ਸਾਹਿਤਕਾਰਾਂ ਬਾਰੇ ਦਸਤਾਵੇਜ਼ੀ ਫਿਲਮਾਂ ਲਈ ਅਮਰ ਘੋਲੀਆ ਦਾ ਸਨਮਾਨ
ਸਮਾਲਸਰ ,13 ਜੁਲਾਈ (ਨਿੱਜੀ ਪੱਤਰ ਪਰੇਰਕ)-ਪੰਜਾਬ ਸਾਹਿਤ ਅਕਾਦਮੀ ਚੰਡੀਗੜ ਵਲੋਂ ਪਿਛਲੇ ਦਿਨੀਂ ਕਰਵਾਏ ਗਏ ਪ੍ਰੋਗਰਾਮ ਬੰਦਨਵਾਰ ਵਿੱਚ ਪੰਜਾਬੀ ਸਾਹਿਤਕਾਰਾਂ ਬਾਰੇ ਦਸਤਾਵੇਜ਼ੀ ਫਿਲਮਾਂ ਬਣਾਉਣ ਦਾ ਨਿਵੇਕਲਾ ਕੰਮ ਕਰਨ ਵਾਲੇ ਮਾਸਟਰ ਅਮਰ ਘੋਲੀਆ ਨੂੰ ਪੰਜਾਬ ਸਾਹਿਤ ਅਕਾਦਮੀ ਦੀ ਪ੍ਰਧਾਨ ਡਾ. ਸਰਬਜੀਤ ਕੌਰ ਸੋਹਲ, ਜਨਰਲ ਸਕੱਤਰ ਡਾ. ਸਤੀਸ਼ ਕੁਮਾਰ ਵਰਮਾ ਅਤੇ ਅਕਾਦਮੀ ਦੇ ਹਾਜ਼ਰ ਮੈਂਬਰਾਂ ਨੇ ਵਿਸ਼ੇਸ ਤੌਰ ’ਤੇ ਸਨਮਾਨਿਤ ਕੀਤਾ। ਇਸ ਸਮੇਂ ਪ੍ਰਧਾਨ ਡਾ. ਸੋਹਲ ਨੇ ਘੋਲੀਆ ਦੇ ਇਸ ਨਿਵੇਕਲੇ ਕੰਮ ਦੀ ਪ੍ਰਸੰਸਾ ਕੀਤੀ। ਉਨਾਂ ਕਿਹਾ ਕਿ ਸਾਹਿਤਕਾਰਾਂ ਦੇ ਜੀਵਨ ਬਾਰੇ ਜਾਣਕਾਰੀ ਅਤੇ ਉਨਾਂ ਦੇ ਵਿਚਾਰਾਂ ਨੂੰ ਫਿਲਮਾਂ ਰਾਹੀਂ ਸੰਭਾਲ ਕੇ ਰੱਖਣਾ ਵੀ ਸਾਹਿਤ ਵਿੱਚ ਬਹੁਤ ਵੱਡਾ ਯੋਗਦਾਨ ਹੈ। ਜ਼ਿਕਰਯੋਗ ਹੈ ਕਿ ਅਮਰ ਘੋਲੀਆ ਆਪਣੇ ਖਰਚੇ ’ਤੇ ਹੁਣ ਤੱਕ ਨਾਵਲਕਾਰ ਗੁਰਦਿਆਲ ਸਿੰਘ, ਡਾ. ਦਲੀਪ ਕੌਰ ਟਿਵਾਣਾ, ਉੱਘੇ ਰੰਗਕਰਮੀ ਪ੍ਰੋ.ਅਜਮੇਰ ਸਿੰਘ ਔਲਖ, ਉੱਘੇ ਕਵੀ ਸੁਰਜੀਤ ਪਾਤਰ, ਨਾਵਲਕਾਰ ਬਲਦੇਵ ਸਿੰਘ ਸੜਕਨਾਮਾ, ਵਰਿਆਮ ਸਿੰਘ ਸੰਧੂ ਆਦਿ ਸਮੇਤ ਲਗਭਗ ਦੋ ਦਰਜਨ ਸਾਹਿਤਕਾਰਾਂ ਦੇ ਜੀਵਨ, ਵਿਚਾਰਾਂ ਅਤੇ ਰਚਨਾਵਾਂ ਦੇ ਸਬੰਧ ਵਿੱਚ ਦਸਤਾਵੇਜ਼ੀ ਫਿਲਮਾਂ ਬਣਾ ਚੁੱਕਾ ਹੈ। ਇਸ ਸਨਮਾਨ ਦੇ ਪ੍ਰਤੀਕਰਮ ਵਿੱਚ ਪੰਜਾਬੀ ਦੇ ਉੱਘੇ ਕਵੀ ਅਤੇ ਚਿੰਤਕ ਪ੍ਰੋ.ਗੁਰਭਜਨ ਗਿੱਲ ਨੇ ਇਸ ਨੂੰ ਪੰਜਾਬੀ ਸਾਹਿਤ ਸੰਸਾਰ ਵਿੱਚ ਸ਼ੁੱਭ ਸ਼ਗਨ ਮੰਨਿਆ ਹੈ। ਅਮਰ ਘੋਲੀਆ ਆਪਣੀ ਸਫਲਤਾ ਪਿੱਛੇ ਆਪਣੇ ਪਰਿਵਾਰ, ਪਿੰ੍ਰਸੀਪਾਲ ਜਗਰੂਪ ਸਿੰਘ ਬਰਾੜ, ਸਮੂਹ ਸਰਕਾਰੀ ਸਕੂਲ ਸਟਾਫ ਬਾਘਾਪੁਰਾਣਾ ਅਤੇ ਹਰ ਸਮੇਂ ਹੌਸਲਾ ਅਫਜਾਈ ਕਰ ਰਹੇ ਦੋਸਤਾਂ ਮਿੱਤਰਾਂ ਨੂੰ ਮੰਨਦਾ ਹੈ। ਸਾਹਿਤ ਸਭਾ ਬਾਘਾਪੁਰਾਣਾ ਦੇ ਪ੍ਰਧਾਨ ਚਰਨਜੀਤ ਸਮਾਲਸਰ, ਹਰਨੇਕ ਸਿੰਘ ਨੇਕ, ਚਮਕੌਰ ਬਾਘੇਵਾਲੀਆ, ਸੁਰਜੀਤ ਬਰਾੜ, ਮਹਿੰਦਰ ਸਾਥੀ, ਜਸਵੰਤ ਜੱਸੀ, ਜਗਦੀਸ ਪ੍ਰੀਤਮ, ਜਸਕਰਨ ਲੰਡੇ ਅਤੇ ਜਸਵੰਤ ਗਿੱਲ ਸਮਾਲਸਰ ਆਦਿ ਨੇ ਅਮਰ ਘੋਲੀਆ ਨੂੰ ਇਸ ਸਨਮਾਨ ਲਈ ਵਧਾਈ ਦਿੱਤੀ। ਘੋਲੀਆ ਦੇ ਸਨਮਾਨ ਨਾਲ ਇਲਾਕੇ ਦੇ ਸਾਹਿਤਕਾਰਾਂ ਅਤੇ ਵਿੱਦਿਅਕ ਹਲਕਿਆਂ ਵਿੱਚ ਖੁਸ਼ੀ ਦੀ ਲਹਿਰ ਹੈ।