ਸਿਹਤ ਵਿਭਾਗ ਦੇ ਡਾਇਰੈਕਟਰ ਨੇ ਪੈਰਾ-ਮੈਡੀਕਲ ਕਾਮਿਆਂ ਦੀਆਂ ਮੰਗਾਂ ਮੰਨਣ ਦੀ ਭਰੀ ਹਾਮੀ
ਮੋਗਾ, 16 ਜੁਲਾਈ (ਜਸ਼ਨ)- ਪੈਰਾਮੈਡੀਕਲ ਤੇ ਸਿਹਤ ਕਰਮਚਾਰੀ ਯੂਨੀਅਨ ਪੰਜਾਬ ਦੀ ਤਾਲਮੇਲ ਕਮੇਟੀ ਨਾਲ ਹੋਈ ਪੈਨਲ ਮੀਟਿੰਗ ਵਿੱਚ ਸਿਹਤ ਵਿਭਾਗ ਦੇ ਡਾਇਰੈਕਟਰ ਡਾ. ਰਾਜੀਵ ਭੱਲਾ ਨੇ ਯੂਨੀਅਨ ਦੀਆਂ ਮੰਗਾਂ ਮੰਨਣ ਦਾ ਹਾਮੀ ਭਰੀ ਹੈ। ਸਰਕਾਰ ਬਦਲਣ ਤੋਂ ਸਾਬਕਾ ਡਾਇਰੈਕਟਰ ਐਚ.ਐਸ. ਬਾਲੀ ਦੇ ਅਸਤੀਫੇ ਬਾਅਦ ਸਿਹਤ ਮਹਿਕਮੇ ਦੇ ਕਰਮਚਾਰੀਆਂ ਦੀਆਂ ਮੰਗਾਂ ਉਸੇ ਤਰਾਂ ਹੀ ਲਟਕਦੀਆਂ ਆ ਰਹੀਆਂ ਸਨ ਤੇ ਇਹ ਨਵੀਂ ਸਰਕਾਰ ਦੌਰਾਨ ਪਹਿਲਾ ਮੌਕਾ ਹੈ ਕਿ ਸਿਹਤ ਮਹਿਕਮੇ ਦੀ ਮੁੱਖ ਯੂਨੀਅਨ ਦੀ ਗੱਲਾਂ ਵੱਲ ਵਿਭਾਗ ਨੇ ਧਿਆਨ ਦਿੱਤਾ ਹੈ। ਯੂਨੀਅਨ ਦੇ ਕੁਲਬੀਰ ਸਿੰਘ ਢਿੱਲੋਂ ਦੀ ਅਗਵਾਈ ‘ਚ ਹੋਈ ਮੀਟਿੰਗ ਬਾਰੇ ਪ੍ਰੈੱਸ ਨੋਟ ਜਾਰੀ ਕਰਦਿਆਂ ਸੂਬਾ ਕਨਵੀਨਰ ਰਵਿੰਦਰ ਲੂਥਰਾ ਨੇ ਦੱਸਿਆ ਕਿ ਵਿਭਾਗ ਵਿੱਚ ਐਡਹਾਕ, ਕੱਚੇ, ਆਊਟਸੋਰਸਿੰਗ ਤੇ ਕੌਮੀ ਸਿਹਤ ਮਿਸ਼ਨ ਤੇ ਡੀ.ਐਚ.ਐਸ. ਅਧੀਨ ਕੰਮ ਕਰ ਰਹੇ ਮੁਲਾਜ਼ਮਾਂ ਨੂੰ ਪੱਕਾ ਕਰਨਾ ਮੁਢਲੀ ਮੰਗ ਹੈ ਜਦਕਿ ਕਰਮਚਾਰੀਆਂ ਦਾ ਡੀ.ਡੀ.ਓ. ਪੱਧਰ ‘ਤੇ ਜੀ.ਪੀ.ਐਫ. ਦਾ ਹਿਸਾਬ ਰੱਖਣਾ ਤੇ ਆਨਲਾਈਨ ਕਰਨਾ, ਐਸ.ਐਸ. ਤੇ ਐਲ.ਟੀ. ਦਿ ਅਸਾਮੀ ਦੀ ਰਚਨਾ ਬਲਾਕ ਪੱਧਰ ‘ਤੇ ਕਰਨਾ, ਕੈਟਾਗਿਰੀ ਸੀ ਵਿੱਚ ਆਉਂਦੇ ਮੁਲਾਜ਼ਮਾਂ ਦੇ ਏ.ਸੀ.ਪੀ. ਦੇ ਕੇਸਾਂ ਦਾ ਨਿਪਟਾਰਾ ਸਿਵਲ ਸਰਜਨ ਪੱਧਰ ‘ਤੇ ਕਰਨਾ, ਦਰਜਾ ਚਾਰ ਤੋਂ ਦਰਜਾ ਤਿੰਨ ਦੀਆਂ ਤਰੱਕੀਆਂ ਤੁਰੰਤ ਕਰਨ, 1186 ਡਿਸਪੈਂਸਰੀਆਂ ਦਾ ਪ੍ਰਬੰਧ ਮੁੜ ਸਿਹਤ ਵਿਭਾਗ ਹੇਠ ਲਿਆਉਣ, ਸੀਨੀਅਰਤਾ ਸੂਚੀਆਂ ‘ਚ ਸੋਧ ਕਰਕੇ ਲੰਬਿਤ ਤਰੱਕੀਆਂ ਤੁਰੰਤ ਕਰਨ, ਫਾਰਮਾਸਿਸਟਾਂ ਦੇ ਸੇਵਾਕਾਲ ਵਿੱਚ ਇੱਕ ਸਾਲ ਦਾ ਵਾਧਾ ਕਰਨ, ਖਾਲੀ ਅਸਾਮੀਆਂ ‘ਤੇ ਅਤੇ ਆਪਸੀ ਸਹਿਮਤੀ ਵਾਲੀਆਂ ਬਦਲੀਆਂ ਕਰਨ, ਪੈਰਾਮੈਡੀਕਲ ਅਧੀਨ ਆਉਂਦੀ ਬੀ ਕੈਟਾਗਿਰੀ ਦੇ ਸਰਵਿਸ ਰੂਲ ਤੁਰੰਤ ਤਿਆਰ ਕਰਨ, ਸਿਹਤ ਵਿਭਾਗ ਅਧੀਨ 2210 ਤੇ 2211 ਮਦ ਅਧੀਨ ਸਾਰਾ ਸਾਲ ਸਮੇਂ ਸਿਰ ਬੱਜਟ ਜਾਰੀ ਕਰਨ ਦਾ ਪ੍ਰਬੰਧ ਕਰਨ, ਸਕੀਮਾਂ ਅਧੀਨ ਤਨਖਾਹਾਂ ਨਿਰਵਿਘਨ ਜਾਰੀ ਕਰਨ, ਮਹਿਲਾ ਕਰਮੀਆਂ ਦੀ ਛੁੱਟੀ 180 ਦਿਨ ਕਰਨ ਆਦਿ ਮੰਗਾਂ ‘ਤੇ ਡਾਇਰੈਕਟਰ ਨੇ ਹਾਂ ਪੱਖੀ ਰਵੱਈਆ ਅਖਤਿਆਰ ਕੀਤਾ ਹੈ ਤੇ ਅਧਿਕਾਰੀਆਂ ਨੂੰ ਮੌਕੇ ‘ਤੇ ਹਦਾਇਤਾਂ ਦੇ ਕੇ ਬਹੁਤ ਸਾਰੇ ਮਸਲੇ ਤੁਰੰਤ ਨਿਬੇੜਨ ਦੇ ਹੁਕਮ ਜਾਰੀ ਕੀਤੇ। ਇਸ ਮੌਕੇ ਗੁਲਜ਼ਾਰ ਖਾਂ, ਇੰਦਰਜੀਤ ਸਿੰਘ ਮਰਹਾਣਾ, ਮੁਖਤਿਆਰ ਸਿੰਘ, ਚੰਨਣ ਸਿੰਘ, ਸੁਨੀਲ ਦੱਤ ਸ਼ਰਮਾਂ, ਹਰਮੰਦਰਪਾਲ, ਗਗਨਦੀਪ ਸਿੰਘ ਬਠਿੰਡਾ, ਕੁਲਵਿੰਦਰ ਸਿੰਘ, ਸੁਨੀਲ ਸਿੰਗਲਾ, ਰਾਕੇਸ਼ ਹੁਸ਼ਿਆਰਪੁਰ, ਹਰਜਿੰਦਰ ਅਨੇਜਾ, ਰਮਨ ਅੱਤਰੀ, ਜਰਨੈਲ ਬਰਨਾਲਾ, ਸੁਰਜੀਤ ਸਿੰਘ, ਗੁਰਦੀਪ ਸਿੰਘ, ਤੀਰਥ ਸਿੰਘ,ਹਰਭਗਵਾਨ ਸਿੰਘ, ਅਮਰਜੀਤ ਕੌਰ, ਸਰਬਜੀਤ ਕੌਰ, ਮਹਿੰਦਰ ਕੌਰ, ਦਿਪਕ ਰਾਣੀ, ਜਸਵਿੰਦਰ ਕੌਰ, ਜਸਪ੍ਰੀਤ ਕੌਰ, ਸੁਖਵੰਤ ਕੌਰ ਆਦਿ ਆਗੂ ਹਾਜ਼ਰ ਸਨ।