ਪੰਜਾਬ ਪੈਨਸ਼ਨਰਜ਼ ਯੂਨੀਅਨ ਜ਼ਿਲਾ ਇਕਾਈ ਮੋਗਾ ਦੀ ਮਹੀਨਾਵਾਰ ਮੀਟਿੰਗ ਹੋਈ

ਮੋਗਾ,10 ਜੁਲਾਈ (ਜਸ਼ਨ)- ਅੱਜ ਪੰਜਾਬ ਪੈਨਸ਼ਨਰਜ਼ ਯੂਨੀਅਨ ਇਕਾਈ ਜ਼ਿਲਾ ਮੋਗਾ ਦੀ ਮਹੀਨਵਾਰ ਮੀਟਿੰਗ ਯੂਨੀਅਨ ਦੇ ਜ਼ਿਲਾ ਪ੍ਰਧਾਨ ਚਮਕੌਰ ਸਿੰਘ ਡਗਰੂ ਦੀ ਪ੍ਰਧਾਨਗੀ ਹੇਠ ਹੋਈ। ਇਹ ਮੀਟਿੰਗ ਕਾਮਰੇਡ ਸਤੀਸ਼ ਲੂੰਬਾ ਹਾਲ ਵਿੱਚ ਹੋਈ। ਇਸ ਮੌਕੇ ਪੈਨਸ਼ਨਰਾਂ ਦੇ ਮਸਲਿਆਂ ਤੇ ਵਿਚਾਰ ਕਰਨ ਲਈ ਵੱਖ-ਵੱਖ ਬੁਲਾਰਿਆਂ ਨੇ ਆਪਣੇ ਵਿਚਾਰ ਰੱਖੇ। ਇਸ ਮੌਕੇ ਪਸਸਫ ਦੇ ਡਿਪਟੀ ਜਨਰਲ ਸਕੱਤਰ ਕਾ. ਜਗਦੀਸ਼ ਸਿੰਘ ਚਾਹਲ ਅਤੇ ਸੂਬਾਈ ਮੀਤ ਪ੍ਰਧਾਨ ਦਰਸ਼ਨ ਸਿੰਘ ਟੂਟੀ ਵਿਸ਼ੇਸ਼ ਤੌਰ’ਤੇ ਪਹੁੰਚੇ। ਜਗਦੀਸ਼ ਚਾਹਲ ਨੇ ਸੰਬੋਧਨ ਕਰਦੇ ਸਮੇਂ ਕਾ. ਬਲਵਿੰਦਰ ਸਿੰਘ ਸੰਧੂ ਦੀ ਬਰਸੀ ਦੀ ਕਾਰਵਾਈ ਦੀ ਰਿਪੋਰਟਿੰਗ ਕੀਤੀ ਅਤੇ ਕਿਹਾ ਕਿ ਪੰਜਾਬ ਸਰਕਾਰ ਬੱਜਟ ਦਾ ਵੱਡਾ ਹਿੱਸਾ ਮੁਲਾਜ਼ਮਾਂ ਦੀਆਂ ਤਨਖਾਹਾਂ ਤੇ ਵਰਤੇ ਜਾਣ ਦਾ ਢੰਡੋਰਾ ਪਿੱਟ ਰਹੀ ਹੈ ਜਦਕਿ ਅਫ਼ਸਰਸ਼ਾਹੀ ਅਤੇ ਐਮ.ਐਲ.ਏ.ਜ਼ ਦੀਆਂ ਤਨਖਾਹਾਂ ਅਤੇ ਭੱਤਿਆਂ ਤੇ ਸਭ ਤੋਂ ਵੱਧ ਖਰਚ ਹੁੰਦਾ ਹੈ। ਬਾਕੀ ਮੁਲਾਜ਼ਮਾਂ ਦੀਆਂ ਤਨਖਾਹਾਂ ਤਾਂ 30% ਵੀ ਨਹੀਂ ਬਣਦੀਆਂ। ਉਨਾਂ ਇਹ ਵੀ ਕਿਹਾ ਕਿ ਸਰਕਾਰ ਦੀ ਨੀਅਤ ਸਾਫ਼ ਨਹੀਂ। ਉਨਾਂ ਕਿਹਾ ਕਿ ਰੋਡਵੇਜ਼ ਵਿੱਚੋਂ ਬੱਸਾਂ ਕੰਡਮ ਕੀਤੀਆਂ ਜਾ ਰਹੀਆਂ ਹਨ ਪਰ ਨਵੀਆਂ ਬੱਸਾਂ ਕਿਲੋਮੀਟਰ ਸਕੀਮ ਵਿੱਚ ਪਾਈਆਂ ਜਾ ਰਹੀਆਂ ਹਨ। ਉਨਾਂ ਕਿਲੋਮੀਟਰ ਸਕੀਮ ਵਿੱਚ ਬੱਸਾਂ ਪਾਉਣ ਦੀ ਨਿਖੇਧੀ ਕਰਦਿਆਂ ਮੰਗ ਕੀਤੀ ਕਿ ਇਹ ਬੱਸਾਂ ਪੰਜਾਬ ਰੋਡਵੇਜ਼ ਅਤੇ ਪੀ.ਆਰ.ਟੀ.ਸੀ. ਵਿੱਚ ਹੀ ਪਾਈਆਂ ਜਾਣ। ਇਸ ਮੌਕੇ ਜ.ਸਕੱਤਰ ਭੂਪਿੰਦਰ ਸਿੰਘ ਸੇਖੋਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਛੇਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਜਲਦੀ ਲਾਗੂ ਕੀਤੀ ਜਾਵੇ ਉਨਾ ਚਿਰ ਤੱਕ 20% ਅੰਤਰੀਮ ਰਿਲੀਫ਼ ਦਿੱਤੀ ਜਾਵੇ, ਠੇਕੇ ਤੇ ਅਤੇ ਆਊਟ ਸੋਰਸ ਸਕੀਮ ਅਧੀਨ ਕੰਮ ਕਰਦੇ ਮੁਲਾਜ਼ਮਾਂ ਨੂੰ ਰੈਗੂਲਰ ਕੀਤਾ ਜਾਵੇ, ਪੰਜਵੇਂ ਤਨਖਾਹ ਕਮਿਸ਼ਨ ਦੀਅ੍ਾਂ ਤਰੁੱਟੀਆਂ ਦੂਰ ਕੀਤੀਆਂ ਜਾਣ, ਪੈਨਸ਼ਨ ਸੋਧ ਫਾਰਮੂਲਾ ਸਾਰੇ ਮੁਲਾਜ਼ਮਾਂ ਤੇ ਇੱਕੋ ਜਿਹਾ ਲਾਗੂ ਕੀਤਾ ਜਾਵੇ। ਇਸ ਮੌਕੇ ਪੋਹਲਾ ਸਿੰਘ ਬਰਾੜ ਨੇ ਕਿਹਾ ਕਿ ਸਰਕਾਰ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਨ ਬਾਰੇ ਆਪਣੇ ਵਾਅਦੇ ਤੋਂ ਭੱਜ ਗਈ ਹੈ ਅਤੇ ਮਜ਼ਦੂਰਾਂ ਬਾਰੇ ਬਿੱਲਕੁਲ ਹੀ ਚੁੱਪ ਧਾਰ ਲਈ ਹੈ ਜਦਕਿ ਮਜ਼ਦੂਰਾਂ ਨੂੰ ਉਨੀਆਂ ਹੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸਭ ਬੁਲਾਰਿਆਂ ਨੇ ਪੰਜਾਬ ਸਰਕਾਰ ਦੀ ਇਸ ਗੱਲ ਤੋਂ ਨਿਖੇਧੀ ਕੀਤੀ ਕਿ ਬੱਜਟ ਵਿੱਚ ਅਤੇ ਹੁਣ ਤੱਕ ਪੰਜਾਬ ਸਰਕਾਰ ਨੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨਾਲ ਕੀਤੇ ਵਾਅਦਿਆਂ ਬਾਰੇ ਬਿੱਲਕੁਲ ਹੀ ਚੁੱਪ ਧਾਰੀ ਹੋਈ ਹੈ। ਪੈਨਸ਼ਨਰਾਂ ਦਾ ਡੀ.ਏ. ਦੀਆਂ ਕਿਸ਼ਤਾਂ ਦਾ ਬਕਾਇਆ ਅਤੇ ਜਨਵਰੀ 2017 ਤੋਂ ਡੀ.ਏ. ਦੀ ਕਿਸ਼ਤ ਦੇਣ ਬਾਰੇ ਸਰਕਾਰ ਨੇ ਅਜੇ ਮੂੰਹ ਨਹੀਂ ਖੋਲਿਆ। ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਸਰਕਾਰ ਕੋਰਟਾਂ ਦੇ ਫੈਸਲੇ ਵੀ ਲਾਗੂ ਕਰਨ ਤੋਂ ਭੱਜ ਰਹੀ ਹੈ। ਉਨਾਂ ਮੰਗ ਕੀਤੀ ਕਿ ਕੋਰਟਾਂ ਦੇ ਫੈਸਲੇ ਜਨਰਲਾਈਜ਼ ਕੀਤੇ ਜਾਣ। ਇਸ ਮੌਕੇ ਸੱਤਪਾਲ ਸਿੰਘ ਡਰਾਈਵਰ ਨੰ: 44  ਅਤੇ ਅਜੀਤ ਸਿਂੰਘ ਕੰਡਕਟਰ ਨੰ: 125 ਨੂੰ 70 ਸਾਲ ਦੀ ਉਮਰ ਹੋਣ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰਧਾਨ ਚਮਕੌਰ ਸਿੰਘ ਡਗਰੂ ਨੇ ਦੱਸਿਆ ਕਿ 14 ਜੁਲਾਈ ਨੂੰ ਡੀਪੂ ਦੇ ਗੇਟ ਤੇ ਗੇਟ ਰੈਲੀ ਕੀਤੀ ਜਾ ਰਹੀ ਹੈ ਅਤੇ 20 ਜੁਲਾਈ 2017 ਨੂੰ ਚੰਡੀਗੜ ਦੇ ਸੈਕਟਰ 43 ਵਿਖੇ ਰੋਸ ਰੈਲੀ ਕੀਤੀ ਜਾ ਰਹੀ ਹੈ ਜਿਸ ਵਿੱਚ ਮੁਲਾਜ਼ਮ ਅਤੇ ਪੈਨਸ਼ਨਰ ਵੱਡੀ ਗਿਣਤੀ ਵਿੱਚ ਸ਼ਾਮਲ ਹੋਣਗੇ। ਜੇ ਫਿਰ ਵੀ ਸਰਕਾਰ ਦੇ ਕੰਨ ਤੇ ਜੂੰ ਨਾ ਸਰਕੀ ਤਾਂ ਸੜਕ ਜਾਮ ਕੀਤੀ ਜਾਵੇਗੀ। ਇਸ ਮੀਟਿੰਗ ਵਿੱਚ ਬਚਿੱਤਰ ਸਿੰਘ ਧੋਥੜ, ਉਂਕਾਰ ਸਿੰਘ ਫਰਵਾਹਾ, ਅਜਮੇਰ ਸਿੰਘ ਦੱਦਾਹੂਰ, ਬਲਕਰਨ ਮੋਗਾ, ਗਿਆਨ ਸਿੰਘ, ਹਰਦਿਆਲ ਸਿੰਘ ਲੰਢੇਕੇ, ਬਾਬੂ ਸਿੰਘ, ਸੁਰਿੰਦਰ ਕੁਮਾਰ ਹੀਰੋ, ਸੁਰਜੀਤ ਸਿੰਘ ਘੋਲੀਆਂ, ਬਲਵਿੰਦਰ ਸਿੰਘ ਘੋਲੀਆ, ਚਮਕੌਰ ਸਿੰਘ ਕਰਾਟੇ, ਭੁਪਿੰਦਰ ਸਿੰਘ ਭਿੰਦਾ, ਸਵਰਨ ਸਿੰਘ ਘਾਲੀ ਜਨਰਲ ਸਕੱਤਰ ਐਮ.ਐਸ.ਯੂਨੀਅਨ, ਮੱਘਰ ਸਿੰਘ, ਲਛਮਣ ਸਿੰਘ ਰਾਊਕੇ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵਰਕਰ ਹਾਜ਼ਰ ਸਨ।