ਸ਼ਹਿਨਸ਼ਾਹ ਵਲੀ ਦੀ ਦਰਗਾਹ ’ਤੇ ਸਲਾਨਾ ਮੇਲਾ ਕਰਵਾਇਆ

ਨਿੱਜੀ ਪੱਤਰ ਪ੍ਰੇਰਕ 8ਜੁਲਾਈ, ਧਰਮਕੋਟ : ਹਰ ਸਾਲ ਦੀ ਤਰਾਂ ਪੀਰ ਬਾਬਾ ਸ਼ਹਿਨਸ਼ਾਹ ਵਲੀ ਦੀ ਦਰਗਾਹ ਪਿੰਡ ਚੌਧਰੀ ਵਾਲਾ ਵਿਖੇ ਮੇਲਾ ਪ੍ਰਬੰਧਕ ਕਮੇਟੀ ਅਤੇ ਨਗਰ ਨਿਵਾਸੀ ਸੰਗਤਾਂ ਵੱਲੋਂ ਸਲਾਨਾ ਸੱਭਿਆਚਾਰਕ ਮੇਲਾ ਧੂਮਧਾਮ ਅਤੇ ਸ਼ਰਧਾ ਨਾਲ ਕਰਵਾਇਆ ਗਿਆ। ਸਭ ਤੋਂ ਪਹਿਲਾਂ ਮੇਲਾ ਕਮੇਟੀ ਵੱਲੋਂ ਬਾਬਾ ਜੀ ਦੀ ਦਰਗਾਹ ਉਪਰ ਚਾਦਰ ਚੜਾਉਣ ਦੀ ਰਸਮ ਕੀਤੀ ਗਈ। ਮੇਲੇ ਦੌਰਾਨ ਲਗਾਈ ਗਈ ਸੱਭਿਆਚਾਰਕ ਸਟੇਜ ਦੀ ਸ਼ੁਰੂਆਤ ਮੈਡਮ ਰੰਜਨਾ ਵੱਲੋਂ ਧਾਰਮਿਕ ਗੀਤ ਨਾਲ ਕੀਤੀ ਗਈ ਅਤੇ ਬਾਅਦ ਵਿਚ ਗਾਇਕ ਜੋੜੀ ਪੱਪੂ ਸੰਗਲਾ ਅਤੇ ਮਨਦੀਪ ਦੀਪੀ ਨੇ ਵੀ ਹਾਜ਼ਰੀ ਲਗਾਈ। ਉਪਰੰੰਤ ਪੰਜਾਬ ਦੀ ਨਾਮਵਰ ਗਾਇਕ ਜੋੜੀ ਬਲਕਾਰ ਅਣਖੀਲਾ ਅਤੇ ਮਨਜਿੰਦਰ ਗੁਲਸ਼ਨ ਨੇ ਆਪਣੇ ਪ੍ਰਸਿੱਧ ਗੀਤਾਂ ਨਾਲ ਦੇਰ ਸ਼ਾਮ ਤੱਕ ਸਮਾਂ ਬੰਨੀ ਰੱਖਿਆ। ਕਮੇਡੀਅਨ ਚਾਚੀ ਲੁਤਰੋ, ਮਿੰਟੂ ਜੱਟ, ਜੀਤ ਪੈਂਚਰਾਂ ਵਾਲਾ ਨੇ ਹਾਸਰਸ ਵਿਅੰਗਾਂ ਨਾਲ ਸਰੋਤਿਆਂ ਦੇ ਢਿੱਡੀਂ ਪੀੜਾਂ ਪਾਈਆਂ। ਉਪਰੰਤ ਮੇਲਾ ਪ੍ਰਬੰਧਕ ਕਮੇਟੀ ਵੱਲੋਂ ਆਏ ਮਹਿਮਾਨਾਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਮੇਲੇ ਦੌਰਾਨ ਠੰਡੇ ਮਿੱਠੇ ਜਲ ਦੀ ਛਬੀਲ, ਜਲੇਬੀਆਂ ਅਤੇ ਗੁਰੂ ਦਾ ਲੰਗਰ ਸਾਰਾ ਦਿਨ ਵਰਤਦਾ ਰਿਹਾ। ਇਸ ਮੌਕੇ ਕਲੱਬ ਪ੍ਰਧਾਨ ਬਲਜੀਤ ਸਿੰਘ ਬੱਲੀ, ਸਾੲੀਂ ਬਾਪੂ ਚੰਗਿਆੜੇ ਸ਼ਾਹ, ਕਰਨੈਲ ਸਿੰਘ ਚੇਅਰਮੈਨ, ਝਿਰਮਲ ਸਿੰਘ, ਮਨਜੀਤ ਸਿੰਘ ਖਹਿਰਾ, ਨਛੱਤਰ ਸਿੰਘ ਖਹਿਰਾ, ਜਿਉਣ ਸਿੰਘ, ਸਰਪੰਚ ਤਰਲੋਕ ਸਿੰਘ, ਪ੍ਰਤਾਪ ਸਿੰਘ, ਰਕੇਸ਼ ਲੋਟਾ, ਗੁਰਦੀਪ ਸਿੰਘ, ਬਾਬਾ ਲਖਵੀਰ ਸਿੰਘ ਅਮਨ ਪੰਡੋਰੀ ਤੋਂ ਇਲਾਵਾ ਵੱਡੀ ਗਿਣਤੀ ਵਿਚ ਇਲਾਕੇ ਦੀਆਂ ਸੰਗਤਾਂ ਹਾਜ਼ਰ ਸਨ।