ਡੇਅਰੀ ਟ੍ਰੇਨਿੰਗ ਸੈਂਟਰ ਗਿੱਲ ਵਿਖੇ ਦੁੱਧ ਪਦਾਰਥ ਬਣਾਉਣ ਸਬੰਧੀ ਟ੍ਰੇਨਿੰਗ 28 ਅਗਸਤ ਤੋਂ 11 ਅਕਤੂਬਰ ਤੱਕ

ਮੋਗਾ 17 ਜੁਲਾਈ:  (ਜਸ਼ਨ)- ਡੇਅਰੀ ਵਿਕਾਸ ਵਿਭਾਗ ਤੇ ਪੰਜਾਬ ਡੇਅਰੀ ਵਿਕਾਸ ਬੋਰਡ ਰਾਹੀਂ ਖੇਤੀਬਾੜੀ ਵਿੱਚ ਵਿਭਿੰਨਤਾ ਲਿਆਉਣ ਅਤੇ ਕਿਸਾਨਾਂ ਨੂੰ ਡੇਅਰੀ ਧੰਦੇ ਸਬੰਧੀ ਤਕਨੀਕੀ ਗਿਆਨ ਦੇਣ ਲਈ ਵਿਸ਼ੇਸ ਉਪਰਾਲੇ ਕੀਤੇ ਜਾ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਮੋਗਾ ਦਿਲਰਾਜ ਸਿੰਘ ਨੇ ਦੱਸਿਆ ਕਿ ਜ਼ਿਲੇ ਵਿੱਚ ਚਾਲੂ ਮਾਲੀ ਸਾਲ ਦੌਰਾਨ 80 ਸਿਖਿਆਰਥੀਆਂ ਨੂੰ ਡੇਅਰੀ ਟ੍ਰੇਨਿੰਗ ਦਿੱਤੀ ਜਾ ਚੁੱਕੀ ਹੈ ਅਤੇ ਵੱਖ-ਵੱਖ ਬੈਂਕਾਂ ਪਾਸੋਂ 40 ਡੇਅਰੀ ਯੂਨਿਟ ਸਥਾਪਿਤ ਕਰਵਾ ਕੇ 75 ਲੱਖ 70 ਹਜ਼ਾਰ  ਰੁਪਏ ਦੀ ਰਾਸ਼ੀ ਲਾਭਪਾਤਰੀਆਂ ਨੂੰ ਮੁਹੱਈਆ ਕਰਵਾਈ ਗਈ ਹੈ। ਉਨਾਂ ਕਿਹਾ ਕਿ ਦੁੱਧ ਉਤਪਾਦਕ ਕਿਸਾਨ ਦੁੱਧ ਤੋਂ ਪਦਾਰਥ ਤਿਆਰ ਕਰਕੇ ਸਿੱਧਾ ਮੰਡੀਕਰਨ ਕਰਕੇ ਵਧੇਰੇ ਲਾਭ ਪ੍ਰਾਪਤ ਕਰ ਸਕਦੇ ਹਨ। ਡਿਪਟੀ ਡਾਇਰੈਕਟਰ ਡੇਅਰੀ ਸ੍ਰੀ ਰਣਦੀਪ ਕੁਮਾਰ ਹਾਂਡਾ ਨੇ ਦੱਸਿਆ ਕਿ ਦੁੱਧ ਪਦਾਰਥ ਤਿਆਰ ਕਰਨ ਸਬੰਧੀ ਇੱਕ ਟ੍ਰੇਨਿੰਗ 28 ਅਗਸਤ ਤੋਂ 11 ਅਕਤੂਬਰ ਤੱਕ  ਮੋਗਾ ਜ਼ਿਲੇ ਦੇ ਪਿੰਡ ਗਿੱਲ ਵਿਖੇ ਸਥਿਤ ਡੇਅਰੀ ਸਿਖਲਾਈ ਕੇਂਦਰ ਵਿਖੇ ਲਗਾਈ ਜਾਵੇਗੀ, ਜਿਸ ਵਿੱਚ ਸਿਖਿਆਰਥੀਆਂ ਨੂੰ ਦੁੱਧ ਤੋਂ ਪਦਾਰਥ ਤਿਆਰ ਕਰਨ ਦੀ ਟ੍ਰੇਨਿੰਗ ਦਿੱਤੀ ਜਾਵੇਗੀ। ਉਨਾਂ ਦੱਸਿਆ ਕਿ ਇਸ ਸਬੰਧੀ ਕੌਂਸਲਿੰਗ 18 ਅਗਸਤ ਨੂੰ ਦਫ਼ਤਰ ਡਿਪਟੀ ਡਾਇਰੈਕਟਰ ਡੇਅਰੀ, ਡੇਅਰੀ ਟ੍ਰੇਨਿੰਗ ਸੈਂਟਰ, ਪਿੰਡ ਗਿੱਲ ਜ਼ਿਲਾ ਮੋਗਾ ਵਿਖੇ ਰੱਖੀ ਗਈ ਹੈ। ਉਨਾਂ ਕਿਹਾ ਕਿ  ਉਮੀਦਵਾਰ ਘੱਟੋ-ਘੱਟ ਦਸਵੀਂ ਪਾਸ ਤੇ ਉਮਰ 18 ਤੋ 45 ਸਾਲ ਹੋਣੀ ਚਾਹੀਦੀ ਹੈ। ਉਮੀਦਵਾਰ ਆਪਣੇ ਨਾਲ ਅਧਾਰ ਕਾਰਡ, ਰਾਸ਼ਨ ਕਾਰਡ, ਵੋਟਰ ਕਾਰਡ ਅਤੇ ਸਕੂਲ ਸਰਟੀਫ਼ਿਕੇਟ ਲੈ ਕੇ ਆਉਣ ਅਤੇ ਟ੍ਰੇਨਿੰਗ ਦਾ ਲਾਭ ਉਠਾਉਣ। ਉਨਾਂ ਦੱਸਿਆ ਕਿ ਵਧੇਰੇ ਜਾਣਕਾਰੀ ਲਈ ਦਫ਼ਤਰ ਦੇ ਟੈਲੀਫ਼ੋਨ ਨੰਬਰ 01636-242480 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।