‘ਦਸਤਾਰ ਮੇਰੀ ਪਛਾਣ’ ਤਹਿਤ ਮੋਗਾ ਵਿਖੇ ਦਸਤਾਰ ਸਜਾਉਣ ਦੇ ਮੁਕਾਬਲੇ ਕਰਵਾਏ
ਮੋਗਾ,16 ਜੁਲਾਈ (ਜਸ਼ਨ)-‘ਪੰਜਾਬੀ ਜਾਗਰਣ’ ਅਖਬਾਰ ਵੱਲੋਂ ‘ਦਸਤਾਰ ਮੇਰੀ ਪਛਾਣ’ ਤਹਿਤ ਸੂਬਾ ਭਰ ਵਿਚ ਦਸਤਾਰ ਸਜਾਉਣ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ, ਇਸੇ ਲੜੀ ਨੂੰ ਅੱਗੇ ਵਧਾਉਂਦਿਆਂ ਅੱਜ ਮੋਗਾ ਵਿਖੇ ਵਿਸ਼ਵਕਰਮਾ ਭਵਨ ਵਿਚ ਦਸਤਾਰ ਸਜਾਉਣ ਦੇ ਮੁਕਾਬਲੇ ਕਰਵਾਏ ਗਏ। ਇਸ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਹਲਕਾ ਮੋਗਾ ਦੇ ਵਿਧਾਇਕ ਡਾ. ਹਰਜੋਤ ਕਮਲ ਨੇ ਸ਼ਿਰਕਤ ਕੀਤੀ ਅਤੇ ਬੱਚਿਆਂ ਦੀ ਹੌਂਸਲਾ ਅਫਜਾਈ ਕਰਦਿਆਂ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ। ਡਾ. ਹਰਜੋਤ ਕਮਲ ਨੇ ਕਿਹਾ ਕਿ ਅਜੋਕੇ ਸਮੇਂ ਵਿਚ ਜਦੋਂ ਸਾਡੀ ਨੌਜਵਾਨ ਪੀੜੀ ਗੁਰੂ ਸਾਹਿਬ ਵੱਲੋਂ ਬਖ਼ਸ਼ੇ ਕਕਾਰਾਂ ਅਤੇ ਸ਼ਾਨਾਮੱਤੀ ਵਿਰਾਸਤ ਤੋਂ ਦੂਰ ਹੁੰਦੀ ਜਾ ਰਹੀ ਹੈ, ਅਜਿਹੇ ਸਮੇਂ ਅਦਾਰਾ ‘ਪੰਜਾਬੀ ਜਾਗਰਣ’ ਵੱਲੋਂ ਵਿਰਾਸਤ ਦੀ ਸੰਭਾਲ ਤਹਿਤ ਪੱਗ ਸਜਾਉਣ ਦੀ ਰਵਾਇਤ ਨੂੰ ਕਾਇਮ ਰੱਖਣ ਲਈ ਉਪਰਾਲੇ ਆਰੰਭੇ ਜਾਣੇ ਸ਼ਲਾਘਾਯੋਗ ਕਦਮ ਹਨ। ਉਨਾਂ ਕਿਹਾ ਕਿ ਦਸਤਾਰ ਜਿੱਥੇ ਸਿੱਖਾਂ ਲਈ ਧਾਰਮਿਕ ਅਕੀਦਤ ਦਾ ਪ੍ਰਤੀਕ ਹੈ, ਉੱਥੇ ਸਮੂਹ ਪੰਜਾਬੀਆਂ ਦੀ ਪਹਿਚਾਣ ਵੀ ਹੈ, ਕਿਉਂਕਿ ਪੱਗ ਦੇ ਨਾਲ ਹਮੇਸ਼ਾਂ ਮਾਣ ਤੇ ਸਨਮਾਨ ਉੱਚਾ ਹੁੰਦਾ ਹੈ। ਵਿਸ਼ੇਸ਼ਕਰ ਹਿੰਦੋਸਤਾਨ ਵਿਚ ਕਿਸੇ ਵੀ ਵਿਅਕਤੀ ਨੂੰ ਸਨਮਾਨ ਦੇਣ ਮੌਕੇ ਪੱਗ ਹੀ ਸਿਰ ’ਤੇ ਸਜਾਈ ਜਾਂਦੀ ਹੈ। ਉਨਾਂ ਕਿਹਾ ਕਿ ਪੰਜਾਬੀਆਂ ਦੀ ਸ਼ਾਨ ਬਰਕਰਾਰ ਰੱਖਣ ਲਈ ਯਤਨ ਕਰਨ ਵਾਸਤੇ ਜਾਗਰਣ ਪਰਿਵਾਰ ਧੰਨਵਾਦ ਦੇ ਪਾਤਰ ਹਨ। ਪ੍ਰਧਾਨ ਨਿੳੂ ਵਿਸ਼ਵਕਰਮਾ ਵੈਲਫੇਅਰ ਕਮੇਟੀ ਗੁਰਪ੍ਰੀਤਮ ਸਿੰਘ ਚੀਮਾਂ ਨੇ ਕਿਹਾ ਕਿ ‘ਪੰਜਾਬੀ ਜਾਗਰਣ’ ਅਖਬਾਰ ਵੱਲੋਂ ਸਿੱਖੀ ਨੂੰ ਪ੍ਰਫੁੱਲਿਤ ਕਰਨ ਲਈ ‘ਦਸਤਾਰ ਮੇਰੀ ਪਛਾਣ’ ਤਹਿਤ ਕਰਵਾਏ ਜਾ ਰਹੇ ਸੂਬਾ ਭਰ ਵਿਚ ਦਸਤਾਰ ਮੁਕਾਬਲੇ ਸ਼ਲਾਘਾਯੋਗ ਉੱਦਮ ਹੈ। ਉਨਾਂ ਕਿਹਾ ਕਿ ‘ਪੰਜਾਬੀ ਜਾਗਰਣ’ ਅਖਬਾਰ ਨੇ ਪਹਿਲਾਂ ਵੀ ਬੀਤੇ ਸਾਲ ਨੌਜਵਾਨਾਂ ਨੂੰ ਸਿੱਖੀ ਅਤੇ ਮਾਰਸ਼ਲ ਆਰਟ ਨਾਲ ਜੋੜਨ ਲਈ ਗਤਕਾ ਮੁਕਾਬਲੇ ਕਰਵਾਏ ਸਨ। ਉਨਾਂ ਕਿਹਾ ਕਿ ਦਸਤਾਰ ਅਨੇਕਾਂ ਕੁਰਬਾਨੀਆਂ ਕਰਕੇ ਸਾਡੇ ਪੂਰਵਜਾਂ ਨੇ ਹਾਸਲ ਕੀਤੀ ਹੈ। ਇਸ ਮੌਕੇ ’ਤੇ ਜੱਜ ਦੀ ਭੂਮਿਕਾ ਜਗਸੀਰ ਸਿੰਘ ਖਾਲਸਾ, ਭਾਈ ਹਰਬੰਸ ਸਿੰਘ ਮਾਸਟਰ, ਪ੍ਰਭਜੀਤ ਸਿੰਘ ਪ੍ਰਧਾਨ ਆਜ਼ਾਦ ਵੈਲਫੇਅਰ ਕਲੱਬ ਨੇ ਨਿਭਾਈ ਅਤੇ ਉਨਾਂ ਦਸਤਾਰ ਸਜਾਉਣ ਦੇ ਸੂਬਾ ਪੱਧਰੀ ਮੁਕਾਬਲਿਆਂ ਲਈ 8 ਤੋਂ 16 ਸਾਲ ਦੀ ਕੈਟਾਗਿਰੀ ਲਈ ਪੰਕਜ ਸਿੰਘ ਅਤੇ 17 ਤੋਂ 23 ਸਾਲ ਦੀ ਕੈਟਾਗਿਰੀ ਲਈ ਏਮਨਦੀਪ ਸਿੰਘ ਦੀ ਚੋਣ ਕੀਤੀ। ਇਸ ਮੌਕੇ ਦੋਨਾਂ ਜੇਤੂਆਂ ਨੂੰ ਭਾਈ ਘਨੱਈਆ ਬਲੱਡ ਡੋਨਰ ਸੁਸਾਇਟੀ ਵੱਲੋਂ ਦਸਤਾਰਾਂ ਅਤੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਮੁਕਾਬਲਿਆਂ ਵਿਚ ਹਿੱਸਾ ਲੈਣ ਵਾਲੇ ਸਾਰੇ ਬੱਚਿਆਂ ਨੂੰ ‘ਪੰਜਾਬੀ ਜਾਗਰਣ’ ਵੱਲੋਂ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਦਸਤਾਰ ਸਜਾਉਣ ਦੇ ਮੁਕਾਬਲਿਆਂ ਵਿਚ ਸਿੱਖਾਂ ਦੇ ਬੱਚਿਆਂ ਦੇ ਨਾਲ ਨਾਲ ਸ਼ਰਮਾ ਪਰਿਵਾਰ ਦੇ ਬੱਚੇ ਵਰੁਣ ਸ਼ਰਮਾ ਨੇ ਵੀ ਦਸਤਾਰ ਸਜਾਉਣ ਦੇ ਮੁਕਾਬਲਿਆਂ ’ਚ ਹਿੱਸਾ ਲਿਆ। ਇਸ ਮੌਕੇ ’ਤੇ ਗੁਰਨਾਮ ਸਿੰਘ ਲਵਲੀ ਪ੍ਰਧਾਨ ਭਾਈ ਘਨੱਈਆ ਬਲੱਡ ਡੋਨਰ ਸੁਸਾਇਟੀ, ਅਮਰਜੀਤ ਸਿੰਘ ਭਰੀ, ਚਰਨਜੀਤ ਸਿੰਘ ਕੌਂਸਲਰ ਤੇ ਪ੍ਰਧਾਨ ਬੀਸੀ ਵਿੰਗ ਅਕਾਲੀ ਦਲ, ਗੁਰਮੀਤ ਸਿੰਘ ਗਿੱਲ, ਗਿਆਨ ਸਿੰਘ ਸਾਬਕਾ ਡੀਪੀਆਰਓ, ਡਾ. ਮਨਜੀਤ ਸਿੰਘ, ਬਹਾਦਰ ਸਿੰਘ ਬੱਲੀ ਪੀਏ, ਰਾਮਪਾਲ ਧਵਨ, ਵਕੀਲ ਮਹਿਰੋਂ, ਬਲਵੰਤ ਗਰਗ, ਲਖਵੀਰ ਸਿੰਘ, ਗਗਨਦੀਪ ਸਿੰਘ, ਜਗਰੂਪ ਸਿੰਘ, ਜਸ਼ਨਦੀਪ ਸਿੰਘ, ਹਰਦਿਆਲ ਸਿੰਘ, ਦਿਲਬਾਗ ਸਿੰਘ, ਜਗਜੀਤ ਸਿੰਘ ਜੌੜਾ, ਪਰਮਜੋਤ ਸਿੰਘ ਖਾਲਸਾ ਪ੍ਰਧਾਨ ਖਾਲਸਾ ਸੇਵਾ ਸੁਸਾਇਟੀ, ਬਹਾਦਰ ਡਾਲਵੀ, ਪਰਮਜੀਤ ਸਿੰਘ ਪੰਮਾ ਪ੍ਰਧਾਨ ਸਾਹਿਬਜ਼ਾਦਾ ਜੋਰਾਵਰ ਸਿੰਘ ਫਤਹਿ ਸਿੰਘ ਸੇਵਾ ਸੁਸਾਇਟੀ ਆਦਿ ਹਾਜਰ ਸਨ। ਸਟੇਜ ਦੀ ਸੇਵਾ ਹਰਜਿੰਦਰ ਸਿੰਘ ਹੈਪੀ ਮੁੱਖ ਸੇਵਾਦਾਰ ਪ੍ਰਮੇਸ਼ਰ ਦੁਆਰ ਗੁਰਮਤਿ ਪ੍ਰਚਾਰ ਸੇਵਾ ਦਲ ਨੇ ਬਾਖੂਬੀ ਨਿਭਾਈ।
ਇਸ ਖ਼ਬਰ ਸਬੰਧੀ ਵੀਡੀਓ ਦੇਖਣ ਲਈ ਹੇਠ ਦਿੱਤਾ ਲਿੰਕ ਕਲਿੱਕ ਕਰੋ-