ਹਰ ਅੱਖ ਰੋਈ ਤੇ ਅਸਮਾਨ ਵੀ ਕੁਰਲਾਇਆ ਸ਼ਹੀਦ ਜਸਪ੍ਰੀਤ ਸਿੰਘ ਤਲਵੰਡੀ ਮੱਲੀਆਂ ਨੂੰ ਰੁਖ਼ਸਤ ਕਰਨ ਮੌਕੇ
ਮੋਗਾ,20 ਜੁਲਾਈ (ਜਸ਼ਨ)- ਸ਼ਹੀਦ ਜਸਪ੍ਰੀਤ ਸਿੰਘ ਤਲਵੰਡੀ ਮੱਲੀਆਂ ਨੂੰ ਅੰਤਿਮ ਵਿਦਾਇਗੀ ਦੇਣ ਮੌਕੇ ਪੰਜਾਬੀਆਂ ਦਾ ਆਪ ਮੁਹਾਰੇ ਪਿੰਡ ਤਲਵੰਡੀ ਮੱਲੀਆਂ ਪਹੰੁਚਣਾ , ਸਾਰਾ ਦਿਨ ਉਸਦੀ ਮਿ੍ਰਤਕ ਦੇਹ ਦਾ ਇੰਤਜ਼ਾਰ ਕਰਨਾ ਤੇ ਫਿਰ ਅੰਤਿਮ ਸੰਸਕਾਰ ਮੌਕੇ ਸ਼ਮਸ਼ਾਨ ਘਾਟ ਵੱਲ ਦਰਿਆ ਦੇ ਰੂਪ ਵਿਚ ਵਾਹੋਦਾਹੀ ਪੈਦਲ ਤੁਰ ਕੇ ਪੰਜਾਬੀ ਮਾਂ ਦੇ ਮਹਾਨ ਸਪੂਤ ਨੂੰ ਰੁਖ਼ਸਤ ਕਰਨਾ ਇਕ ਵਾਰ ਫਿਰ ਤੋਂ ਸਿੱਧ ਕਰ ਗਿਆ ਕਿ ਪੰਜਾਬੀ ਸ਼ਹੀਦ ਹੋਣਾ ਵੀ ਜਾਣਦੇ ਨੇ ਤੇ ਸ਼ਹਾਦਤਾਂ ਦੀ ਕਦਰ ਕਰਨਾ ਵੀ ਜਾਣਦੇ ਨੇ। ਹਿੰਦ ਪਾਕਿ ਸਰਹੱਦ ’ਤੇ ਰਾਜੌਰੀ ਜ਼ਿਲੇ ਦੇ ਨੌਸ਼ਹਿਰਾਂ ਸੈਕਟਰ ਦੇ ਭਵਾਨੀ ਝਾਂਗਰ ਖੇਤਰ ਵਿਚ ਦੁਸ਼ਮਣਾਂ ਨਾਲ ਲੋਹਾ ਲੈਂਦਿਆਂ ਸ਼ਹੀਦ ਹੋਏ ਜਸਪ੍ਰੀਤ ਸਿੰਘ ਦਾ ਬੀਤੀ ਸ਼ਾਮ ਪੂਰੇ ਸੈਨਿਕ ਸਨਮਾਨਾਂ ਨਾਲ ਮੋਗਾ ਜ਼ਿਲੇ ਦੇ ਪਿੰਡ ਤਲਵੰਡੀ ਮੱਲੀਆਂ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ । ਸੰਸਕਾਰ ਦੀਆਂ ਰਸਮਾਂ ਤੋਂ ਪਹਿਲਾਂ ਸ਼ਹੀਦ ਦੀ ਮਿ੍ਰਤਕ ਦੇਹ ਦੇ ਪਿੰਡ ਪੁੱਜਣ ’ਤੇ ਭਾਰੀ ਗਿਣਤੀ ਵਿਚ ਲੋਕਾਂ ਨੇ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ । ਇਸ ਮੌਕੇ ਫੌਜ ਦੀ ਟੁਕੜੀ ਨੇ ਸ਼ਹੀਦ ਜਸਪ੍ਰੀਤ ਸਿੰਘ ਨੂੰ ਹਥਿਆਰ ਉਲਟੇ ਕਰਕੇ ਸਲਾਮੀਂ ਦਿੱਤੀ । ਸ਼ਹੀਦ ਦੀ ਚਿਖਾ ਨੂੰ ਅਗਨੀ ਉਸ ਦੇ ਪਿਤਾ ਸਰਵਣ ਸਿੰਘ ਅਤੇ ਭਰਾਵਾਂ ਨੇ ਦਿਖਾਈ । ਇਸ ਮੌਕੇ ਹਜ਼ਾਰਾਂ ਦੀ ਗਿਣਤੀ ਵਿਚ ਲੋਕਾਂ ਨੇ ਸ਼ਹੀਦ ਜਸਪ੍ਰੀਤ ਜੱਸੀ ਨੂੰ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੰਦਿਆਂ ਸ਼ਰਧਾ ਦੇ ਫੁੱਲ ਭੇਂਟ ਕੀਤੇ । ਇਸ ਮੌਕੇ ਕਾਂਗਰਸ ਦੇ ਸੂਬਾ ਪ੍ਰਧਾਨ ਸੁਨੀਲ ਕੁਮਾਰ ਜਾਖੜ ,ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ, ਵਿਧਾਇਕ ਦਰਸ਼ਨ ਸਿੰਘ ਬਰਾੜ ,ਵਿਧਾਇਕ ਡਾ: ਹਰਜੋਤ ਕਮਲ ਸਿੰਘ,ਵਿਧਾਇਕ ਮਨਜੀਤ ਸਿੰਘ ,ਵਿਧਾਇਕ ਕੁਲਤਾਰ ਸਿੰਘ ਸੰਧਵਾ ,ਸੂਬਾ ਸਕੱਤਰ ਰਵਿੰਦਰ ਸਿੰਘ ਐਡਵੋਕੇਟ ਰਵੀ ਗਰੇਵਾਲ,ਕਾਂਗਰਸ ਦੇ ਜ਼ਿਲਾ ਪ੍ਰਧਾਨ ਕਰਨਲ ਬਾਬੂ ਸਿੰਘ,ਭਾਜਪਾ ਦੇ ਜ਼ਿਲਾ ਪ੍ਰਧਾਨ ਤਿਰਲੋਚਨ ਸਿੰਘ ਗਿੱਲ ,ਸੀਨੀਅਰ ਕਾਂਗਰਸੀ ਆਗੂ ਕੁਲਦੀਪ ਸਿੰਘ ਢੋਸ, ਆਮ ਆਦਮੀ ਪਾਰਟੀ ਆਗੂ ਐਡਵੋਕੇਟ ਰਮੇਸ਼ ਗਰੋਵਰ ,ਦਲਜੀਤ ਸਿੰਘ ਸਦਰਪੁਰਾ, ਡਿਪਟੀ ਕਮਿਸ਼ਨਰ ਦਿਲਰਾਜ ਸਿੰਘ ,ਐੱਸ ਐੱਸ ਪੀ ਰਾਜਜੀਤ ਸਿੰਘ ,ਬਰਜਿੰਦਰ ਸਿੰਘ ਮੱਖਣ ਸਿੰਘ ਬਰਾੜ, ਡਿਫੈਂਸ ਸਰਵਿਸ ਵੈਲਫੇਅਰ ਦੇ ਜ਼ਿਲਾ ਮੁੱਖੀ ਸੇਵਾ ਮੁਕਤ ਕਰਨਲ ਐੱਚ ਐੱਸ ਗਿੱਲ ,ਐੱਸ ਡੀ ਐੱਮ ਧਰਮਕੋਟ ਨਰਿੰਦਰ ਸਿੰਘ ਧਾਲੀਵਾਲ,ਡਾ: ਤਾਰਾ ਸਿੰਘ ਸੰਧੂ,ਲਾਡੀ ਢੋਸ,ਗੁਰਜੰਟ ਸਿੰਘ ਰਾਮੂੰਵਾਲਾ, ਨਰਿੰਦਰਪਾਲ ਸਿੰਘ ਸਿੱਧੂ ਕੌਂਸਲਰ,ਅਮਿਤ ਪੁਰੀ,ਗੁਰਪ੍ਰੀਤ ਸੱਚਦੇਵਾ,ਬੰਟੀ,ਕਮਲਜੀਤ ਸਿੰਘ ,ਸਰਪੰਚ ਗੁਰਿੰਦਰ ਸਿੰਘ,ਰਾਮਪਾਲ ਧਵਨ,ਪੀ ਏ ਅਵਤਾਰ ਸਿੰਘ ਤੋਂ ਇਲਾਵਾ ਪ੍ਰਸ਼ਾਸਨਿਕ ਅਧਿਕਾਰੀ ਹਾਜ਼ਰ ਸਨ। ਇਸ ਮੌਕੇ ਸੁਨੀਲ ਜਾਖੜ ਨੇ ਪਰਿਵਾਰ ਨਾਲ ਹਮਦਰਦੀ ਪ੍ਰਗਟਾਉਂਦਿਆਂ ਆਖਿਆ ਕਿ ਮੁਲਕ ਅਜਿਹੇ ਨੌਜਵਾਨਾਂ ਦੀਆਂ ਸ਼ਹਾਦਤਾਂ ਸਦਕਾ ਹੀ ਸਲਾਮਤ ਹੈ। ਉਹਨਾਂ ਕਿਹਾ ਕਿ ਆਜ਼ਾਦੀ ਤੋਂ ਬਾਅਦ ਪੰਡਿਤ ਜਵਾਹਰ ਲਾਲ ਨਹਿਰੂ ਅਤੇ ਹੋਰਨਾਂ ਨੇਤਾਵਾਂ ਵੱਲੋਂ ਭਾਰਤ ਨੂੰ ਗੁੱਟਨਿਰਲੇਪ ਲਹਿਰ ਨਾਲ ਜੋੜਨ ਸਦਕਾ ਦੇਸ਼ ਮਜਬੂਤ ਹੋਇਆ ਸੀ ਅਤੇ ਇਸੇ ਮਜਬੂਤੀ ਸਦਕਾ ਪਾਕਿਸਤਾਨ ਨੂੰ ਮੂੰਹ ਤੋੜਵੇਂ ਜਵਾਬ ਦਿੱਤੇ ਗਏ ਤੇ ਪਾਕਿਸਤਾਨ ਨੇ ਮੁੜ ਸਿਰ ਚੁੱਕਣ ਦੀ ਕੋਸ਼ਿਸ ਨਹੀਂ ਕੀਤੀ । ਉਹਨਾਂ ਕਿਹਾ ਕਿ ਹੁਣ ਜੇ ਚੀਨ ਅਤੇ ਪਾਕਿਸਤਾਨ ਭਾਰਤ ਲਈ ਨਿੱਤ ਨਵੀਆਂ ਚੁਣੌਤੀਆਂ ਖੜੀਆਂ ਕਰ ਰਹੇ ਨੇ ਤਾਂ ਕੇਂਦਰ ਸਰਕਾਰ ਨੂੰ ਮੁੜ ਤੋਂ ਵਿਦੇਸ਼ ਨੀਤੀ ਤੋਂ ਗੌਰ ਕਰਨਾ ਪਵੇਗਾ । ਉਹਨਾਂ ਆਖਿਆ ਕਿ ਦੇਸ਼ ਦੀ ਸੁਰੱਖਿਆ ਦੇ ਮਾਮਲੇ ਵਿਚ ਕਾਂਗਰਸ ਕੇਂਦਰ ਨਾਲ ਖੜੇਗੀ ਕਿਉਂਕਿ ਉਸ ਨੂੰ ਅਹਿਸਾਸ ਹੈ ਕਿ ਨੀਤੀ ਚਾਹੇ ਕੋਈ ਵੀ ਬਣਾਵੇ ਪਰ ਸਰਹੱਦ ਤੇ ਦੇਸ਼ ਦੀ ਖਾਤਰ ਸੀਨੇ ’ਤੇ ਗੋਲੀ ਫੌਜੀ ਜਵਾਨ ਨੂੰ ਹੀ ਖਾਣੀ ਪੈਂਦੀ ਹੈ। ਉਹਨਾਂ ਆਖਿਆ ਕਿ ਉਹ ਪੰਜਾਬੀ ਹਨ ਤੇ ਪੰਜਾਬੀਆਂ ਨੇ ਹਮੇਸ਼ਾਂ ਅਗਾਹ ਵਧ ਕੇ ਕੁਰਬਾਨੀਆਂ ਕੀਤੀਆਂ ਹਨ ਅਤੇ ਅੱਜ ਫੇਰ ਪੰਜਾਬ ਦਾ ਇਕ ਪੁੱਤਰ ਦੇਸ਼ ਲਈ ਸ਼ਹੀਦ ਹੋਇਆ ਹੈ। ਉਹਨਾਂ ਇਸ ਮੌਕੇ ਐਲਾਨ ਕੀਤਾ ਕਿ ਸ਼ਹੀਦ ਦੇ ਪਰਿਵਾਰ ਨੂੰ ਪੰਜਾਬ ਸਰਕਾਰ ਵੱਲੋਂ 10 ਲੱਖ ਰੁਪਏ ਅਤੇ ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇਗੀ । ਸ਼ਹੀਦ ਦੇ ਪਿਤਾ ਸਰਵਣ ਸਿੰਘ ਅਤੇ ਭੈਣ ਪਰਮਿੰਦਰ ਕੌਰ ਨੇ ਸਰਕਾਰ ਤੋਂ ਮੰਗ ਕੀਤੀ ਕਿ ਜਸਪ੍ਰੀਤ ਦੇ ਦੋਨਾਂ ਭਰਾਵਾਂ ਨੂੰ ਫੌਜ ਵਿਚ ਭਰਤੀ ਕੀਤਾ ਜਾਵੇ ਤਾਂ ਕਿ ਉਹ ਦੁਸ਼ਮਣ ਨੂੰ ਸਬਕ ਸਿਖਾ ਸਕਣ। ਪਰਿਵਾਰ ਨੇ ਮੰਗ ਕੀਤੀ ਕਿ ਸ਼ਹੀਦ ਜਸਪ੍ਰੀਤ ਸਿੰਘ ਦੀ ਯਾਦ ਵਿਚ ਪਿੰਡ ਤਲਵੰਡੀ ਮੱਲੀਆਂ ਵਿਖੇ ਢੁਕਵੀਂ ਯਾਦਗਾਰ ਬਣਾਈ ਜਾਵੇ।