ਕੌਂਸਲਰਾਂ ਵੱਲੋਂ ਲੋਕ ਹਿੱਤਾਂ ਵਿੱਚ ਕੀਤੇ ਜਾ ਰਹੇ ਧਰਨੇ ਮੁਜ਼ਾਹਰੇ ਮਹਿਜ ਇੱਕ ਡਰਾਮਾ-ਰਾਹਗੀਰ
ਮੋਗਾ,10 ਜੁਲਾਈ (ਜਸ਼ਨ)-ਲੋਕ ਹਿਤਾਂ ਦੀ ਰਾਖੀ ਦੇ ਦਾਅਵੇ ਕਰਨ ਵਾਲੇ ਮੋਗਾ ਜ਼ਿਲੇ ਦੇ ਕੌਂਸਲਰਾਂ ਵੱਲੋਂ ਨਗਰ ਨਿਗਮ ਦੇ ਮੇਅਰ ਅਕਸ਼ਿਤ ਜੈਨ ਖਿਲਾਫ ਵਿੱਢੀ ਹੋਈ ਮੁਹਿੰਮ ਤਹਿਤ ਪਿਛਲੇ ਲੰਬੇ ਸਮੇਂ ਤੋਂ ਧਰਨੇ ਮੁਜਾਹਰੇ ਅਤੇ ਮਰਨ ਵਰਤ ਰੱਖ ਕੇ ਕੀਤੇ ਜਾ ਰਹੇ ਰੋਹ ਪ੍ਰਦਰਸ਼ਨ ਨੂੰ ਅੱਗੇ ਤੋਰਦੇ ਹੋਏ ਪ੍ਰਦਰਸ਼ਨਕਾਰੀ ਅੱਜ ਸੜਕਾਂ ’ਤੇ ਆ ਗਏ। ਵਿਰੋਧ ਕਰ ਰਿਹਾ ਕੌਂਸਲਰਾਂ ਦਾ ਇੱਕ ਧੜਾ ਮੋਗਾ ਦੇ ਮੈਜਿਸਟਿਕ ਰੋਡ ਚੌਂਕ ਵਿੱਚ ਚਾਰੋਂ ਪਾਸੇ ਦਾ ਰਸਤਾ ਰੋਕ ਕੇ ਧਰਨਾ ਲਗਾ ਕੇ ਬੈਠ ਗਿਆ। ਅੱਜ ਸੜਕ ਵਿਚਾਲੇ ਧਰਨਾ ਲਗਾਉਣ ਲਈ ਅਤੇ ਰਸਤਾ ਰੋਕਣ ਦੀ ਸਾਰੀ ਪਰਿਕਿਰਿਆ ਲਈ ਪ੍ਰਦਰਸ਼ਨਕਾਰੀ ਕੌਂਸਲਰਾਂ ਨੇ ਕਿਸੇ ਪ੍ਰਸ਼ਾਸ਼ਨਿਕ ਅਧਿਕਾਰੀ ਤੋਂ ਸਹਿਮਤੀ ਨਹੀਂ ਲਈ ਸੀ ਜਿਸ ਕਾਰਨ ਰਾਹਗੀਰਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਜ਼ਿਕਰਯੋਗ ਹੈ ਕਿ ਆਪਣੇ ਆਪ ਨੂੰ ਲੋਕ ਹਿਤੈਸ਼ੀ ਕਹਾਉਣ ਵਾਲੇ ਕੌਂਸਲਰਾਂ ਨੇ ਅੱਜ ਮੈਜਿਸਟਿਕ ਚੌਂਕ ਵਿੱਚ ਧਰਨਾ ਲਗਾ ਕੇ ਰਾਹਗੀਰਾਂ ਨੂੰ ਰੱਜ ਕੇ ਖੱਜਲ-ਖੁਆਰ ਕੀਤਾ। ਲੰਬੇ ਜਾਮ ਵਿੱਚ ਫਸੇ ਅਤੇ ਗਰਮੀ ਵਿੱਚ ਪਸੀਨੇ ਨਾਲ ਭਿੱਜੇ ਆਮ ਲੋਕਾਂ ਨੇ ਇੱਸ ਧਰਨੇ ਨੂੰ ਮਹਿਜ ਇੱਕ ਡਰਾਮਾ ਦੱਸਿਆ ਅਤੇ ਕਿਹਾ ਕਿ ਇਨਾਂ ਕੌਂਸਲਰਾਂ ਨੂੰ ਮੋਗੇ ਦਾ ਵਿਕਾਸ ਅੱਜ ਯਾਦ ਆਇਆ ਹੈ। ਉਨਾਂ ਕਿਹਾ ਕਿ ਅੱਜ ਤੋਂ ਕਰੀਬ 4 ਮਹੀਨੇ ਪਹਿਲਾਂ ਇਹੀ ਮੇਅਰ ਸੀ, ਇਹੀ ਸਾਰੇ ਐਮਸੀ ਸਨ ਅਤੇ ਇਨਾਂ ਦੀ ਹੀ ਭਾਈਵਾਲੀ ਦੀ ਸਰਕਾਰ ਸੀ। ਉਸ ਵੇਲੇ ਕਿਉਂ ਧਰਨੇ ਨਹੀਂ ਲੱਗੇ ਅਤੇ ਵਿਕਾਸ ਤਾਂ ਉਸ ਵੇਲੇ ਵੀ ਨਹੀਂ ਹੋਇਆ। ਹੁਣ ਸਰਕਾਰ ਦੇ ਬਦਲਦਿਆਂ ਹੀ ਇਨਾਂ ਵਿਰੋਧੀ ਧਿਰ ਦੇ ਕੌਂਸਲਰਾਂ ਨੂੰ ਧਰਨੇ ਲਗਾਉਣੇ ਯਾਦ ਆ ਗਏ। ਖੱਜਲ ਖੁਆਰ ਹੋ ਰਹੇ ਹੋਰ ਵੀ ਰਾਹਗੀਰਾਂ ਨੇ ਕੌਂਸਲਰਾਂ ਵੱਲੋਂ ਦਿੱਤੇ ਜਾ ਰਹੇ ਧਰਨੇ ਦੀ ਇਸ ਕਾਰਵਾਈ ਦੀ ਨਿਖੇਧੀ ਕੀਤੀ ਅਤੇ ਇਸ ਨੂੰ ਬਹੁਤ ਹੀ ਮੰਦਭਾਗਾ ਦੱਸਿਆ। ਉਥੇ ਮੌਜੂਦ ਹੋਰ ਵੀ ਰਾਹਗੀਰਾਂ ਨੇ ਸਖਤ ਸ਼ਬਦਾਂ ਵਿੱਚ ਕੌਂਸਲਰਾਂ ਵੱਲੋਂ ਲਗਾਏ ਗਏ ਧਰਨੇ ਦੀ ਨਿੰਦਿਆ ਕਰਦਿਆਂ ਕਿਹਾ ਕਿ ਲੋਕਾਂ ਨੂੰ ਪ੍ਰੇਸ਼ਾਨ ਕਰਕੇ ਖੱਜਲ ਖੁਆਰ ਕਰਕੇ ਇਹ ਕੌਂਸਲਰ ਕੀ ਸਾਬਤ ਕਰਨਾ ਚਾਹੁੰਦੇ ਹਨ । ਉਨਾਂ ਆਖਿਆ ਕਿ ਜੇਕਰ ਇਹਨਾਂ ਦਾ ਵਿਰੋਧ ਮੇਅਰ ਖਿਲਾਫ ਹੈ ਤਾਂ ਧਰਨਾ ਮੇਅਰ ਦੇ ਘਰ ਮੁਹਰੇ ਲਗਾਉਣ । ਉਨਾਂ ਦੱਸਿਆ ਕਿ ਪੁਰਾਣੀ ਕਚਿਹਰੀ ਕੋਲ ਖੜੀ ਇੱਕ ਮਰੂਤੀ ਕਾਰ ਜਿਸ ਵਿੱਚ ਮਰੀਜ ਸੀ ਨੂੰ ਵੀ ਧਰਨਾਕਾਰੀਆਂ ਨੇ ਅੱਗੇ ਨਹੀਂ ਜਾਣ ਦਿੱਤਾ ਅਤੇ ਮਰੀਜ ਦੇ ਰਿਸ਼ਤੇਦਾਰਾਂ ਨੂੰ ਗੱਡੀ ਪਿੱਛੇ ਮੋੜ ਕੇ ਦੂਜੇ ਰਾਸਤੇ ਰਾਹੀਂ ਹਸਪਤਾਲ ਜਾਣਾ ਪਿਆ। ਉਨਾਂ ਮੰਗ ਕੀਤੀ ਕਿ ਪ੍ਰਸ਼ਾਸ਼ਨਿਕ ਅਧਿਕਾਰੀ ਅਤੇ ਪੁਲਸ ਪ੍ਰਸ਼ਾਸ਼ਨ ਅਜਿਹੇ ਧਰਨਾਕਾਰੀਆਂ ਖਿਲਾਫ ਸਖਤ ਕਾਰਵਾਈ ਕਰੇ ਜੋ ਆਪਣੇ ਹਿੱਤਾਂ ਲਈ ਭੋਲੇ ਭਾਲੇ ਲੋਕਾਂ ਨੂੰ ਪ੍ਰੇਸ਼ਾਨ ਕਰਦੇ ਹਨ। ਕੌਂਸਲਰ ਗੋਵਰਧਨ ਪੋਪਲੀ ਨਾਲ ਗੱਲਬਾਤ ਕੀਤੀ ਤਾਂ ਉਨਾਂ ਕਿਹਾ ਕਿ ਸਾਡਾ ਮੰਤਵ ਕਿਸੇ ਨੂੰ ਤੰਗ ਪ੍ਰਰੇਸ਼ਾਨ ਕਰਨਾ ਨਹੀਂ ਹੈ। ਉਨਾਂ ਕਿਹਾ ਕਿ ਸਾਡੇ ਇਸ ਧਰਨੇ ਕਾਰਨ ਕਿਸੇ ਨੂੰ ਕੋਈ ਪ੍ਰੇਸ਼ਾਨੀ ਹੋਈ ਹੋਵੇ ਤਾਂ ਅਸੀਂ ਸਾਰੇ ਕੌਂਸਲਰ ਹੱਥ ਜੋੜ ਕੇ ਮੁਆਫੀ ਮੰਗਦੇ ਹਾਂ। ਉਨਾਂ ਕਿਹਾ ਕਿ ਧਰਨੇ ਦੌਰਾਨ ਕੌਂਸਲਰਾਂ ਵੱਲੋਂ ਕੀਤੇ ਜਾ ਰਹੇ ਸੰਬੋਧਨ ਵਿੱਚ ਵੀ ਜਨਤਾ ਨੂੰ ਆ ਰਹੀਂ ਪ੍ਰੇਸ਼ਾਨੀ ਲਈ ਕੌਂਸਲਰਾਂ ਨੇ ਮੁਆਫੀ ਦੀ ਗੱਲ ਕਹੀ ਸੀ। ਉਨਾਂ ਕਿਹਾ ਕਿ ਸਾਨੂੰ 26 ਦਿਨ ਹੋ ਗਏ ਹਨ ਨਗਰ ਨਿਗਮ ਦੇ ਅੰਦਰ ਜਾਂ ਬਾਹਰ ਧਰਨੇ ਤੇ ਬੈਠੇ। ਉਨਾਂ ਕਿਹਾ ਕਿ ਮਰਨ ਵਰਤ ਤੇ ਬੈਠੇ ਅਸੀਂ ਆਪਣੇ ਲਈ ਨਹੀਂ ਬਲਕਿ ਸ਼ਹਿਰ ਦੇ ਵਿਕਾਸ ਲਈ ਲੜਾਈ ਲੜ ਰਹੇ ਹਾਂ। ਉਨਾਂ ਇਹ ਵੀ ਆਖਿਆ ਕਿ ਕਿਸੇ ਵੀ ਕੌਂਸਲਰ ਦਾ ਇਸ ਧਰਨੇ ਵਿੱਚ ਕੋਈ ਨਿੱਜੀ ਸਵਾਰਥ ਨਹੀਂ ਹੈ। ਉਨਾਂ ਆਖਿਆ ਕਿ ਪਿਛਲੇ 9 ਮਹੀਨਿਆਂ ਤੋਂ ਮੇਅਰ ਨੇ ਕੋਈ ਮੀਟਿੰਗ ਨਹੀਂ ਬੁਲਾਈ ਅਤੇ ਨਾ ਹੀ ਧਰਨੇ ਤੇ ਬੈਠੇ ਕਿਸੇ ਵੀ ਕੌਂਸਲਰ ਨਾਲ ਕੋਈ ਰਾਬਤਾ ਕਾਇਮ ਕੀਤਾ ਹੈ। ਉਨਾਂ ਕਿਹਾ ਕਿ ਕੌਂਸਲਰਾਂ ਦਾ ਇਹ ਧਰਨਾ ਉਹਨੀ ਦੇਰ ਤੱਕ ਜਾਰੀ ਰਹੇਗਾ ਜਿੰਨੀ ਦੇਰ ਤੱਕ ਪਾਸ ਹੋਇਆ ਤਜਵੀਜਾਂ ਉਪਰ ਸ਼ਹਿਰ ਦੇ ਵਿਕਾਸ ਕੰਮ ਸ਼ੁਰੂ ਨਹੀਂ ਹੋ ਜਾਂਦੇ।