ਡਾ: ਹਰਜੋਤ ਵੱਲੋਂ ਕੌਂਸਲਰਾਂ ਨੂੰ ਸ਼ਹਿਰ ਦੇ ਹਿਤਾਂ ਲਈ ਦੂਰਅੰਦੇਸ਼ੀ ਸੋਚ ਅਪਨਾਉਣ ਦੇ ਸੱਦੇ ਸਦਕਾ ਹੀ ਹੜਤਾਲ ਖਤਮ ਹੋਈ-ਰਵੀ ਗਰੇਵਾਲ
ਮੋਗਾ, 13 ਜੁਲਾਈ (ਜਸ਼ਨ)- ਮੋਗਾ ਸ਼ਹਿਰ ਦੇ ਰੁੱਕੇ ਹੋਏ ਵਿਕਾਸ ਕਾਰਜਾਂ ਨੂੰ ਮੁੱਦਾ ਬਣਾ ਕੇ ਭੁੱਖ ਹੜਤਾਲ ਅਤੇ ਮਰਨ ਵਰਤ ’ਤੇ ਬੈਠੇ ਕੌਂਸਲਰਾਂ ਦਾ ਧਰਨਾ ਬੀਤੀ ਰਾਤ ਖਤਮ ਹੋ ਜਾਣ ਨਾਲ ਮੋਗਾ ਦੇ ਵਿਕਾਸ ਦੀ ਅਧੋਗਤੀ ਖਤਮ ਹੋਵੇਗੀ ਅਤੇ ਪਿਛਲੇ 10 ਸਾਲ ਤੋਂ ਸੰਤਾਪ ਹੰਢਾ ਰਹੇ ਮੋਗਾ ਵਾਸੀਆਂ ਨੂੰ ਰਾਹਤ ਮਿਲੇਗੀ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੂਬਾ ਸਕੱਤਰ ਰਵਿੰਦਰ ਸਿੰਘ ਐਡਵੋਕੇਟ ਰਵੀ ਗਰੇਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਹਨਾਂ ਕਿਹਾ ਕਿ ਧਰਨਾਕਾਰੀ ਕੌਂਸਲਰਾਂ ਨੂੰ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਮੋਗਾ ਦੇ ਵਿਕਾਸ ਲਈ ਤੋਰਦਿਆਂ ਧਰਨਾ ਖਤਮ ਕਰਵਾਉਣ ਲਈ ਵਿਧਾਇਕ ਡਾ: ਹਰਜੋਤ ਕਮਲ ਵਧਾਈ ਦੇ ਪਾਤਰ ਨੇ। ਰਵੀ ਗਰੇਵਾਲ ਨੇ ਕਿਹਾ ਕਿ ਡਾ: ਹਰਜੋਤ ਵੱਲੋਂ ਕੌਂਸਲਰਾਂ ਨੂੰ ਸ਼ਹਿਰ ਦੇ ਹਿਤਾਂ ਲਈ ਦੂਰਅੰਦੇਸ਼ੀ ਸੋਚ ਅਪਨਾਉਣ ਦੇ ਸੱਦੇ ਨੂੰ ਬੂਰ ਪੈਣ ਸਦਕਾ ਹੀ 25 ਦਿਨਾਂ ਲੰਬੀ ਹੜਤਾਲ ਖਤਮ ਹੋ ਸਕੀ ਹੈ। ਰਵੀ ਗਰੇਵਾਲ ਨੇ ਆਖਿਆ ਕਿ ਨਗਰ ਨਿਗਮ ਦੇ ਨਵੇਂ ਕਮਿਸ਼ਨਰ ਵਜੋਂ ਅਹੁਦਾ ਸੰਭਾਲਣ ਅਤੇ 19 ਜੁਲਾਈ ਦੀ ਹਾੳੂਸ ਦੀ ਮੀਟਿੰਗ ਤੈਅ ਹੋਣ ਨਾਲ ਮੋਗੇ ਦੀ ਨਵੀਂ ਤਾਬੀਰ ਲਿਖੇ ਜਾਣ ਦੀ ਆਸ ਬੱਝੀ ਹੈ। ਕਾਂਗਰਸ ਦੇ ਸੂਬਾ ਸਕੱਤਰ ਰਵੀ ਗਰੇਵਾਲ ਨੇ ਆਖਿਆ ਕਿ ਉਹਨਾਂ ਨੂੰ ਉਮੀਦ ਵੀ ਹੈ ਅਤੇ ਵਿਸ਼ਵਾਸ ਵੀ ਹੈ ਕਿ ਸਮੂਹ ਕੌਂਸਲਰ ਇਕਜੁੱਟ ਹੋ ਕੇ ਸ਼ਹਿਰ ਦੇ ਵਿਕਾਸ ਲਈ ਸਿਰ ਜੋੜ ਕੇ ਬੈਠਣਗੇ ਅਤੇ ਲੰਬੇ ਸਮੇਂ ਤੋਂ ਵਿਕਾਸ ਕਾਰਜਾਂ ਵਿਚ ਆਈ ਖੜੋਤ ਟੁੱਟੇਗੀ ਜਿਸ ਨਾਲ ਵਿਕਾਸ ਦੀ ਪੁਨਰ ਆਰੰਭਤਾ ਸਦਕਾ ਮੋਗਾ ਵਿਕਾਸ ਦੀਆਂ ਨਵੀਆਂ ਮੰਜ਼ਿਲਾਂ ਸਰ ਕਰੇਗਾ। ਐਡਵੋਕੇਟ ਰਵੀ ਗਰੇਵਾਲ ਨੇ ਆਖਿਆ ਕਿ ਮੋਗਾ ਦੇ ਵਿਧਾਇਕ ਡਾ: ਹਰਜੋਤ ਕਮਲ ,ਮੇਅਰ ਅਕਸ਼ਿਤ ਜੈਨ ,ਸਮੂਹ ਕੌਂਸਲਰ ਅਤੇ ਕਾਂਗਰਸ ਪਾਰਟੀ ਦੇ ਸਮੂਹ ਆਗੂ ‘ਟੀਮ ਮੋਗਾ ’ ਵਜੋਂ ਵਿਚਰਦਿਆਂ ਮੋਗਾ ਨੂੰ ਪੰਜਾਬ ਦਾ ਨਮੂਨੇ ਦਾ ਸ਼ਹਿਰ ਬਣਾਊਣ ਵਿਚ ਕਾਮਯਾਬ ਹੋਣਗੇ।