ਔਰਬਿੱਟ ਬੱਸ ਕਾਂਡ ਦੇ ਸਾਰੇ ਦੋਸ਼ੀ ਅਦਾਲਤ ਵੱਲੋਂ ਬਰੀ 

ਮੋਗਾ, 17 ਜੁਲਾਈ (ਜਸ਼ਨ)-ਜ਼ਿਲਾ ਮੋਗਾ ਦੀ ਮਾਣਯੋਗ ਅਦਾਲਤ ਦੇ ਐਡੀਸ਼ਨਲ ਸ਼ੈਸ਼ਨ ਜੱਜ ਸ਼੍ਰੀਮਤੀ ਲਖਵਿੰਦਰ ਕੌਰ ਦੁੱਗਲ ਨੇ 29 ਅਪਰੈਲ 2015 ਨੂੰ ਬਾਘਾਪੁਰਾਣਾ ਨੇੜੇ ਔਰਬਿੱਟ ਬੱਸ ਵਿਚੋਂ ਡਿੱਗਣ ਕਾਰਨ ਨਬਾਲਿਗ ਲੜਕੀ ਅਰਸ਼ਦੀਪ ਕੌਰ ਦੀ ਮੌਤ ਦੇ ਮਾਮਲੇ ਵਿਚ ਨਾਮਜ਼ਦ ਸਾਰੇ ਵਿਅਕਤੀਆਂ ਨੂੰ ਅੱਜ ਬਰੀ ਕਰ ਦਿੱਤਾ । ਅਕਾਲੀ ਭਾਜਪਾ ਸਰਕਾਰ ਸਮੇਂ ਔਰਬਿੱਟ ਬੱਸ ਹਾਦਸੇ ਦੇ ਮਾਮਲੇ ਦਾ ਇਹ ਮੁੱਦਾ ਦੇਸ਼ ਭਰ ਵਿਚ ਉਠਿਆ ਸੀ ਜਦੋਂ ਬਾਦਲ ਪਰਿਵਾਰ ਦੇ ਹਿੱਸੇਦਾਰੀ ਵਾਲੀ ਬੱਸ ਵਿਚੋਂ ਨਾਬਾਲਿਗ ਲੜਕੀ ਅਰਸ਼ਦੀਪ ਕੌਰ ਦੇ ਛਾਲ ਮਾਰਨ ਕਰਕੇ ਮੌਤ ਹੋ ਗਈ ਸੀ । ਇਸ ਮਾਮਲੇ ਵਿਚ ਮੋਗਾ ਪੁਲਿਸ ਨੇ ਲੜਕੀ ਦੀ ਮਾਂ ਦੇ ਬਿਆਨਾਂ ’ਤੇ ਬੱਸ ਦੇ ਡਰਾਈਵਰ ,ਕੰਡਕਟਰ,ਸਹਾਇਕ ਅਤੇ ਇਕ ਹੋਰ ਵਿਅਕਤੀ ਖਿਲਾਫ਼ ਮੁਕੱਦਮਾ ਦਰਜ ਕੀਤਾ ਸੀ । ਅਦਾਲਤੀ ਪਰਿਕਿਰਿਆ ਦੌਰਾਨ ਲੜਕੀ ਦੀ ਮਾਂ ਛਿੰਦਰ ਕੌਰ ਸਮੇਤ ਸਾਰੇ ਗਵਾਹ ਆਪਣੇ ਬਿਆਨਾਂ ਤੋਂ ਬਦਲ ਗਏ। ਸਬੂਤਾਂ ਦੀ ਘਾਟ ਕਾਰਨ ਮਾਣਯੋਗ ਅਦਾਲਤ ਨੇ ਪੁਲਿਸ ਵੱਲੋਂ ਮੁਕਦਮੇਂ ਵਿਚ ਨਾਮਜ਼ਦ ਕੀਤੇ ਕਥਿਤ ਦੋਸ਼ੀਆਂ ਨੂੰ ਬਰੀ ਕਰ ਦਿੱਤਾ । ਅਕਾਲੀ ਭਾਜਪਾ ਸਰਕਾਰ ਲਈ ਸਿਰਦਰਦੀ ਬਣੇ ਰਹੇ ਔਰਬਿਟ ਬੱਸ ਮਾਮਲੇ ਨੂੰ ਲੈ ਕੇ ਮੋਗਾ ਵਿਖੇ ਲਗਾਤਾਰ 15 ਦਿਨਾਂ ਤੱਕ ਸੰਘਰਸ਼ ਚੱਲਦਾ ਰਿਹਾ ਅਤੇ ਪੀੜਤ ਪਰਿਵਾਰ ਨਾਲ ਹਮਦਰਦੀ ਪ੍ਰਗਟਾਉਣ ਲਈ  ਸੂਬੇ ਦੇ ਮੌਜੂਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸੰਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ, ਪੰਜਾਬ ਪ੍ਰਦੇਸ਼ ਕਾਂਗਰਸ ਦੇ ਮੌਜੂਦਾ ਪ੍ਰਧਾਨ ਸੁਨੀਲ ਜਾਖੜ, ਆਮ ਆਦਮੀ ਪਾਰਟੀ ਦੇ ਬਾਗੀ ਆਗੂ ਯੋਗਿੰਦਰ ਯਾਦਵ ,ਸੁੱਚਾ ਸਿੰਘ ਛੋਟੇਪੁਰ ,ਐੱਸ. ਸੀ. ਕਮਿਸ਼ਨ ਭਾਰਤ ਸਰਕਾਰ ਦੇ ਚੇਅਰਮੈਨ ਡਾ. ਪੂਨੀਆ, ਉਪ ਚੇਅਰਮੈਨ ਡਾ. ਰਾਜਕੁਮਾਰ ਵੇਰਕਾ ਸਮੇਤ ਦੇਸ਼ ਭਰ ਦੇ ਲੀਡਰਾਂ ਨੇ ਮੋਗਾ ਪਹੁੰਚ ਕੇ ਬਾਦਲਾਂ ਦੀ ਮਾਲਕੀ ਵਾਲੀ ਔਰਬਿੱਟ ਬੱਸ ਸਰਵਿਸ ਦੇ ਕਰਿੰਦਿਆਂ ਖਿਲਾਫ ਜਬਰਦਸਤ ਆਵਾਜ਼ ਉਠਾਈ ਸੀ। ਦੇਸ਼ ਭਰ ਵਿਚ ਸੁਰਖੀਆਂ ਵਿਚ ਆਏ ਇਸ ਮਾਮਲੇ ਦੇ ਤੂਲ ਫੜਦਿਆਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਲੜਕੀ ਦੇ ਅੰਤਿਮ ਸੰਸਕਾਰ ਵਿਚ ਤਾਂ ਸ਼ਮੂਲੀਅਤ ਨਹੀਂ ਕੀਤੀ ਪਰ ਉਸੇ ਦਿਨ ਦੇਰ ਸ਼ਾਮ ਰੈਸਟ ਹਾੳੂਸ ਵਿਚ ਜਥੇਦਾਰ ਤੋਤਾ ਸਿੰਘ ਦੇ ਸੁਹਿਰਦ ਯਤਨਾਂ ਨਾਲ ਇਸ ਨੂੰ ਗੱਲਬਾਤ ਰਾਹੀਂ ਹੱਲ ਕਰਕੇ ਪੀੜਤ ਪਰਿਵਾਰ ਦੀ ਮੁਲਾਕਾਤ ਪ੍ਰਕਾਸ਼ ਸਿੰਘ ਬਾਦਲ ਨਾਲ ਕਰਵਾਈ ਅਤੇ ਪਰਿਵਾਰ ਦੀ ਮਾਲੀ ਸਹਾਇਤਾ ਦੇ ਨਾਲ ਨਾਲ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦਾ ਵਾਅਦਾ ਕੀਤਾ ,ਜਿਸ ਸਦਕਾ ਇਹ ਮਾਮਲਾ ਠੰਡਾ ਪਿਆ । ਸਰਕਾਰ ’ਤੇ ਵੱਧਦੇ ਦਬਾਅ ਕਾਰਨ ਇਸ ਮਾਮਲੇ ਵਿਚ ਮੋਗਾ ਪੁਲਸ ਨੇ ਮਿ੍ਰਤਕ ਲੜਕੀ ਦੀ ਮਾਤਾ ਛਿੰਦਰ ਕੌਰ ਪਤਨੀ ਸੁਖਦੇਵ ਸਿੰਘ ਦੇ ਬਿਆਨਾਂ ‘ਤੇ ਔਰਬਿਟ ਬੱਸ ਦੇ ਚਾਲਕ ਰਣਜੀਤ ਸਿੰਘ, ਕੰਡਕਟਰ ਪਰਮਿਦੰਰ ਸਿੰਘ ਉਰਫ ਪੰਮਾ, ਬੱਸ ਸਹਾਇਕ ਗੁਰਦੀਪ ਸਿੰਘ ਜਿੰਮੀ ਵਾਸੀ ਮੋਗਾ ਅਤੇ ਅਮਰਰਾਮ ਵਾਸੀ ਚੱਕ ਬਖਤੂ ਖਿਲਾਫ ਮਾਮਲਾ ਦਰਜ ਕੀਤਾ ਸੀ ਪਰ ਇਸ ਮਾਮਲੇ ਵਿਚ ਪੀੜਤ ਧਿਰ ਛਿੰਦਰ ਕੌਰ ਸਮੇਤ ਹੋਰ ਸਾਰੇ ਗਵਾਹ ਆਪਣੇ ਬਿਆਨਾਂ ਤੋਂ ਮੁਕਰ ਗਏ ਜਿਸ ਕਾਰਨ ਅੱਜ ਇਸ ਮਾਮਲੇ ਦਾ ਨਿਪਟਾਰਾ ਕਰਦਿਆਂ ਐਡੀਸ਼ਨਲ ਸੈਸ਼ਨ ਜ਼ਿਲਾ ਜੱਜ ਲਖਵਿੰਦਰ ਕੌਰ ਦੁੱਗਲ ਨੇ ਸਬੂਤਾਂ ਦੀ ਘਾਟ ਕਾਰਨ ਮਾਮਲੇ ਵਿਚ ਨਾਮਜ਼ਦ ਸਾਰੇ ਮੁਜ਼ਰਮਾਂ ਨੂੰ ਬਰੀ ਕਰ ਦਿੱਤਾ। ਘਟਨਾ ਤੋਂ ਪੰਜ ਦਿਨਾਂ ਬਾਅਦ ਪੰਜਾਬ ਦੇ ਤੱਤਕਾਲੀਨ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਤੱਤਕਾਲੀਨ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਪੀੜਤ ਪਰਿਵਾਰ ਨਾਲ ਮੁਲਾਕਾਤ ਕਰਕੇ ਲਗਭਗ 30 ਲੱਖ ਰੁਪਏ ਮੁਆਵਜ਼ਾ ਰਾਸ਼ੀ ਦਿੱਤੀ ਸੀ। ਇੱਥੇ ਇਹ ਵੀ ਜ਼ਿਕਰ ਕਰਨਾ ਬਣਦਾ ਹੈ ਕਿ ਮੌਜੂਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉਸ ਸਮੇਂ ਪੀੜਤ ਪਰਿਵਾਰ ਨੂੰ ਮਿਲਣ ਮੋਗਾ ਦੇ ਸਿਵਲ ਹਸਪਤਾਲ ਪਹੰੁਚੇ ਸਨ ਅਤੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਪੀੜਤ ਪਰਿਵਾਰ ਨੂੰ ਮਾਲੀ ਸਹਾਇਤਾ ਵੀ ਦਿੱਤੀ ਸੀ।