ਕਰਨਲ ਬਾਬੂ ਸਿੰਘ ਦੀ ਅਗਵਾਈ ’ਚ ਕਾਂਗਰਸ ਦੀ ਜ਼ਿਲਾ ਪੱਧਰੀ ਮੀਟਿੰਗ ਹੋਈ
ਮੋਗਾ, 12 ਜੁਲਾਈ (ਜਸ਼ਨ)- ਅੱਜ ਮੋਗਾ ਦੇ ਸਰਕਟ ਹਾੳੂਸ ਵਿਖੇ ਕਾਂਗਰਸ ਦੀ ਜ਼ਿਲਾ ਪੱਧਰੀ ਮੀਟਿੰਗ ਜਿਲਾ ਪ੍ਰਧਾਨ ਕਰਨਲ ਬਾਬੂ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਸਰਕਾਰ ਦੇ 100 ਦਿਨ ਪੂਰੇ ਹੋਣ, ਕਾਂਗਰਸ ਪਾਰਟੀ ਦੀ ਮੈਂਬਰਸ਼ਿਪ ਅਤੇ ਨਵੀਆਂ ਬਣ ਰਹੀਆਂ ਵੋਟਾਂ ਨੂੰ ਲੈ ਕੇ ਵਿਚਾਰ ਚਰਚਾ ਕੀਤੀ ਗਈ । ਅੱਜ ਦੀ ਮੀਟਿੰਗ ਵਿਚ ਹਲਕਾ ਧਰਮਕੋਟ ਦੇ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ ,ਮੋਗਾ ਹਲਕੇ ਦੇ ਵਿਧਾਇਕ ਡਾ: ਹਰੋਜਤ ਕਮਲ ,ਬਾਘਾਪੁਰਾਣਾ ਹਲਕੇ ਦੇ ਵਿਧਾਇਕ ਦਰਸ਼ਨ ਸਿੰਘ ਬਰਾੜ , ਕਾਂਗਰਸ ਦੇ ਸ਼ਹਿਰੀ ਪ੍ਰਧਾਨ ਵਿਨੋਦ ਬਾਂਸਲ ,ਸੂਬਾ ਸਕੱਤਰ ਰਵਿੰਦਰ ਸਿੰਘ ਐਡਵੋਕੇਟ ਰਵੀ ਗਰੇਵਾਲ , ਜਗਸੀਰ ਸਿੰਘ ਮੰਗੇਵਾਲਾ ਸੂਬਾ ਸਕੱਤਰ ,ਡਾ: ਤਾਰਾ ਸਿੰਘ ਸੰਧੂ ਤੋਂ ਇਲਾਵਾ ਸੀਨੀਅਰ ਕਾਂਗਰਸੀ ਆਗੂਆਂ ਅਤੇ ਵਰਕਰਾਂ ਨੇ ਸ਼ਮੂਲੀਅਤ ਕੀਤੀ । ਇਸ ਮੀਟਿੰਗ ਵਿਚ ਜਿਲੇ ਭਰ ਤੋਂ ਪਹੰੁਚੇ ਅਹੁਦੇਦਾਰਾਂ ਅਤੇ ਵਰਕਰਾਂ ਦੀ ਸ਼ਮੂਲੀਅਤ ਨਾਲ ਕਰਨਲ ਬਾਬੂ ਸਿੰਘ ਇਕ ਵਾਰ ਫਿਰ ਤੋਂ ਜ਼ਿਲਾ ਪ੍ਰਧਾਨ ਵਜੋਂ ਸਫਲ ਪੱਥ ਪ੍ਰਦਰਸ਼ਕ ਦੇ ਤੌਰ ’ਤੇ ਉਭਰਨ ਵਿਚ ਸਫਲ ਰਹੇ। ਮੀਟਿੰਗ ਦੌਰਾਨ ਵੱਖ ਵੱਖ ਬੁਲਾਰਿਆਂ ਨੇ ਸੂਬੇ ਵਿਚ ਕਾਂਗਰਸ ਦੇ 100 ਦਿਨ ਪੂਰੇ ਹੋਣ ’ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਕਾਂਗਰਸ ਦੇ ਰੂਹੇ ਰਵਾਂ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਬਣਨ ਤੋਂ ਬਾਅਦ ਜਿਨੇ ਵੀ ਫੈਸਲੇ ਲਏ ਹਨ ਉਹ ਬੇਹੱਦ ਸ਼ਲਾਘਾਯੋਗ ਹਨ । ਉਹਨਾਂ ਕਿਹਾ ਕਿ ਕੈਪਟਨ ਨੇ ਜੋ ਵਾਅਦੇ ਚੋਣਾਂ ਤੋਂ ਪਹਿਲਾਂ ਕੀਤੇ ਸਨ ਉਹਨਾਂ ਨੂੰ ਪੂਰਾ ਕਰਨ ਲਈ ਹਰ ਸੰਭਵ ਕੋਸ਼ਿਸ ਕਰ ਰਹੇ ਹਨ। ਉਹਨਾਂ ਕਿਹਾ ਕਿ ਵਰਕਰ ਸਰਕਾਰ ਵੱਲੋਂ 100 ਦਿਨਾਂ ਵਿਚ ਕੀਤੇ ਕੰਮਾਂ , ਸਰਕਾਰ ਦੇ ਸੁਹਿਰਦ ਫੈਸਲਿਆਂ ਅਤੇ ਉਸਾਰੂ ਨੀਤੀਆਂ ਨੂੰ ਪਿੰਡਾਂ ਦੀਆਂ ਸੱਥਾਂ ਵਿਚ ਲੋਕਾਂ ਨਾਲ ਸਾਂਝੀਆਂ ਕਰਨ ਤਾਂ ਕਿ ਸਰਕਾਰ ਦੀਆਂ ਲੋਕਪੱਖੀ ਨੀਤੀਆਂ ਨੂੰ ਘਰ ਘਰ ਪਹੰੁਚਾਇਆ ਜਾ ਸਕੇ। ਉਹਨਾਂ ਕੈਪਟਨ ਵੱਲੋਂ ਸੂਬੇ ਦੇ ਪਾਣੀਆਂ ਦੀ ਇਕ ਵੀ ਬੂੰਦ ਪੰਜਾਬ ਤੋਂ ਬਾਹਰ ਨਾ ਜਾਣ ਦੇਣ ਦੇ ਮਸਲੇ ਨੂੰ ਕੇਂਦਰ ਸਰਕਾਰ ਨਾਲ ਗੱਲਬਾਤ ਰਾਹੀਂ ਹੱਲ ਕਰਵਾਉਣ ਦੀ ਵੀ ਪ੍ਰਸ਼ੰਸਾ ਕੀਤੀ । ਇਸ ਮੌਕੇ ਹਲਕਾ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ ਨੇ ਕਿਹਾ ਕਿ ਕੈਪਟਨ ਦੇ ਰਾਜ ਵਿਚ ਕਿਸਾਨਾਂ ਨੂੰ ਆਪਣੀ ਫਸਲ ਵੇਚਣ ਵਿਚ ਕਿਸੇ ਤਰਾਂ ਦੀ ਕੋਈ ਦਿੱਕਤ ਨਹੀਂ ਆਈ ਤੇ ਫਸਲ ਵਿਕਣ ’ਤੇ ਨਾਲੋ-ਨਾਲ ਫਸਲ ਦੀ ਅਦਾਇਗੀ ਕੀਤੀ ਗਈ। ਉਨਾਂ ਕਿਹਾ ਕਿ ਹੁਣ ਰਾਸ਼ਨ ਕਾਰਡ ਦੁਬਾਰਾ ਬਣ ਰਹੇ ਹਨ, ਜਿਨਾਂ ਨੂੰ ਅਕਾਲੀਆਂ ਨੇ ਨੀਲੇ ਕਾਰਡ ਦਾ ਨਾਂ ਦਿੱਤਾ ਸੀ ਅਤੇ ਅਕਾਲੀਆਂ ਨੇ ਜਿਨਾਂ ਕੋਲ ਜ਼ਮੀਨ ਜਾਇਦਾਦ ਸੀ, ਉਨਾਂ ਦੇ ਵੀ ਇਹ ਕਾਰਡ ਬਣਾਏ ਹੋਏ ਸਨ, ਪਰ ਹੁਣ ਸਰਕਾਰ ਇਨਾਂ ਦੀ ਜਾਂਚ ਪੜਤਾਲ ਤੋਂ ਬਾਅਦ ਦੁਬਾਰਾ ਬੀਪੀਐਲ ਕਾਰਡ ਜਾਰੀ ਕਰੇਗੀ। ਉਹਨਾਂ ਮੀਟਿੰਗ ਦੇ ਏਜੰਡੇ ਸਬੰਧੀ ਕਿਹਾ ਕਿ ਕਾਂਗਰਸ ਵਿਚ ਸ਼ੁਰੂ ਕੀਤੀ ਭਰਤੀ ਮੁਹਿੰਮ ਦੌਰਾਨ ਭਰੇ ਫਾਰਮਾਂ ਨੂੰ ਸਾਰੇ ਵਰਕਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਦਫਤਰ ਵਿਖੇ ਪੁੱਜਦਾ ਕਰਨ ਤਾਂ ਕਿ ਉਹਨਾਂ ਨੂੰ ਮੈਂਬਰਸਿੱਪ ਕਾਰਡ ਦਿੱਤੇ ਜਾ ਸਕਣ। ਇਸ ਮੌਕੇ ਡਾ. ਹਰਜੋਤ ਕਮਲ ਨੇ ਕਿਹਾ ਕਿ ਕਾਂਗਰਸੀ ਵਰਕਰਾਂ ਨੇ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾਉਣ ਲਈ ਪੂਰੀ ਤਨਦੇਹੀ ਨਾਲ ਮਿਹਨਤ ਕੀਤੀ ਉਸੇ ਤਰਾਂ ਹੀ ਹੁਣ ਪਾਰਟੀ ਦੀ ਮੈਂਬਰਸ਼ਿਪ ਲਈ ਕੰਮ ਕੀਤਾ ਜਾਵੇ। ਉਨਾਂ ਕਿਹਾ ਕਿ ਕਈ ਅਫਸਰਾਂ ਨੇ ਪੱਗਾਂ ਦੇ ਰੰਗ ਹੀ ਬਦਲੇ ਨੇ ਪਰ ਅੰਡਰਵੀਅਰ ਅਜੇ ਵੀ ਨੀਲੇ ਹੀ ਨੇ ਸੋ ਅਫਸਰਸ਼ਾਹੀ ਅਜੇ ਵੀ ਅਕਾਲੀ ਰੰਗ ਵਿਚ ਰੰਗੀ ਹੋਣ ਕਰਕੇ ਵਿਕਾਸ ਕਾਰਜਾਂ ਨੂੰ ਸਿਰੇ ਲਾਉਣ ਲਈ ਮੁਸ਼ਕਿਲ ਆ ਰਹੀ ਹੈ, ਪਰ ਦੂਰ ਦੁਰਾਡੇ ਬਦਲੀਆਂ ਕਰਨ ਉਪਰੰਤ ਸਿਸਟਮ ਠੀਕ ਹੋ ਜਾਵੇਗਾ। ਉਨਾਂ ਭੁੱਖ ਹੜਤਾਲ ’ਤੇ ਬੈਠੇ ਨਗਰ ਨਿਗਮ ਦੇ ਕੌਂਸਲਰਾਂ ਬਾਰੇ ਗੱਲ ਕਰਦਿਆਂ ਕਿਹਾ ਕਿ ਜਦੋਂ ਦਸ ਸਾਲ ਅਕਾਲੀ ਦਲ ਦਾ ਰਾਜ ਸੀ ਤਾਂ ਉਸ ਸਮੇਂ ਇਨਾਂ ਕੌਂਸਲਰਾਂ ਨੇ ਮੋਗੇ ਦੇ ਵਿਕਾਸ ਲਈ ਧਰਨੇ ਕਿਉਂ ਨਹੀਂ ਲਾਏ? ਉਨਾਂ ਕਿਹਾ ਕਿ ਧਰਨੇ ਤੇ ਹੜਤਾਲਾਂ ਮਹਿਜ਼ ਡਰਾਮੇਬਾਜ਼ੀ ਹੈ। ਉਹਨਾਂ ਆਖਿਆ ਕਿ ਚੋਰੀ ਛੁਪੇ ਬਰਗਰ ਖਾ ਕੇ ਮਰਨ ਵਰਤ ਦਾ ਡਰਾਮਾ ਕਰਨ ਵਾਲੇ ਕੌਂਸਲਰਾਂ ਨੂੰ ਆਪਣੀ ਔਕਾਤ ਵਿਚ ਰਹਿਣਾ ਚਾਹੀਦਾ ਹੈ । ਉਹਨਾਂ ਕਿਹਾ ਕਿ ਉਹ ਖੁਦ 2 ਪੁਲਿਸ ਕਰਮੀਆਂ ਨੂੰ ਧਰਨੇ ਨੇੜੇ ਡਿੳੂਟੀ ’ਤੇ ਬਿਠਾਉਣਗੇ ਅਤੇ ਡਾਕਟਰਾਂ ਤੋਂ ਧਰਨਾਕਾਰੀ ਕੌਂਸਲਰਾਂ ਦਾ ਮੁਆਇਨਾ ਕਰਵਾਉਣਗੇ ਤਾਂ ਕਿ ਮਰਨ ਵਰਤ ਦਾ ਡਰਾਮੇਂ ਦਾ ਪਰਦਾਫਾਸ਼ ਕੀਤਾ ਜਾ ਸਕੇ। ਉਨਾਂ ਕਿਹਾ ਕਿ ਮੈਂ ਮੋਗੇ ਹਲਕੇ ਦੇ ਵਿਕਾਸ ਲਈ ਵਚਨਬੱਧ ਹਾਂ ਪਰ ਕੁਝ ਸਮਾਂ ਦਿੱਤਾ ਜਾਵੇ । ਉਹਨਾਂ ਕਿਹਾ ਕਿ 5 ਸਾਲ ਬਾਅਦ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵਿਚ 77 ਸੀਟਾਂ ਨੂੰ 87 ਕਰਨਾ ਉਹਨਾਂ ਦਾ ਮੁੱਖ ਏਜੰਡਾ ਰਹੇਗਾ। ਮੀਟਿੰਗ ਨੂੰ ਸੰਬੋਧਨ ਕਰਦਿਆਂ ਵਿਧਾਇਕ ਦਰਸ਼ਨ ਸਿੰਘ ਬਰਾੜ ਨੇ ਕਿਹਾ ਕਿ ਮੁੱਖ ਮੰਤਰੀ ਨੇ 100 ਦਿਨ ਦੇ ਕਾਰਜਕਾਲ ਵਿਚ ਕਿਸਾਨਾਂ ਦਾ ਕਰਜ਼ਾ ਮੁਆਫ ਕਰਨਾ, ਪੈਨਸ਼ਨ ਅਤੇ ਸ਼ਗਨ ਸਕੀਮ ਵਿਚ ਵਾਧਾ ਕਰਨਾ, ਟਰੱਕ ਯੂਨੀਅਨਾਂ ਨੂੰ ਖਤਮ ਕਰਨਾ ਅਤੇ ਪਾਣੀਆਂ ਦੇ ਮੁੱਦੇ ’ਤੇ ਜੋ ਫੈਸਲੇ ਲਏ ਗਏ ਹਨ, ਉਹ ਬਹੁਤ ਮਹੱਤਵਪੂਰਨ ਹਨ। ਦਰਸ਼ਨ ਬਰਾੜ ਨੇ ਕਰਨਲ ਬਾਬੂ ਸਿੰਘ ਵੱਲੋਂ ਚਾਹ ਪਾਣੀ ਦੇ ਕੀਤੇ ਪ੍ਰਬੰਧਾਂ ’ਤੇ ਚੁਟਕੀ ਲੈਂਦਿਆਂ ਆਖਿਆ ਕਿ ਉਹ ਖੁਦ ਜਦੋਂ ਜ਼ਿਲਾਂ ਪ੍ਰਧਾਨ ਸਨ ਤਾਂ ਉਹ ਵੀ ਕਰਨਲ ਬਾਬੂ ਸਿੰਘ ਵਾਂਗ ਵਰਕਰਾਂ ਨੂੰ ਚਾਹ ਜ਼ਰੂਰ ਪਿਆਉਂਦੇ ਸਨ ਤੇ ਸਮੋਸੇ ਬੇਸ਼ੱਕ ਹਰਜੋਤ ਕਮਲ ਦੇ ਹੰੁਦੇ ਸਨ । ਉਹਨਾਂ ਹਰਜੋਤ ਕਮਲ ਵੱਲੋਂ ਰਾਜਸੀ ਕਿੜ ਨਾ ਕੱਢਣ ਵਾਲੀ ਰਾਜਨੀਤੀ ਕਰਨ ਤੋਂ ਉਲਟ ਬਿਆਨ ਦਿੰਦਿਆਂ ਆਖਿਆ ਕਿ ਜੇ ਅਕਾਲੀਆਂ ਨੂੰ 21 ਦੀ 31 ਨਾ ਪਾਈ ਤਾਂ ਪਤਾ ਕਿਵੇਂ ਲੱਗੂ ਕਿ ਕਾਂਗਰਸ ਸੱਤਾ ਵਿਚ ਆ ਚੁੱਕੀ ਹੈ। ਉਹਨਾਂ ਆਖਿਆ ਕਿ ਜਦੋਂ ਕਾਂਗਰਸੀ ਧਰਨੇ ’ਤੇ ਬੈਠਦੇ ਸੀ ਤਾਂ ਗਰਮ ਲੁੱਕ ਉਹਨਾਂ ਦੇ ------- ਸਾੜ ਛੱਡਦੀ ਸੀ। ਉਹਨਾਂ ਬਾਘਾਪੁਰਾਣਾ ਹਲਕੇ ਵਿਚ ਧਰਨੇ ’ਤੇ ਬੈਠਣ ਵਾਲੇ ਅਕਾਲੀਆਂ ਨੂੰ ਸੰਬੋਧਨ ਕਰਦਿਆਂ ਆਖਿਆ ‘ ਪੁੱਤ ਅਜੇ ਤਾਂ ਸੇਰ ’ਚੋਂ ਪੂਣੀ ਨੀ ਕੱਤੀ ਸਾਰੇ ਹਿਸਾਬ ਲਵਾਂਗੇ’। ਮੀਟਿੰਗ ਨੂੰ ਸੰਬੋਧਨ ਕਰਦਿਆਂ ਡਾ. ਤਾਰਾ ਸਿੰਘ ਸੰਧੂ ਨੇ ਪਾਣੀਆਂ ਦਾ ਮੁੱਦਾ ਉਠਾਇਆ ਅਤੇ ਪਾਰਟੀ ਨੂੰ ਇਸ ਮੁੱਦੇ ’ਤੇ ਠੋਸ ਐਕਸ਼ਨ ਲੈਣ ਲਈ ਅਪੀਲ ਕੀਤੀ। ਅਖੀਰ ਵਿਚ ਕਰਨਲ ਬਾਬੂ ਸਿੰਘ ਨੇ ਆਏ ਹੋਏ ਆਗੂਆਂ ਅਤੇ ਵਰਕਰਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਕਾਂਗਰਸ ਸਰਕਾਰ ਚੋਣਾਂ ਦੌਰਾਨ ਕੀਤੇ ਵਾਅਦਿਆਂ ਨੂੰ ਪੂਰਾ ਕਰੇਗੀ। ਇਸ ਮੌਕੇ ’ਤੇ ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ ਸੂਬਾ ਸਕੱਤਰ, ਸੀਨੀਅਰ ਵਾਈਸ ਚੇਅਰਮੈਨ ਪਲੈਨਿੰਗ ਐਂਡ ਕੋਆਰਡੀਨੇਸ਼ਨ ਸੈੱਲ ਗੁਰਸੇਵਕ ਸਿੰਘ ਚੀਮਾਂ, ਰਮੇਸ਼ ਕੁੱਕੂ ਸਕੱਤਰ ਪ੍ਰਦੇਸ਼ ਕਾਂਗਰਸ, ਕੌਂਸਲਰ ਨਰਿੰਦਰਪਾਲ ਸਿੰਘ ਸਿੱਧੂ, ਬਲਾਕ ਪ੍ਰਧਾਨ ਜਸਵਿੰਦਰ ਸਿੰਘ ਬਲਖੰਡੀ,ਸਾਬਕਾ ਜ਼ਿਲਾ ਪ੍ਰਧਾਨ ਗੁਰਬਚਨ ਸਿੰਘ ਬਰਾੜ,ਪੰਡਿਤ ਸ਼ਾਮ ਲਾਲ, ਉਪਿੰਦਰ ਗਿੱਲ, ਅਮਰਜੀਤ ਅੰਬੀ, ਡਾ. ਪਵਨ ਥਾਪਰ, ਠਾਣਾ ਸਿੰਘ ਜੌਹਲ,ਸ਼ਿਵਾਜ਼ ਸਿੰਘ ਭੋਲਾ, ਅਵਤਾਰ ਸਿੰਘ ਪੀਏ ਮਨਪ੍ਰੀਤ ਸਿੰਘ ਪੀ ਏ, ਵੀਰਪਾਲ ਕੌਰ ਮਹਿਲਾ ਕਾਂਗਰਸ ਪ੍ਰਧਾਨ, ਕਮਲਜੀਤ ਕੌਰ ਧੱਲੇਕੇ, ਰੀਮਾ ਰਾਣੀ, ਜਗਦੀਸ਼ ਗੱਗੂ ਜ਼ਿਲਾ ਪ੍ਰਧਾਨ ਵਪਾਰ ਸੈੱਲ , ਸੇਵਕ ਸਿੰਘ ,ਗੋਗਾ ਸੰਗਲਾ,ਪਿ੍ਰੰ: ਪੂਰਨ ਸਿੰਘ ਸੰਧੂ, ਕਰਨੈਲ ਸਿੰਘ ਦੌਧਰੀਆ,ਸੋਹਣ ਸਿੰਘ ਸੱਗੂ, ਅਸ਼ੋਕ ਕਾਲੀਆ, ਗੁਰਚਰਨ ਸਿੰਘ ਸਮਾਧ ਭਾਈ,ਭੋਲਾ ਸਿੰਘ ਸਮਾਧਭਾਈ , ਪਰਮਜੀਤ ਸਿੰਘ ਨੰਗਲ ਆਦਿ ਹਾਜ਼ਰ ਸਨ।