ਡੇਂਗੂ ਦਾ ਦੂਸਰਾ ਕੇਸ ਮਿਲਣ ਤੇ ਸਿਹਤ ਵਿਭਾਗ ਤੇ ਕਾਰਪੋਰੇਸ਼ਨ ਨੇ ਵਿੱਢੀ ਸਾਂਝੀ ਮੁਹਿੰਮ
ਮੋਗਾ,14 ਜੁਲਾਈ (ਜਸ਼ਨ )-ਮੋਗਾ ਸ਼ਹਿਰ ਵਿੱਚ ਬੁੱਢੇ ਕਾ ਅਗਵਾੜ ਵਿੱਚ ਡੇਂਗੂ ਦਾ ਦੂਸਰਾ ਕੇਸ ਮਿਲਣ ਤੇ ਸਿਹਤ ਵਿਭਾਗ ਅਤੇ ਮਿਉਂਸਪਲ ਕਾਰਪੋਰੇਸ਼ਨ ਮੋਗਾ ਪੂਰੀ ਤਰਾਂ ਚੌਕਸ ਹੋ ਗਏ ਹਨ ਤੇ ਡੇਂਗੂ ਨੂੰ ਰੋਕਣ ਲਈ ਮੁਹਿੰਮ ਵੱਡੀ ਪੱਧਰ ਤੇ ਸ਼ੁਰੂ ਕਰ ਦਿੱਤੀ ਹੈ । ਇਸ ਸਬੰਧੀ ਅੱਜ ਸਿਵਲ ਸਰਜਨ ਮੋਗਾ ਅਤੇ ਮਿਊਂਸਪਲ ਕਮਿਸ਼ਨਰ ਮੋਗਾ ਦੇ ਆਦੇਸ਼ਾਂ ਤੇ ਸਿਹਤ ਵਿਭਾਗ ਮੋਗਾ ਅਤੇ ਕਾਰਪੋਰੇਸ਼ਨ ਦੀ ਟੀਮ ਵੱਲੋਂ ਡੇਂਗੂ ਦਾ ਲਾਰਵਾ ਲੱਭਣ ਲਈ ਸਾਂਝੀ ਮੁਹਿੰਮ ਚਲਾਈ ਗਈ, ਜਿਸ ਦੌਰਾਨ ਘਰਾਂ, ਹੋਟਲਾਂ ਅਤੇ ਹਸਪਤਾਲਾਂ ਦੀ ਚੈਕਿੰਗ ਕੀਤੀ ਗਈ ਤੇ ਲਾਰਵਾ ਮਿਲਣ ਤੇ 17 ਚਲਾਨ ਕੱਟੇ ਗਏ । ਇਸ ਸਬੰਧੀ ਜਾਣਕਾਰੀ ਦਿੰਦਿਆਂ ਸੈਨੇਟਰੀ ਇੰਸਪੈਕਟਰ ਮਹਿੰਦਰ ਪਾਲ ਲੂੰਬਾ ਨੇ ਦੱਸਿਆ ਕਿ ਮੋਗਾ ਸ਼ਹਿਰ ਵਿੱਚ ਬੁੱਢੇ ਕਾ ਅਗਵਾੜ ਵਿੱਚ ਇੱਕ 18 ਸਾਲਾ ਨੌਜਵਾਨ ਨੂੰ ਪੀ.ਜੀ.ਆਈ. ਚੰਡੀਗੜ ਤੋਂ ਡੇਂਗੂ ਪਾਜ਼ਿਟਿਵ ਪਾਇਆ ਗਿਆ ਹੈ, ਜੋ ਕਿ ਪੀ.ਜੀ.ਆਈ. ਵਿੱਚ ਹੀ ਇਲਾਜ਼ ਅਧੀਨ ਹੈ । ਇਸ ਸਬੰਧੀ ਚਿੰਤਾ ਦਾ ਪ੍ਗਟਾਵਾ ਕਰਦਿਆਂ ਸਿਵਲ ਸਰਜਨ ਮੋਗਾ ਅਤੇ ਮਿਉਂਸਪਲ ਕਮਿਸ਼ਨਰ ਮੋਗਾ ਵੱਲੋਂ ਡੇਂਗੂ ਦਾ ਲਾਰਵਾ ਲੱਭਣ ਅਤੇ ਲੋਕਾਂ ਨੂੰ ਜਾਗਰੂਕ ਕਰਨ ਦੀ ਮੁਹਿੰਮ ਵਿੱਚ ਤੇਜੀ ਲਿਆਉਣ ਦੇ ਆਦੇਸ਼ ਦਿੱਤੇ ਹਨ ਤੇ ਇਹਨਾਂ ਆਦੇਸ਼ਾਂ ਦੀ ਪਾਲਣਾ ਕਰਦਿਆਂ ਸਾਂਝੀ ਟੀਮ ਵੱਲੋਂ ਅੱਜ ਦੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ । ਕਾਰਵਾਈ ਦੌਰਾਨ ਟੀਮ ਵੱਲੋਂ ਲੋਕਾਂ ਨੂੰ ਹਰ ਸ਼ੁਕਰਵਾਰ ਕੂਲਰਾਂ ਨੂੰ ਖਾਲੀ ਕਰਕੇ ਕੱਪੜੇ ਨਾਲ ਸੁਕਾ ਕੇ ਧੁੱਪ ਲਗਾਉਣ, ਖੁੱਲੇ ਅਸਮਾਨ ਥੱਲੇ ਪਏ ਟਾਇਰਾਂ, ਬਰਤਨਾਂ ਆਦਿ ਨੂੰ ਖਾਲੀ ਕਰਕੇ ਛੱਤ ਹੇਠਾਂ ਰੱਖਣ ਅਤੇ ਰਾਤ ਨੂੰ ਸੌਣ ਵੇਲੇ ਪੂਰੀ ਤਰਾਂ ਸਰੀਰ ਨੂੰ ਢੱਕ ਕੇ ਰੱਖਣ ਆਦਿ ਸਬੰਧੀ ਕਿਹਾ ਗਿਆ ਹੈ। ਇਸ ਮੌਕੇ ਕਾਰਪੋਰੇਸ਼ਨ ਵੱਲੋਂ ਸੈਨੇਟਰੀ ਸੁਪਰਵਾਈਜਰ ਸੇਵਕ ਰਾਮ ਫੌਜੀ ਨੇ ਦੱਸਿਆ ਕਿ ਇਹ ਕਾਰਵਾਈ ਹਰ ਮੰਗਲਵਾਰ ਅਤੇ ਸ਼ੁਕਰਵਾਰ ਨੂੰ ਜਾਰੀ ਰਹੇਗੀ । ਉਹਨਾਂ ਦੱਸਿਆ ਕਿ ਜਿਨਾਂ ਲੋਕਾਂ ਨੂੰ ਚਲਾਨ ਨੋਟਿਸ ਜਾਰੀ ਕੀਤੇ ਗਏ ਹਨ, ਉਹਨਾਂ ਨੂੰ ਸੋਮਵਾਰ ਤੱਕ ਸਫਾਈ ਕਰਵਾਉਣ ਉਪਰੰਤ ਕਮਿਸ਼ਨਰ ਦਫਤਰ ਇਸ ਦੀ ਰਿਪੋਰਟ ਕਰਨ ਲਈ ਕਿਹਾ ਗਿਆ ਹੈ, ਨਾ ਪੇਸ਼ ਹੋਣ ਵਾਲੇ ਲੋਕਾਂ ਦੇ ਅਦਾਲਤੀ ਚਲਾਨ ਕੱਟੇ ਜਾਣਗੇ । ਇਸ ਟੀਮ ਵਿੱਚ ਸੈਨੇਟਰੀ ਇਸਪੈਕਟਰ ਮਹਿੰਦਰ ਪਾਲ ਲੂੰਬਾ, ਗਗਨਦੀਪ ਸਿੰਘ, ਅਰਜਣ ਸਿੰਘ, ਹਰਜੀਤ ਸਿੰਘ, ਸੁਪਰਵਾਈਜਰ ਸੇਵਕ ਰਾਮ ਫੌਜੀ, ਇੰਸੈਕਟ ਕੁਲੈਕਟਰ ਵਪਿੰਦਰ ਸਿੰਘ ਅਤੇ ਮਦਨ ਲਾਲ ਸ਼ਾਮਿਲ ਸਨ ।