‘ਮੋਬਾਇਲ ਮੈਡੀਕਲ ਯੂਨਿਟ‘ ਵੱਲੋਂ ਜ਼ਿਲੇ ਦੇ 24 ਪਿੰਡਾਂ ਦਾ ਦੌਰਾ ,997 ਮਰੀਜ਼ਾਂ ਦਾ ਕੀਤਾ ਮੈਡੀਕਲ ਚੈਕਅਪ
ਮੋਗਾ 14 ਜੁਲਾਈ (ਜਸ਼ਨ)-ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਰਾਜ ਦੇ ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਵਿਆਪਕ ਉਪਰਾਲੇ ਕਰਦਿਆਂ ਜਿੱਥੇ ਸਿਹਤ ਦੇ ਖੇਤਰ ਵਿੱਚ ਮਹੱਤਵਪੂਰਣ ਭਲਾਈ ਸਕੀਮਾਂ ਨੂੰ ਸਫ਼ਲਤਾ ਨਾਲ ਲਾਗੂ ਕੀਤਾ ਜਾ ਰਿਹਾ ਹੈ, ਉਥੇ ਪਿੰਡਾਂ ਦੇ ਲੋਕਾਂ ਨੂੰ ਉਨਾਂ ਦੇ ਘਰਾਂ ਦੇ ਨਜ਼ਦੀਕ ਹੀ ਮੈਡੀਕਲ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਮੋਗਾ ਸ. ਦਿਲਰਾਜ ਸਿੰਘ ਨੇ ਦੱਸਿਆ ਕਿ ਸਰਕਾਰ ਦੇ ਇਸ ਉਦੇਸ਼ ਦੀ ਪੂਰਤੀ ਲਈ ਮੋਗਾ ਜ਼ਿਲੇ ਵਿੱਚ ਮੋਬਾਈਲ ਮੈਡੀਕਲ ਬੱਸ ਚਲਾਈ ਜਾ ਰਹੀ ਹੈ, ਜਿਸ ਤਹਿਤ ਜ਼ਿਲੇ ਦੇ ਦਿਹਾਤੀ ਵਸਨੀਕਾਂ ਨੂੰ ਮੁਫ਼ਤ ਮੈਡੀਕਲ ਸਹੂਲਤਾਂ ਪ੍ਰਦਾਨ ਕਰਵਾਈਆਂ ਜਾ ਰਹੀਆਂ ਹਨ। ਉਨਾਂ ਦੱਸਿਆ ਕਿ ਸਿਹਤ ਵਿਭਾਗ ਮੋਗਾ ਦੇ ਮੋਬਾਈਲ ਮੈਡੀਕਲ ਯੂਨਿਟ ਵੱਲੋਂ ਬੀਤੇ ਜੂਨ ਮਹੀਨੇ ਦੌਰਾਨ ਜ਼ਿਲੇ ਦੇ 24 ਪਿੰਡਾਂ ਦਾ ਦੌਰਾ ਕਰਕੇ 997 ਮਰੀਜ਼ਾਂ ਦਾ ਮੈਡੀਕਲ ਚੈਕ-ਅਪ ਕੀਤਾ ਗਿਆ। ਉਨਾਂ ਦੱਸਿਆ ਕਿ ਇਸ ਮੈਡੀਕਲ ਸੁਵਿਧਾ ਰਾਹੀ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਦੇਣ ਦੇ ਨਾਲ-ਨਾਲ ਉਨਾਂ ਦੇ ਈ.ਸੀ.ਜੀ, ਲੈਬ ਟੈਸਟ ਆਦਿ ਵੀ ਮੌਕੇ ’ਤੇ ਮੁਫ਼ਤ ਕੀਤੇ ਜਾਂਦੇ ਹਨ।ਉਨਾਂ ਦੱਸਿਆ ਕਿ ਇਸ ਮੋਬਾਇਲ ਮੈਡੀਕਲ ਬੱਸ ਰਾਹੀ ਲੋੜਵੰਦਾਂ ਤੱਕ ਪਹੁੰਚ ਕਰਕੇ ਸਿਹਤ ਸੇਵਾਵਾਂ ਦੇਣ ਨਾਲ ਜ਼ਿਲੇ ਦੇ ਦੂਰ-ਦੁਰੇਡੇ ਦੇ ਖੇਤਰਾਂ ਦੇ ਲੋਕਾਂ ਨੂੰ ਵੱਡਾ ਲਾਭ ਮਿਲਦਾ ਹੈ। ਉਨਾਂ ਦੱਸਿਆ ਕਿ ਜ਼ਿਲੇ ਦੇ ਪਿੰਡਾਂ ਵਿੱਚ ਰਹਿੰਦੇ ਬਜ਼ੁਰਗ, ਅਪਾਹਜ਼, ਬੱਚੇ ਅਤੇ ਹੋਰ ਲੋੜਵੰਦ ਵਿਅਕਤੀ ਜਿਹੜੇ ਹਸਪਤਾਲ ਤੱਕ ਦਵਾਈ ਲੈਣ ਲਈ ਨਹੀਂ ਪਹੁੰਚ ਸਕਦੇ, ਅਜਿਹੇ ਮਰੀਜ਼ਾਂ ਨੂੰ ਦਵਾਈ ਪਹੁੰਚਾਉਣ ਲਈ ਇਹ ਬੱਸ ਸੇਵਾ ਵਰਦਾਨ ਸਾਬਿਤ ਹੋ ਰਹੀ ਹੈ। ਸਿਵਲ ਸਰਜਨ ਮੋਗਾ ਡਾ: ਮਨਿੰਦਰ ਕੌਰ ਮਿਨਹਾਸ ਨੇ ਦੱਸਿਆ ਕਿ ਇਸ ਮੋਬਾਈਲ ਮੈਡੀਕਲ ਯੂਨਿਟ ਦੇ ਡਾਕਟਰਾਂ ਅਤੇ ਪੈਰਾ ਮੈਡੀਕਲ ਸਟਾਫ਼ ਵੱਲੋਂ ਐਤਵਾਰ ਅਤੇ ਗਜ਼ਟਿਡ ਛੁੱਟੀਆਂ ਨੂੰ ਛੱਡ ਕੇ ਰੋਜ਼ਾਨਾ ਸਵੇਰੇ 9 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਵੱਖ-ਵੱਖ ਪਿੰਡਾਂ ਤੇ ਸਲਮ ਬਸਤੀਆਂ ਵਿੱਚ ਜਾ ਕੇ ਮਰੀਜਾਂ ਦਾ ਚੈਕ-ਅੱਪ ਕੀਤਾ ਜਾਂਦਾ ਹੈ। ਇਸ ਯੂਨਿਟ ਵੱਲੋਂ ਰੋਜ਼ਾਨਾ ਦੋ ਪਿੰਡਾਂ ਦੇ ਮਰੀਜ਼ ਚੈਕ ਕੀਤੇ ਜਾਂਦੇ ਹਨ। ਉਨਾਂ ਦੱਸਿਆ ਕਿ ਚਾਲੂ ਮਹੀਨੇ ਦੌਰਾਨ ਇਸ ਮੋਬਾਈਲ ਮੈਡੀਕਲ ਯੂਨਿਟ ਵੱਲੋਂ 26 ਪਿੰਡਾਂ ਦਾ ਦੌਰਾ ਕਰਦੇ ਹੋਏ ਉਥੇ ਰਹਿਣ ਵਾਲੇ ਵਸਨੀਕਾਂ ਦਾ ਚੈਕ-ਅਪ ਕੀਤਾ ਜਾਵੇਗਾ। ਸਿਵਲ ਸਰਜਨ ਨੇ ਇੰਨਾਂ ਪਿੰਡਾਂ ਦੇ ਵਸਨੀਕਾਂ ਨੂੰ ਇਸ ਮੋਬਾਈਲ ਮੈਡੀਕਲ ਯੂਨਿਟ ਦਾ ਲਾਭ ਲੈਣ ਦੀ ਪ੍ਰੇਰਣਾ ਕੀਤੀ। ਇਸ ਮੌਕੇ ਮੋਬਾਈਲ ਮੈਡੀਕਲ ਯੂਨਿਟ ਮੋਗਾ ਦੇ ਨੋਡਲ ਅਫ਼ਸਰ-ਕਮ-ਡਿਪਟੀ ਮੈਡੀਕਲ ਕਮਿਸ਼ਨਰ ਮੋਗਾ ਸੁਰਿੰਦਰ ਸੇਤੀਆ ਅਤੇ ਜ਼ਿਲਾ ਪ੍ਰੋਗਰਾਮ ਮੈਨੇਜਰ ਨੈਸ਼ਨਲ ਹੈਲਥ ਮਿਸ਼ਨ (ਐਨ.ਐਚ.ਐਮ) ਵਿਨੇਸ਼ ਕੁਮਾਰ ਵੀ ਮੌਜੂਦ ਸਨ।