ਪੀਐਸਯੂ ਨੇ ਦਲਿਤ ਵਿਦਿਆਰਥੀਆਂ ਦੇ ਦਾਖਲੇ ਰੋਕਣ ਨੂੰ ਲੈ ਕੇ ਡੀਸੀ ਨੂੰ ਦਿੱਤਾ ਮੰਗ ਪੱਤਰ
ਮੋਗਾ,17 ਜੁਲਾਈ (ਜਸ਼ਨ) -ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਗੁਰੂ ਨਾਨਕ ਕਾਲਜ ਮੋਗਾ ਦੇ ਦਲਿਤ ਵਿਦਿਆਰਥੀਆਂ ਦੇ ਦਾਖਲੇ ਰੋਕਣ ਅਤੇ ਕਾਲਜ ਬਦਲਣਾ ਚਾਹੁਣ ਵਾਲੇ ਵਿਦਿਆਰਥੀਆਂ ਦੇ ਕਰੈਕਟਰ ਸਰਟੀਫਿਕੇਟ ਨਾ ਦੇਣ ਖਿਲਾਫ ਡੀ ਸੀ ਮੋਗਾ ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਸੂਬਾ ਵਿੱਤ ਸਕੱਤਰ ਕਰਮਜੀਤ ਕੋਟਕਪੂਰਾ ਨੇ ਦੱਸਿਆ ਕਿ ਪਿਛਲੇ ਸਾਲ ਵਿਦਿਆਰਥੀਆਂ ਦੇ ਫੀਸ ਨਾ ਭਰਨ ਕਰਕੇ ਰੋਲ ਨੰਬਰ ਰੋਕੇ ਗਏ ਸਨ, ਜਿਸ ਕਰਕੇ ਵਿਦਿਆਰਥੀਆਂ ਨੂੰ ਸੰਘਰਸ਼ ਦਾ ਰਸਤਾ ਅਖਤਿਆਰ ਕਰਨਾ ਪਿਆ ਸੀ। ਇਸੇ ਸੰਘਰਸ਼ ਸਦਕਾ ਕਾਲਜ ਵੱਲੋਂ ਵਿਦਿਆਰਥੀਆਂ ਨੂੰ ਦਾਖਲਾ ਨਹੀਂ ਦਿੱਤਾ ਜਾ ਰਿਹਾ ਅਤੇ ਪੂਰੀ ਫੀਸ ਮੰਗੀ ਜਾ ਰਹੀ ਹੈ। ਉਨਾਂ ਮੰਗ ਕੀਤੀ ਕਿ ਵਿਦਿਆਰਥੀਆਂ ਦੇ ਦਾਖਲੇ ਬਿਨਾਂ ਫੀਸ ਲਿਆ ਪਿਛਲੇ ਸਾਲ ਦੇ ਪੈਟਰਨ ਦੇ ਆਧਾਰ ’ਤੇ ਕੀਤੇ ਜਾਣ, ਕਾਲਜ ਛੱਡਣਾ ਚਾਹੁਣ ਵਾਲੇ ਵਿਦਿਆਰਥੀਆਂ ਨੂੰ ਬਿਨਾਂ ਫੀਸ ਲਿਆ ਚਰਿੱਤਰ ਸਰਟੀਫਿਕੇਟ ਦਿੱਤੇ ਜਾਣ, ਵਿਦਿਆਰਥੀਆਂ ਦੇ ਦਾਖਲੇ ਰੋਕ ਕੇ ਕਾਲਜ ਨੇ ਐਸਸੀ/ਐਸਟੀ ਐਕਟ, ਰਾਈਟ-ਟੂ-ਐਜੂਕੇਸ਼ਨ ਐਕਟ ਦੀ ਉਲੰਘਣਾ ਕੀਤੀ ਹੈ, ਇਸ ਲਈ ਕਾਲਜ ਖਿਲਾਫ ਐਸਸੀ, ਐਸਟੀ ਐਕਟ ਤਹਿਤ ਪਰਚਾ ਦਰਜ ਕੀਤਾ ਜਾਵੇ। ਇਸ ਮੌਕੇ ਡੀ.ਸੀ. ਮੋਗਾ ਨੇ ਵਿਸ਼ਵਾਸ਼ ਦਿਵਾਇਆ ਕਿ ਉਨਾਂ ਦੀਆਂ ਮੰਗਾਂ ਦਾ ਜਲਦ ਹੀ ਹੱਲ ਕੀਤਾ ਜਾਵੇਗਾ। ਆਗੂਆਂ ਨੇ ਕਿਹਾ ਕਿ ਜੇ ਮਸਲੇ ਨੂੰ ਗੰਭੀਰਤਾ ਨਾਲ ਨਾ ਲਿਆ ਗਿਆ ਤਾਂ ਇਕ ਦੋ ਦਿਨਾਂ ਤੱਕ ਅਗਲਾ ਸੰਘਰਸ਼ ਉਲੀਕਿਆ ਜਾਵੇਗਾ। ਇਸ ਮੌਕੇ ਜਗਵੀਰ ਕੌਰ, ਮਨਪ੍ਰੀਤ ਕੌਰ, ਦਵਿੰਦਰ ਸਿੰਘ, ਜੀਵਨ ਕੌਰ, ਵੀਰਪਾਲ ਕੌਰ, ਮਨਦੀਪ ਕੌਰ, ਸੰਦੀਪ ਸਿੰਘ, ਜਸਪ੍ਰੀਤ ਕੌਰ ਆਦਿ ਹਾਜਰ ਸਨ।