ਐੱਸ.ਵਾਈ.ਐੱਲ. ਦੇ ਮੁੱਦੇ ’ਤੇ ਸੁਪਰੀਮ ਕੋਰਟ ਦੀ ਟਿੱਪਣੀ ਪੰਜਾਬ ਲਈ ਘਾਤਕ-ਕਿਸਾਨ ਆਗੂ
ਕੋਟ ਈਸੇ ਖਾਂ,12 ਜੁਲਾਈ (ਪੱਤਰ ਪਰੇਰਕ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਨਿਰਮਲ ਸਿੰਘ ਮਾਣੂੰਕੇ, ਜਰਨਲ ਸਕੱਤਰ ਗੁਲਜ਼ਾਰ ਸਿੰਘ ਘੱਲ-ਕਲਾਂ, ਬਲਾਕ ਪ੍ਰਧਾਨ ਸੁਖਵਿੰਦਰ ਸਿੰਘ ਵਿਰਕ, ਜਰਨਲ ਸਕੱਤਰ ਮੰਦਰਜੀਤ ਸਿੰਘ ਮਨਾਵਾਂ, ਮੀਤ ਪ੍ਰਧਾਨ ਹਰਬੰਸ ਸਿੰਘ, ਨੰਬਰਦਾਰ ਬਲਵੀਰ ਸਿੰਘ, ਨੰਬਰਦਾਰ ਹਰਪਿੰਦਰ ਸਿੰਘ ਮਸੀਤਾਂ, ਸੂਬਾ ਸਕੱਤਰ ਸੁਖਜਿੰਦਰ ਸਿੰਘ ਖੋਸਾ, ਸੂਬਾ ਆਗੂ ਸਾਰਜ ਸਿੰਘ ਬ੍ਰਾਹਮਕੇ ਆਦਿ ਆਗੂਆਂ ਨੇ ਦਾਣਾ ਮੰਡੀ ਕੋਟ ਈਸੇ ਖਾਂ ਵਿਖੇ ਐੱਸ.ਵਾਈ.ਐੱਲ. ਨਹਿਰ ਦੇ ਮੁੱਦੇ ’ਤੇ ਸੁਪਰੀਮ ਕੋਰਟ ਵੱਲੋਂ ਕੀਤੀ ਗਈ ਟਿੱਪਣੀ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮਾਨਯੋਗ ਸੁਪਰੀਮ ਕੋਰਟ ਵੱਲੋਂ ਪੰਜਾਬ ਵਿਚ ਪਾਣੀ ਹੈ ਜਾਂ ਨਹੀਂ ਸਬੰਧੀ ਕੀਤੀ ਗਈ ਟਿੱਪਣੀ ਅਤੇ ਪੰਜਾਬ ਦੇ ਹਿੱਤਾਂ ਨੂੰ ਨਜ਼ਰ ਅੰਦਾਜ਼ ਕਰਦਿਆਂ ਦੋ ਮਹੀਨਿਆਂ ਵਿਚ ਨਹਿਰ ਨੂੰ ਬਣਾਉਣ ਸਬੰਧੀ ਦਿੱਤੇ ਗਏ ਫੈਸਲੇ ਨਾਲ ਜਿੱਥੇ ਪੰਜਾਬ ਦੇ ਕਿਸਾਨਾਂ ਵਿਚ ਘੋਰ ਨਿਰਾਸ਼ਾ ਪਾਈ ਜਾ ਰਹੀ ਹੈ, ਉਥੇ ਹੀ ਇਹ ਫੈਸਲਾ ਸੂਬੇ ਲਈ ਵੀ ਮਾਰੂ ਸਾਬਤ ਹਵੇਗਾ। ਆਗੂਆਂ ਨੇ ਸੁਪਰੀਮ ਕੋਰਟ ਦੇ ਫੈਸਲੇ ’ਤੇ ਗਹਿਰੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਪੰਜਾਬ ਵਿਚ ਪਾਣੀ ਦਾ ਪੱਧਰ ਪਹਿਲਾਂ ਹੀ ਬਹੁਤ ਹੇਠਾਂ ਜਾ ਚੁੱਕਿਆ ਹੈ ਅਤੇ ਬਚੇ ਪਾਣੀ ਵਿਚ ਵੀ ਐਨਾ ਜ਼ਹਿਰੀਲਾਪਣ ਹੈ ਕਿ ਪੰਜਾਬ ਦੇ ਲੋਕ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਚੁੱਕੇ ਹਨ। ਉਨਾਂ ਕਿਹਾ ਕਿ ਪੰਜਾਬ ਦਾ ਕਿਸਾਨ ਪਹਿਲਾਂ ਹੀ ਆਰਥਿਕ ਤੌਰ ’ਤੇ ਟੁੱਟ ਚੁੱਕੇ ਹਨ ਅਤੇ ਜੇਕਰ ਹੁਣ ਪੰਜਾਬ ਕੋਲ ਬਚੇ ਪਾਣੀ ਨੂੰ ਕਿਸੇ ਹੋਰ ਸੂਬੇ ਨਾਲ ਵੰਡ ਦਿੱਤਾ ਗਿਆ ਤਾਂ ਪੰਜਾਬ ਦੀ ਕਿਸਾਨੀ ਦੇ ਖਾਤਮੇ ਦੇ ਨਾਲ-ਨਾਲ ਸੂਬਾ ਵੀ ਬਰਬਾਦ ਹੋ ਜਾਵੇਗਾ। ਕਿਸਾਨ ਆਗੂਆਂ ਨੇ ਮਾਨਯੋਗ ਅਦਾਲਤ ਨੂੰ ਪੰਜਾਬ ਦੇ ਹਿੱਤਾਂ ਨੂੰ ਦੇਖਦਿਆਂ ਫੈਸਲੇ ’ਤੇ ਦੁਬਾਰਾ ਵਿਚਾਰ ਕਰਨ ਦੀ ਅਪੀਲ ਕੀਤੀ।