ਮੁੱਖ ਮੰਤਰੀ ਵੱਲੋਂ ਸੁਰੇਸ਼ ਪ੍ਰਭੂ ਪਾਸੋਂ ਦੋ ਨਵੇਂ ਰੇਲ ਲਿੰਕ ਦੇ ਪ੍ਰਸਤਾਵ ’ਤੇ ਛੇਤੀ ਗੌਰ ਕਰਨ ਦੀ ਮੰਗ

ਚੰਡੀਗੜ, 18 ਜੁਲਾਈ (ਜਸ਼ਨ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਵਿੱਚ ਕਾਦੀਆਂ ਤੋਂ ਬਿਆਸ ਅਤੇ ਘਰਿਆਲਾ ਤੋਂ ਮੱਲਾਂਵਾਲਾ ਤੱਕ ਦੋ ਨਵੇਂ ਰੇਲ ਲਿੰਕ ਬਣਾਉਣ ਲਈ ਸੂਬਾ ਸਰਕਾਰ ਦੇ ਪ੍ਰਸਤਾਵ ’ਤੇ ਫੈਸਲਾ ਲੈਣ ਵਿੱਚ ਤੇਜ਼ੀ ਲਿਆਉਣ ਵਾਸਤੇ ਕੇਂਦਰੀ ਰੇਲ ਮੰਤਰੀ ਸੁਰੇਸ਼ ਪ੍ਰਭੂ ਨੂੰ ਪੱਤਰ ਲਿਖਿਆ ਹੈ। ਆਪਣੇ ਪੱਤਰ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਭਾਵੇਂ ਉਨਾਂ ਨੇ ਸੂਬੇ ਦੇ ਲੋਕ ਨਿਰਮਾਣ ਵਿਭਾਗ ਨੂੰ ਕੇਂਦਰੀ ਰੇਲ ਮੰਤਰਾਲੇ ਨਾਲ ਤਾਲਮੇਲ ਕਰਕੇ ਇਸ ਮਸਲੇ ਨੂੰ ਉਠਾਉਣ ਦੇ ਨਿਰਦੇਸ਼ ਦਿੱਤੇ ਹਨ ਪਰ ਉਹ ਇਨਾਂ ਦੋਵਾਂ ਮਾਮਲਿਆਂ ਨੂੰ ਅੰਤਮ ਰੂਪ ਦੇਣ ਜਾਂ ਛੇਤੀ ਫੈਸਲਾ ਲੈਣ ਬਾਰੇ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕਰਨ ਲਈ ਸ੍ਰੀ ਪ੍ਰਭੂ ਨੂੰ ਨਿੱਜੀ ਦਖ਼ਲ ਦੇਣ ਦੀ ਵੀ ਅਪੀਲ ਕਰਨਗੇ। ਮੁੱਖ ਮੰਤਰੀ ਨੇ ਕਿਹਾ ਕਿ ਉਨਾਂ ਨੇ 31 ਮਈ, 2017 ਨੂੰ ਇਕ ਪੱਤਰ ਲਿਖ ਕੇ ਕਾਦੀਆਂ-ਬਿਆਸ ਰੇਲਲਿੰਕ ਦੀ ਉਸਾਰੀ ਦੀ ਬੇਨਤੀ ਕੀਤੀ ਸੀ ਪਰ ਕੰਮ ਦੀ ਗਤੀ ਹੌਲੀ ਹੈ ਜਿਸ ਵਿੱਚ ਤੇਜ਼ੀ ਲਿਆਉਣ ਦੀ ਲੋੜ ਹੈ। ਘਰਿਆਲਾ-ਮੱਲਾਂਵਾਲਾ ਰੇਲ ਲਿੰਕ ਦਾ ਮਾਮਲਾ ਜਿਸ ਨੂੰ 31 ਮਈ ਨੂੰ ਵੀ ਉਠਾਇਆ ਗਿਆ ਸੀ, ਬਾਰੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਲਿੰਕ ਸਰਹੱਦੀ ਜ਼ਿਲਿਆਂ ਅੰਮਿ੍ਰਤਸਰ ਅਤੇ ਫਿਰੋਜ਼ਪੁਰ ਨੂੰ ਜੋੜਨ ਵਿੱਚ ਸਹਾਈ ਹੋਵੇਗਾ ਅਤੇ ਇਨਾਂ ਖਿੱਤਿਆਂ ਵਿੱਚ ਵਪਾਰ ਤੇ ਸਨਅਤ ਨੂੰ ਹੁਲਾਰਾ ਮਿਲੇਗਾ। ਸੂਬਾ ਸਰਕਾਰ ਨੇ ਅੰਮਿ੍ਰਤਸਰ-ਖੇਮਕਰਨ ਰੇਲ ਲਾਈਨ ’ਤੇ ਘਰਿਆਲਾ ਰੇਲਵੇ ਸਟੇਸ਼ਨ ਤੋਂ ਫਿਰੋਜ਼ਪੁਰ-ਜਲੰਧਰ ਲਾਈਨ ’ਤੇ ਮੱਲਾਂਵਾਲਾ ਤੱਕ 25 ਕਿਲੋਮੀਟਰ ਸੰਪਰਕ ਬਣਾਉਣ ਦੀ ਮੰਗ ਕੀਤੀ ਜੋ ਅੰਮਿ੍ਰਤਸਰ ਤੇ ਫਿਰੋਜ਼ਪੁਰ ਜ਼ਿਲਿਆਂ ਨੂੰ ਜੋੜਦੀ ਹੈ। ਮੁੱਖ ਮੰਤਰੀ ਨੇ ਸ੍ਰੀ ਪ੍ਰਭੂ ਨੂੰ ਪੰਜਾਬ ਤੇ ਇੱਥੋਂ ਦੇ ਲੋਕਾਂ ਦੇ ਹਿੱਤ ਵਿਚ ਇਸ ਪ੍ਰਸਤਾਵ ’ਤੇ ਛੇਤੀ ਗੌਰ ਕਰਨ ਨੂੰ ਯਕੀਨੀ ਬਣਾਉਣ ਲਈ ਨਿੱਜੀ ਦਖਲ ਦੇਣ ਦੀ ਮੰਗ ਕੀਤੀ ਹੈ।