ ਜਾਂਦਾ ਹੈ ਕਿ ਸੂਬੇ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਿਲ ਵਿਚ ਸ਼ਹੀਦਾਂ ਵਿਸ਼ੇਸ਼ਕਰ ਫੌਜੀ ਜਵਾਨਾਂ ਲਈ ਕਿਨਾ ਦਰਦ ਹੈ।