ਟਰੱਕ ਯੂਨੀਅਨਾਂ ਭੰਗ ਕਰਨਾ ਮੁੱਖ ਮੰਤਰੀ ਦਾ ਇਤਿਹਾਸਕ ਅਤੇ ਦਲੇਰਾਨਾ ਕਦਮ-ਰਵੀ ਗਰੇਵਾਲ

ਮੋਗਾ, 8 ਜੁਲਾਈ (ਜਸ਼ਨ): ਸੂਬੇ ਦੇ ਲੋਕ ਜਾਣਦੇ ਹਨ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਮੇਸ਼ਾ ਧੜੱਲੇਦਾਰ ਫੈਸਲੇ ਲਏ ਅਤੇ ਇਸ ਵਾਰ ਵੀ ਮੁੱਖ ਮੰਤਰੀ ਵੱਲੋਂ ਸੂਬੇ ਭਰ ਦੀਆਂ ਟਰੱਕ ਯੂਨੀਅਨਾਂ ਨੂੰ ਭੰਗ ਕਰਨ ਦੇ ਲਏ ਸਖਤ ਫੈਸਲੇ ਨਾਲ ਸੂਬੇ ਦੇ ਵਪਾਰੀਆਂ ਨੂੰ ਵੱਡਾ ਫਾਇਦਾ ਹੋਵੇਗਾ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਕੱਤਰ ਐਡਵੋਕੇਟ ਰਵਿੰਦਰ ਸਿੰਘ ਰਵੀ ਗਰੇਵਾਲ ਨੇ ‘ਸਾਡਾ ਮੋਗਾ ਡੌਟ ਕੌਮ ’ ਦੇ ਪ੍ਰਤੀਨਿੱਧ ਨਾਲ ਗੱਲਬਾਤ ਕਰਦਿਆਂ ਕੀਤਾ। ਉਹਨਾਂ ਕਿਹਾ ਕਿ ਇਸ ਫੈਸਲੇ ਨਾਲ ਜਿੱਥੇ ਸੂਬੇ ਦੇ ਵਪਾਰੀ ਵਰਗ ਨੂੰ ਵੱਡਾ ਲਾਭ ਹੋਵੇਗਾ, ਉਥੇ ਹੀ ਛੋਟੇ ਪੈਮਾਨੇ ਦੇ ਉਦਯੋਪਤੀਆਂ ਨੂੰ ਨੂੰ ਵੀ ਪੈਰਾਂ ’ਤੇ ਖੜੇ ਹੋਣ ਵਿਚ ਮਦਦ ਹੋਵੇਗੀ। ਉਨਾਂ ਦੋਸ਼ ਲਾਇਆ ਕਿ ਕੁੱਝ ਆਗੂਆਂ ਵੱਲੋਂ ਟਰੱਕ  ਯੂਨੀਅਨਾਂ ਨੂੰ ਭੰਗ ਕਰਨ ਦੇ ਫੈਸਲੇ ਦਾ ਵਿਰੋਧ ਸਿਰਫ ਆਪਣੇ ਨਿੱਜੀ ਮੁਫਾਦਾਂ ਲਈ ਕੀਤਾ ਜਾ ਰਿਹਾ ਹੈ । ਉਹਨਾਂ ਕਿਹਾ ਕਿ ਕੈਪਟਨ ਸਰਕਾਰ ਦੇ ਇਸ ਇਤਿਹਾਸਕ ਫੈਸਲੇ ਦਾ ਵਿਰੋਧ ਕਰਨ ਵਾਲੇ ਸਿਰਫ ਉਹ ਲੋਕ ਹੀ ਹਨ ਜਿਨਾਂ ਗੱਠਜੋੜ ਸਰਕਾਰ ਦੇ ਸਮੇਂ ਟਰੱਕ ਯੂਨੀਅਨਾਂ ’ਤੇ ਕਾਬਜ਼ ਹੋ ਕੇ ਚੰਮ ਦੀਆਂ ਚਲਾਈਆਂ ਸਨ । ਰਵੀ ਗਰੇਵਾਲ ਨੇ ਕਿਹਾ ਕਿ ਸਮੁੱਚਾ ਪੰਜਾਬ ਮੁੱਖ ਮੰਤਰੀ ਦੇ ਇਸ ਦਲੇਰਾਨਾ ਅਤੇ ਸੁਚੱਜੇ ਫੈਸਲੇ ਦੀ ਦਿਲੋਂ ਹਮਾਇਤ ਕਰ ਰਿਹਾ ਹੈ । ਉਨਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੰਜਾਬੀਆਂ ਦੇ ਹਰਮਨ ਪਿਆਰੇ ਨੇਤਾ ਹਨ, ਜਿਨਾਂ ਨੇ ਹਮੇਸ਼ਾ ਹੀ ਪੰਜਾਬ ਦੇ ਹਰ ਵਰਗ ਦੀ ਤਰੱਕੀ ਲਈ ਚੰਗੇ ਫੈਸਲੇ ਲਏ ਹਨ ਅਤੇ ਯੂਨੀਅਨਾਂ ਭੰਗ ਕਰਨ ਦਾ ਫੈਸਲਾ ਵੀ ਇਸੇ ਕੜੀ ਦਾ ਹੀ ਹਿੱਸਾ ਹੈ। ਉਨਾਂ ਕਿਹਾ ਕਿ ਇਸ ਫੈਸਲੇ ਦਾ ਆਉਣ ਵਾਲੇ ਸਮੇਂ ’ਚ ਪੰਜਾਬ ਨੂੰ ਵੱਡਾ ਲਾਭ ਹੋਵੇਗਾ।