ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਤਪ ਅਸਥਾਨ ਚੰਦਪੁਰਾਣਾ ਵਿਖੇ ਪੂਰਨਮਾਸ਼ੀ ਦੇ ਦਿਹਾੜੇ ’ਤੇ ਹੋਇਆ ਭਾਰੀ ਇਕੱਠ
ਮੋਗਾ,10 ਜੁਲਾਈ (ਜਸ਼ਨ)-ਮਾਲਵੇ ਦੇ ਪ੍ਰਸਿੱਧ ਧਾਰਮਿਕ ਅਸਥਾਨ ਦੇਸ਼ਾਂ ਵਿਦੇਸ਼ਾਂ ਵਿੱਚ ਪ੍ਰਸਿੱਧੀ ਹਾਸਲ ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਤਪ ਅਸਥਾਨ ਸੱਚਖੰਡ ਵਾਸੀ ਸੰਤ ਬਾਬਾ ਨਛੱਤਰ ਸਿੰਘ ਜੀ ਚੰਦਪੁਰਾਣਾ ਵਿਖੇ ਹਰ ਮਹੀਨੇ ਦੀ ਤਰਾਂ ਹਾੜ ਮਹੀਨੇ ਦੀ ਪੂਰਨਮਾਸ਼ੀ ਦਾ ਦਿਹਾੜਾ ਮੁੱਖ ਸੇਵਾਦਾਰ ਸੰਤ ਬਾਬਾ ਗੁਰਦੀਪ ਸਿੰਘ ਦੇ ਪ੍ਰਬੰਧਾਂ ਹੇਠ ਸ਼ਰਧਾਲੂ ਸੰਗਤਾਂ ਦੇ ਸਹਿਯੋਗ ਨਾਲ ਸ਼ਰਧਾਪੂਰਵਕ ਮਨਾਇਆ ਗਿਆ। ਗਰਮੀ ਹੋਣ ਦੇ ਬਾਵਜੂਦ ਵੀ ਹਜ਼ਾਰਾਂ ਸੰਗਤਾਂ ਨੇ ਗੁਰੂ ਘਰ ਮੱਥਾ ਟੇਕਿਆ ਅਤੇ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕੀਤਾ। ਸੰਗਤਾਂ ਨੇ ਸੁੰਦਰ ਦਰਬਾਰ ਵਿੱਚ ਸੁਸ਼ੋਭਿਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸਾਹਮਣੇ ਹਾਜ਼ਰੀ ਲਗਵਾਈ। ਇਸ ਮੌਕੇ ਸਹਿਜ ਪਾਠਾਂ ਦੇ ਭੋਗ ਪੈਣ ਉਪਰੰਤ ਸਜੇ ਦੀਵਾਨਾਂ ਵਿੱਚ ਭਾਈ ਸਿਮਰਨਜੀਤ ਸਿੰਘ ਬਾਘਾਪੁਰਾਣਾ, ਭਾਈ ਜਸਪਾਲ ਸਿੰਘ, ਭਾਈ ਇਕਬਾਲ ਸਿੰਘ ਸਮੇਤ ਵੱਖ ਵੱਖ ਰਾਗੀ ਜੱਥਿਆਂ ਨੇ ਸੰਗਤਾਂ ਨੂੰ ਗੁਰ ਇਤਿਹਾਸ ਸੁਣਾ ਕੇ ਨਿਹਾਲ ਕੀਤਾ। ਇਸ ਮੌਕੇ ਸੰਗਤਾਂ ਨੂੰ ਪ੍ਰਵਚਨ ਕਰਦਿਆਂ ਸੰਤ ਬਾਬਾ ਗੁਰਦੀਪ ਸਿੰਘ ਨੇ ਆਖਿਆ ਕਿ ਹਰ ਜੀਵ ਸੰਸਾਰ ਤੇ ਨਾਮ ਸਿਮਰਣ ਵਾਸਤੇ ਆਉਂਦਾ ਹੈ ਪਰ ਸੋਹਣੇ ਪਦਾਰਥਾਂ ਵਿੱਚ ਅਤੇ ਮੋਹ ਮਾਇਆ ਦੇ ਜਾਲ ’ਚ ਫਸ ਕੇ ਉਸ ਪ੍ਰਮਾਤਮਾ ਨੂੰ ਭੁਲਾ ਦਿੰਦਾ ਹੈ। ਉਨਾਂ ਕਿਹਾ ਕਿ ਜੀਵ ਦੁੱਖਾਂ ਵਿੱਚ ਫਸ ਕੇ ਆਪਣਾ ਜੀਵਨ ਖ਼ਰਾਬ ਕਰ ਲੈਂਦਾ ਹੈ। ਉਨਾਂ ਸੰਗਤਾਂ ਨੂੰ ਕਿਹਾ ਕਿ ਆਓ ਅਸੀਂ ਵੱਧ ਤੋਂ ਵੱਧ ਸੰਤਾਂ ਮਹਾਪੁਰਖਾਂ ਦੀ ਸੰਗਤ ਕਰੀਏ। ਇਸ ਮੌਕੇ ਸਟੇਜ ਦੀ ਸੇਵਾ ਦਰਸ਼ਨ ਸਿੰਘ ਡਰੋਲੀ ਭਾਈ ਵੱਲੋ ਨਿਭਾਈ ਗਈ। ਇਸ ਮੌਕੇ ਭਾਈ ਵਿਰਸਾ ਸਿੰਘ ਪ੍ਰਧਾਨ ਫੈਂਡਰੇਸ਼ਨ ਪੰਜਾਬ, ਭਾਈ ਚਮਕੌਰ ਸਿੰਘ ਚੰਦਪੁਰਾਣਾ, ਗੁਰਦੇਵ ਸਿੰਘ ਪੀਆਰਓ, ਪ੍ਰਧਾਨ ਚਮਕੌਰ ਸਿੰਘ ਸੰਘਾ, ਤਰਲੋਕ ਸਿੰਘ ਸਿੰਘਾਂਵਾਲਾ, ਹੌਲਦਾਰ ਦੇਵ ਸਿੰਘ, ਲਖਵਿੰਦਰ ਸਿੰਘ ਬੀੜ ਵਾਲੇ, ਰਾਜੂ ਸਿੰਘ ਚੰਦਪੁਰਾਣਾ, ਸੁਰਜੀਤ ਸਿੰਘ ਲੰਗੇਆਣਾ, ਡਾ: ਅਵਤਾਰ ਸਿੰਘ, ਜਸਵਿੰਦਰ ਸਿੰਘ ਸਰਹਾਲੀ ਆਦਿ ਹਾਜ਼ਰ ਸਨ।