ਦਾਨ ਕੀਤਾ ਨਾਰੀਅਲ ਬਣਿਆ ਨੌਜਵਾਨ ਲਈ ਕਾਲ ,ਖੋਸਾ ਰਣਧੀਰ ਦਾ 18 ਸਾਲਾ ਨੌਜਵਾਨ ਨਹਿਰ'ਚ ਰੁੜਿਆ
ਕੋਟਈਸੇ ਖਾਂ, 8 ਜੁਲਾਈ (ਜਸ਼ਨ)-ਪਿੰਡ ਖੋਸਾ ਰਣਧੀਰ ਦੇ 18 ਕੁ ਸਾਲਾ ਨੌਜਵਾਨ ਵੱਲੋਂ ਨਹਿਰ ਵਿਚੋਂ ਨਾਰੀਅਲ ਕੱਢਣ ਦੇ ਚੱਕਰ 'ਚ ਨਹਿਰ ਰੁੜ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਘਟਨਾ ਸਥੱਲ ਤੋਂ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਭੁਪਿੰਦਰਜੀਤ ਸਿੰਘ ਉਰਫ ਭਿੰਦਰ ਪੁੱਤਰ ਸਵ. ਦੀਪ ਸਿੰਘ ਪਿੰਡ ਖੋਸਾ ਕੋਟਲਾ ਦੇ ਕਿਸਾਨ ਸ਼ਿੰਦਰ ਸਿੰਘ ਪੁੱਤਰ ਨਿੱਕਾ ਸਿੰਘ ਨਾਲ ਸੀਰੀ ਸੀ, ਸ਼ਿੰਦਰ ਸਿੰਘ ਵੱਲੋਂ ਪਿੰਡ ਘਲੋਟੀ ਅਤੇ ਖੋਸਿਆਂ ਵਿਚਾਲਿਓਂ ਲੰਘਦੀ ਨਹਿਰ ਦੇ ਨਜ਼ਦੀਕ ਠੇਕੇ 'ਤੇ ਜ਼ਮੀਨ ਲਈ ਹੋਈ ਸੀ ਅਤੇ ਰੋਜ਼ਾਨਾ ਦੀ ਤਰਾਂ ਭਿੰਦਰ ਉਥੇ ਖੇਤੀ ਨਾਲ ਸਬੰਧਤ ਕੰਮਕਾਰ ਕਰ ਰਿਹਾ ਸੀ। ਦੁਪਿਹਰ ਸਾਢੇ ਕੁ ਬਾਰਾਂ ਵਜੇ ਸ਼ਿੰਦਰ ਸਿੰਘ ਦਾ ਲੜਕਾ ਗੁਰਵਿੰਦਰ ਸਿੰਘ ਖੇਤ ਚਾਹ ਲੈ ਕੇ ਪਹੁੰਚਿਆ ਅਤੇ ਭਿੰਦਰ ਨੂੰ ਚਾਹ ਪੀਣ ਲਈ ਕਿਹਾ ਪਰ ਭਿੰਦਰ ਨੇ ਪਹਿਲਾਂ ਨਹਿਰ ਵਿਚੋਂ ਨਾਰੀਅਲ ਕੱਢਣ ਦਾ ਕਹਿ ਕੇ ਨਹਿਰ ਵਿਚ ਛਾਲ ਮਾਰ ਦਿੱਤੀ ਅਤੇ ਦੇਖਦਿਆਂ ਹੀ ਦੇਖਦਿਆਂ ਨਹਿਰ ਵਿਚ ਰੁੜ ਗਿਆ। ਖਬਰ ਲਿਖੇ ਜਾਣ ਤੱਕ ਨੌਜਵਾਨ ਦਾ ਕੋਈ ਥਹੁ-ਪਤਾ ਨਹੀਂ ਸੀ ਲੱਗਾ। ਘਟਨਾ ਦਾ ਪਤਾ ਲੱਗਦਿਆਂ ਹੀ ਕੋਟ ਈਸੇ ਖਾਂ ਦੇ ਥਾਣਾ ਮੁਖੀ ਇੰਸਪੈਕਟਰ ਜਸਬੀਰ ਸਿੰਘ ਨੇ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪਹੁੰਚ ਕੇ ਜਾਂਚ ਆਰੰਭ ਦਿੱਤੀ। ਗੁਰਵਿੰਦਰ ਸਿੰਘ ਮੁਤਾਬਿਕ ਮੈਨੂੰ ਤੈਰਨਾ ਨਹੀਂ ਆਉਂਦਾ, ਇਸ ਲਈ ਮੈਂ ਨਹਿਰ ਵਿਚ ਨਹੀਂ ਉਤਰ ਸੱਕਿਆ ਪਰ ਜਦੋਂ ਮੇਰੇ ਸਾਹਮਣੇ ਭਿੰਦਰ ਨਹਿਰ ਵਿਚ ਡੁੱਬ ਰਿਹਾ ਸੀ ਤਾਂ ਮੈਂ ਕਾਫੀ ਰੌਲਾ ਪਾਉਣ ਦੇ ਨਾਲ-ਨਾਲ ਆਪਣਾ ਸਾਫਾ ਵੀ ਨਹਿਰ ਵਿਚ ਸੁੱਟ ਕੇ ਉਸ ਨੂੰ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਮੈਂ ਉਸ ਨੂੰ ਬਚਾਅ ਨਾ ਸਕਿਆ ਤੇ ਉਹ ਨਹਿਰ ਵਿਚ ਡੁੱਬ ਗਿਆ।