‘ਸਮਾਰਟ ਕਾਰਡਾਂ’ ਨਾਲ ਲੋੜਵੰਦ ਪਰਿਵਾਰ ਸਵੈਮਾਣ ਨਾਲ ਦੁਕਾਨਾਂ ਤੋਂ ਖਰੀਦ ਸਕਣਗੇ ਰਾਸ਼ਨ-ਕਰਨਲ ਬਾਬੂ ਸਿੰਘ 

ਮੋਗਾ,18 ਜੁਲਾਈ (ਜਸ਼ਨ)- ਪੰਜਾਬ ਸਰਕਾਰ ਵੱਲੋਂ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਲੋਕਾਂ ਲਈ ਆਟਾ-ਦਾਲ ਸਕੀਮ ਦੀ ਥਾਂ ਹੁਣ ‘ਸਮਾਰਟ ਕਾਰਡ’ ਸਕੀਮ ਚਲਾਉਣਾ ਬੇਹੱਦ ਸ਼ਲਾਘਾਯੋਗ ਕਾਰਜ ਹੈ ਜਿਸ ਨਾਲ ਜਿੱਥੇ ਵਸਤਾਂ ਵੰਡਣ ਦਾ ਝੰਜਟ ਖਤਮ ਹੋਵੇਗਾ ਉੱਥੇ  ਘਪਲੇਬਾਜੀ ਦਾ ਡਰ ਵੀ ਖਤਮ ਹੋਵੇਗਾ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਾਂਗਰਸ ਦੇ ਜ਼ਿਲਾ ਪ੍ਰਧਾਨ ਕਰਨਲ ਬਾਬੂ ਸਿੰਘ ਨੇ ‘ਸਾਡਾ ਮੋਗਾ ਡੌਟ ਕੌਮ ’ ਨਿੳੂਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਕੀਤਾ । ਕਰਨਲ ਬਾਬੂ ਸਿੰਘ ਨੇ ਆਖਿਆ ਕਿ ਪੰਜਾਬ ਸਰਕਾਰ ਵੱਲੋਂ ਇਹ ਕਾਰਡ ਸਿਰਫ ਔਰਤਾਂ ਦੇ ਨਾਂ ‘ਤੇ ਹੀ ਬਣਾਏ ਜਾਣਗੇ ਜਿਸ ਨਾਲ ਮਹਿਲਾਵਾਂ ਨੂੰ ਆਪਣੇ ਪਰਿਵਾਰ ਦੇ ਪਾਲਣ ਪੋਸ਼ਣ ਦੀ ਚਿੰਤਾ ਖਤਮ ਹੋ ਜਾਵੇਗੀ ।  ਉਹਨਾਂ ਕਿਹਾ ਕਿ ਕੈਪਟਨ ਸਰਕਾਰ ਨੇ ਆਟਾ-ਦਾਲ ਸਕੀਮ ‘ਚ ਵਾਧਾ ਕਰਦਿਆਂ ਇਸ ਨਾਲ ਚਾਹ-ਪੱਤੀ ਅਤੇ ਚੀਨੀ ਆਦਿ ਵਸਤਾਂ ਨੂੰ ਸ਼ਾਮਲ ਕਰਕੇ ਆਪਣੇ ਚੋਣ ਮਨੋਰਥ ਪੱਤਰ ਵਿਚ ਕੀਤੇ ਵਾਅਦੇ ਨੂੰ ਪੂਰਾ ਕੀਤਾ ਹੈ। ਜ਼ਿਲਾ ਪ੍ਰਧਾਨ ਕਰਨਲ ਬਾਬੂ ਸਿੰਘ ਨੇ ਆਖਿਆ ਕਿ ਕੈਪਟਨ ਸਾਹਿਬ ਵੱਲੋਂ ਲਏ ਫੈਸਲੇ ਮੁਤਾਬਕ ਸਮਾਰਟ ਕਾਰਡ ਨੂੰ ਬੈਂਕ ਖਾਤਿਆਂ ਨਾਲ ਜੋੜ ਕੇ ਬਣਦੀ ਰਕਮ ਖਾਤਿਆਂ ਵਿਚ ਟਰਾਂਸਫਰ ਕੀਤੀ ਜਾਵੇਗੀ। ਉਹਨਾਂ ਦੱਸਿਆ ਕਿ ਇਹ ਰਕਮ ਹਰੇਕ ਪਰਿਵਾਰ ਦੇ ਜੀਆਂ ਦੇ ਹਿਸਾਬ ਨਾਲ ਉਕਤ ਵਸਤਾਂ ਦੇ ਮੁੱਲ ਦੇ ਬਰਾਬਰ ਹੋਵੇਗੀ ਤੇ ਇੰਝ ਲੋੜਵੰਦ ਪਰਿਵਾਰਾਂ ਨੂੰ ਹੁਣ ਰਾਸ਼ਨ ਲੈਣ ਲਈ ਕਤਾਰਾਂ ਵਿਚ ਨਹੀਂ ਲੱਗਣਾ ਪਵੇਗਾ ਜਿਸ ਨਾਲ ਉਹਨਾਂ ਦੇ ਦਿਹਾੜੀ ’ਤੇ ਜਾਣ ਵਾਲੇ ਸਮੇਂ ਦੀ ਬੱਚਤ ਹੋਵੇਗੀ ਅਤੇ ਇਹ ਪਰਿਵਾਰ ਸਵੈਮਾਣ ਨਾਲ ਸਿੱਧੇ ਦੁਕਾਨਾਂ ’ਤੇ ਜਾ ਕੇ ਆਪਣੀ ਲੋੜ ਅਨੁਸਾਰ ਰਾਸ਼ਨ ਲੈਣ ਦੇ ਸਮਰੱਥ ਵੀ ਹੋਣਗੇ।