ਜ਼ਿਲਾ ਮੈਜਿਸਟ੍ਰੇਟ ਵੱਲੋਂ ਬੱਸ ਅੱਡਾ ਮੋਗਾ ਤੋਂ ਬੱਸਾਂ ਦੇ ਰੂਟ ‘ਚ ਤਬਦੀਲੀ ਦੇ ਹੁਕਮਾਂ ‘ਚ ਕੀਤੀ ਅੰਸ਼ਿਕ ਸੋਧ
ਮੋਗਾ 15 ਜੁਲਾਈ (ਜਸ਼ਨ)-ਜ਼ਿਲਾ ਮੈਜਿਸਟ੍ਰੇਟ ਮੋਗਾ ਸ. ਦਿਲਰਾਜ ਸਿੰਘ ਵੱਲੋਂ ਫ਼ੌਜਦਾਰੀ ਜ਼ਾਬਤਾ ਸੰਘਤਾ ਦੀ ਧਾਰਾ 144 ਤਹਿਤ ਬੱਸ ਅੱਡਾ ਮੋਗਾ ਤੋਂ ਬੱਸਾਂ ਦੀ ਆਵਾਜਾਈ ‘ਚ ਤਬਦੀਲੀ ਦੇ ਹੁਕਮ ਜਾਰੀ ਕੀਤੇ ਗਏ ਸਨ, ਜਿੰਨਾਂ ਤਹਿਤ ਸਵੇਰੇ 8 ਵਜੇ ਤੋਂ ਸ਼ਾਮ 8 ਵਜੇ ਤੱਕ ਲੁਧਿਆਣਾ, ਬਰਨਾਲਾ, ਕੋਟਕਪੂਰਾ, ਬਠਿੰਡਾ ਆਦਿ ਸਹਿਰਾਂ ਨੂੰ ਆਉਣ-ਜਾਣ ਵਾਲੀਆਂ ਬੱਸਾਂ ਦਾ ਰੂਟ ਲੁਹਾਰਾ ਬਾਈ-ਪਾਸ ਅਤੇ ਫਿਰੋਜਪੁਰ, ਫ਼ਰੀਦਕੋਟ ਨੂੰ ਆਉਣ-ਜਾਣ ਵਾਲੀਆਂ ਬੱਸਾਂ ਦਾ ਰੂਟ ਤਿਕੋਨੀ ਜੀਰਾ ਰੋਡ ਤੋਂ ਪੁਲ ਸੂਆ ਬਾਈਪਾਸ ਦੁੱਨੇਕੇ ਰਾਹੀਂ ਕੀਤਾ ਗਿਆ ਸੀ। ਉਪਰੋਕਤ ਹੁਕਮਾਂ ਉਪਰੰਤ ਜਿਲੇ ਦੇ ਸਮੂਹ ਟਰਾਂਸਪੋਰਟਰਾਂ ਨੇ ਇਕੱਠੇ ਹੋ ਕੇ ਜਿਲਾ ਮੈਜਿਸਟ੍ਰੇਟ ਪਾਸੋ ਮੰਗ ਕੀਤੀ ਸੀ ਕਿ ਬਦਲੇ ਹੋਏ ਇੰਨਾਂ ਰੂਟਾਂ ਕਾਰਣ ਹਰ ਬੱਸ ਨੂੰ ਬੱਸ ਸਟੈਂਡ ਆਉਣ-ਜਾਣ ਲਈ ਲਗਭੱਗ 8 ਕਿਲੋਮੀਟਰ ਦਾ ਫਾਸਲਾ ਹੋਰ ਤਹਿ ਕਰਨਾ ਪੈਂਦਾ ਹੈ ਅਤੇ ਉਨਾਂ ਨੇ ਆਪਣੀਆਂ ਇੰਨਾਂ ਮੁਸਕਲਾਂ ਨੂੰ ਮੱਦੇ-ਨਜਰ ਰੱਖਦੇ ਹੋਏ ਫੌਜਦਾਰੀ ਜਾਬਤਾ ਸੰਘਤਾ ਦੀ ਧਾਰਾ 144 ਅਧੀਨ ਕੀਤੇ ਗਏ ਹੁਕਮ ਵਾਪਸ ਲੈਣ ਦੀ ਮੰਗ ਕੀਤੀ ਸੀ। ਜ਼ਿਲ੍ਹਾ ਮੈਜਿਸਟ੍ਰੇਟ ਨੇ ਦੱਸਿਆ ਕਿ ਸਮੂਹ ਟ੍ਰਾਂਸਪੋਰਟਰਾਂ ਅਤੇ ਸਬੰਧਤ ਅਧਿਕਾਰੀਆਂ ਨਾਲ ਇਸ ਮੁੱਦੇੇ ‘ਤੇ ਵਿਚਾਰ-ਵਟਾਂਦਰਾ ਕਰਨ ਉਪਰੰਤ ਇਹ ਫੈਸਲਾ ਲਿਆ ਗਿਆ ਕਿ ਬੱਸਾਂ ਨੂੰ ਇੱਕ ਪਾਸੇ (ਬੱਸ ਸਟੈਂਡ ਨੂੰ ਆਉਣ ਵੇਲੇ ਜਾਂ ਬੱਸ ਸਟੈਂਡ ਨੂੰ ਜਾਣ ਵੇਲੇ) ਸਹਿਰ ਵਿੱਚ ਦੀ ਜੀ.ਟੀ ਰੋਡ ਤੋਂ ਲੰਘਣ ਦੀ ਇਜਾਜਤ ਦਿੱਤੀ ਜਾਣੀ ਵਾਜਿਬ ਹੈ। ਇਸ ਲਈ ਪਹਿਲਾਂ ਜਾਰੀ ਕੀਤੇ ਗਏ ਹੁਕਮਾਂ ‘ਚ ਅੰਸਿਕ ਸੋਧ ਕਰਦੇ ਹੋਏ ਮੋਗਾ ਤੋਂ ਲੁਧਿਆਣਾ, ਬਰਨਾਲਾ, ਕੋਟਕਪੂਰਾ, ਬਠਿੰਡਾ ਆਦਿ ਸਹਿਰਾਂ ਨੂੰ ਜਾਣ ਵਾਲੀਆਂ ਬੱਸਾਂ ਨੂੰ ਬੱਸ ਸਟੈਂਡ ਤੋ ਜਾਣ ਵੇਲੇ ਜੀ.ਟੀ. ਰੋਡ ਰਾਹੀਂ ਜਾਣ ਦੀ ਇਜਾਜਤ ਹੋਵੇਗੀ ਅਤੇ ਵਾਪਸ ਆਉਣ ਵੇਲੇ ਇਹ ਬੱਸਾਂ ਬੁੱਘੀਪੁਰਾ ਚੌਕ ਤੋਂ ਵਾਇਆ ਲੁਹਾਰਾ ਚੌਕ ਬੱਸ ਸਟੈਂਡ ਆਉਣਗੀਆਂ। ਇਸੇ ਤਰਾਂ ਫਿਰੋਜਪੁਰ, ਫਰੀਦਕੋਟ ਆਦਿ ਨੂੰ ਜਾਣ ਵਾਲੀਆਂ ਬੱਸਾਂ ਬੱਸ ਸਟੈਂਡ ਤੋਂ ਤਿਕੋਨੀ ਜੀਰਾ ਰੋਡ ਤੋਂ ਪੁਲ ਸੂਆ ਬਾਈਪਾਸ ਦੁੱਨੇਕੇ ਰਾਹੀਂ ਜਾਣਗੀਆਂ, ਜਦ ਕਿ ਆਉਣ ਵਾਲੀਆਂ ਬੱਸਾਂ ਜੀ.ਟੀ ਰੋਡ ਰਾਹੀਂ ਬੱਸ ਸਟੈਂਡ ਨੂੰ ਆਉਣਗੀਆਂ। ਇਹ ਹੁਕਮ 31 ਜੁਲਾਈ ਤੱਕ ਲਾਗੂ ਰਹਿਣਗੇ।