ਐੱਸ.ਐੱਸ.ਏ ਰਮਸਾ ਅਧਿਆਪਕ ਯੂਨੀਅਨ ਵੱਲੋਂ 16 ਜੁਲਾਈ ਨੂੰ ਪਟਿਆਲਾ ਵਿਖੇ ਸੂਬਾ ਪੱਧਰੀ ਕੰਨਵੈਨਸ਼ਨ ਅਤੇ ਰੋਸ ਮਾਰਚ
ਮੋਗਾ,12 ਜੁਲਾਈ (ਜਸ਼ਨ):ਪਿਛਲੇ ਨੌਂ ਸਾਲਾਂ ਤੋਂ ਸਰਕਾਰ ਦੀ ਵਿਤਕਰੇਬਾਜ਼ੀ ਦਾ ਸੰਤਾਪ ਹੰਢਾ ਰਹੇ ਐੱਸ.ਐੱਸ.ਏ./ਰਮਸਾ ਅਧਿਆਪਕਾਂ ਦੀ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਸੁਖਜਿੰਦਰ ਸਿੰਘ ਤੇ ਜ਼ਿਲ੍ਹਾ ਜਨਰਲ ਸਕੱਤਰ ਗੁਰਪ੍ਰੀਤ ਅਮੀਂਵਾਲਾ ਵਲੋਂ ਅੱਜ 16 ਜੁਲਾਈ ਨੂੰ ਪਟਿਆਲੇ ਵਿਖੇ ਹੋ ਰਹੀ ਸੂਬਾ ਪਧਰੀ ਕੰਨਵੈਨਸ਼ਨ ਅਤੇ ਰੋਸ ਮਾਰਚ ਦਾ ਪੈੱਸ ਨੋਟ ਜਾਰੀ ਕੀਤਾ ਗਿਆ। ਇਸ ਮੌਕੇ ਰੋਸ ਜ਼ਾਹਰ ਕਰਦਿਆਂ ਜਿਲਾ ਪ੍ਰਧਾਨ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮਹਿਕਮੇ ਦੇ ਨਿਯਮਾਂ ਅਨੁਸਾਰ ਹੋਈ ਭਰਤੀ ਦੇ ਬਾਵਜੂਦ ਪੰਜਾਬ ਸਰਕਾਰ ਵਲੋਂ ਐੱਸ.ਐੱਸ.ਏ./ਰਮਸਾ ਅਧਿਆਪਕਾਂ ਨੂੰ ਨੌਂ ਸਾਲ ਬੀਤਣ ਦੇ ਬਾਵਜੂਦ ਵੀ ਰੈਗੂਲਰ ਨਹੀਂ ਕੀਤਾ ਗਿਆ। ਉਹਨਾਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਸਟੇਜਾਂ ਤੋਂ ਠੇਕਾ ਮੁਲਾਜ਼ਮਾਂ ਨੂੰ ਸਰਕਾਰ ਬਣਦੇ ਹੀ ਰੈਗੂਲਰ ਕਰਨ ਦੇ ਦਾਅਵਾ ਕਰਨ ਵਾਲੇ ਮੁੱਖ ਮੰਤਰੀ ਮੁਲਾਜ਼ਮ ਜਥੇਬੰਦੀਆਂ ਨੂੰ ਮੀਟਿੰਗ ਦੇਣ ਤੋਂ ਵੀ ਇਨਕਾਰੀ ਹਨ। ਜਿਲਾ ਜਨਰਲ ਸਕੱਤਰ ਗੁਰਪ੍ਰੀਤ ਅਮੀਂਵਾਲ ਨੇ ਕਿਹਾ ਕਿ ਪਿਛਲੀ ਸਰਕਾਰ ਨੂੰ ਜਥੇਬੰਦਕ ਸੰਘਰਸ਼ ਅੱਗੇ ਝੁਕ ਕੇ ਠੇਕਾ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਲਈ ‘ਦੀ ਪੰਜਾਬ ਐਡਹਾਕ, ਕੰਟਰੈਕਟ, ਡੇਲੀ ਵੇਜ, ਟਂੈਪਰੇਰੀ, ਵਰਕ ਚਾਰਜਡ ਅਤੇ ਆਉਟਸੋਰਸਿੰਗ ਇੰਮਪਲਾਈਜ ਵੈਲਫੇਅਰ ਬਿੱਲ-2016’ ਦਾ ਕਾਨੂੰਨ ਬਣਾਉਣਾ ਪਿਆ ਸੀ, ਪ੍ਰੰਤੂ ਉਸ ਕਾਨੂੰਨ ਵਿਚ ਸਰਕਾਰ ਵਲੋਂ ਜਾਣ-ਬੁੱਝ ਕਮੀਆਂ ਰੱਖ ਕੇ ਐਕਟ ਨੂੰ ਲਾਗੂ ਕਰਨ ਤੋਂ ਟਾਲਾ ਵੱਟੀ ਰੱਖਿਆ। ਪਰ ਮੌਜੂਦਾ ਸਰਕਾਰ ਵਲੋਂ ਵੀ ਅਕਾਲੀ-ਭਾਜਪਾ ਸਰਕਾਰ ਦੇ ਰਾਹ ਚੱਲਦਿਆਂ 27000 ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਕਾਨੂੰਨ ਅਜੇ ਤੱਕ ਠੰਡੇ ਬਸਤੇ ਵਿਚ ਪਾਇਆ ਹੋਇਆ ਹੈ। ਜਿਸ ਦਾ ਖਮਿਆਜਾ ਪ੍ਰੋਪਰ ਚੈਨਲ ਭਰਤੀ ਹੋਏ ਐੱਸ.ਐੱਸ.ਏ./ਰਮਸਾ ਅਧਿਆਪਕਾਂ ਨੂੰ ਭੁਗਤਣਾ ਪੈ ਰਿਹਾ ਹੈ। ਉਹਨਾਂ ਸਮੂਹ ਐੱਸ.ਐੱਸ.ਏ./ਰਮਸਾ ਅਧਿਆਪਕਾਂ/ਹੈੱਡਮਾਸਟਰਾਂ/ਲੈਬ ਅਟੈਂਡਟਾਂ ਨੂੰ ਵੱਧ ਤੋਂ ਵੱਧ ਗਿਣਤੀ ਵਿਚ 16 ਜੁਲਾਈ ਨੂੰ ਪਟਿਆਲਾ ਵਿਖੇ ਪਹੁੰਚਣ ਦੀ ਤੇ ਨਾਲ ਹੀ ਸਮੂਹ ਭਰਾਤਰੀ ਜਥੇਬੰਦੀਆਂ ਤੋਂ ਸਹਿਯੋਗ ਲਈ ਅਪੀਲ ਕੀਤੀ ।