ਬਰਸਾਤ ਰੁੱਤ ਦੀਆਂ ਬੀਮਾਰੀਆਂ ਸਬੰਧੀ ਜਾਗਰੂਕਤਾ ਕੈਂਪ ਲਾਇਆ
ਜਸ਼ਨ 8ਜੁਲਾਈ, ਚੜਿੱਕ: ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੀਆਂ ਵਿਸ਼ੇਸ਼ ਹਦਾਇਤਾਂ ਅਨੁਸਾਰ ਹੈਲਥ ਸੈਂਟਰ ਬਲਾਕ ਢੁੱਡੀਕੇ ਦੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਸ਼ਿੰਗਾਰਾ ਸਿੰਘ ਦੀ ਅਗਵਾਈ ਹੇਠ ਬਲਾਕ ਦੇ ਵੱਖ-ਵੱਖ ਪਿੰਡਾਂ ’ਚ ਬਰਸਾਤ ਰੁੱਤ ਦੀਆਂ ਬੀਮਾਰੀਆਂ ਸਬੰਧੀ ਜਾਗਰੂਕਤਾ ਕੈਂਪ ਲਗਾਏ ਗਏ। ਪਿੰਡ ਚੂਹੜਚੱਕ ਵਿਖੇ ਲਗਾਏ ਗਏ ਕੈਂਪ ਦੌਰਾਨ ਡਾਕਟਰ ਸ਼ਿੰਗਾਰਾ ਸਿੰਘ ਨੇ ਕਿਹਾ ਕਿ ਕਈ ਵਾਰ ਅਸੀਂ ਅਗਿਆਨਤਾ ਕਾਰਨ ਹੀ ਕਈ ਭਿਆਨਕ ਬੀਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਾਂ ਜਿਵੇਂ ਹੈਜ਼ਾ, ਟੱਟੀਆਂ, ਉਲਟੀਆਂ ਤੇ ਕਾਲਾ ਪੀਲੀਆ ਆਦਿ। ਇਸ ਕਰਕੇ ਹੀ ਸਾਨੂੰ ਬਰਸਾਤ ਰੁੱਤ ਦੇ ਦੌਰਾਨ ਜਿਆਦਾ ਪੱਕੇ ਹੋਏ ਫਲ ਨਹੀਂ ਖਾਣੇ ਚਾਹੀਦੇ ਤੇ ਇਸ ਤੋਂ ਇਲਾਵਾ ਤਲੀਆਂ ਹੋਈਆਂ ਚੀਜ਼ਾਂ ਅਤੇ ਫਾਸਟ ਫੂਡ ਖਾਣ ਤੋਂ ਵੀ ਪਰਹੇਜ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਖਾਣਾ ਵੀ ਘਰ ਦਾ ਬਣਿਆ, ਸਾਦਾ ਤੇ ਢਕਿਆ ਹੋਇਆ ਖਾਣਾ ਚਾਹੀਦਾ ਹੈ। ਇਸ ਮੌਕੇ ਡਾਕਟਰ ਰਾਜ ਕੁਮਾਰ ਨੇ ਕਿਹਾ ਕਿ ਸਾਨੂੰ ਪਾਣੀ ਵੀ ਉੁਬਾਲ ਕੇ ਪੀਣਾ ਚਾਹੀਦਾ ਹੈ। ਹੈਲਥ ਵਰਕਰ ਦਵਿੰਦਰ ਸਿੰਘ ਨੇ ਮਲੇਰੀਏ ਤੇ ਡੇਂਗੂ ਬਾਰੇ ਵੀ ਜਾਣਕਾਰੀ ਦਿੱਤੀ। ਇਸ ਮੌਕੇ ਕੰਵਲਜੀਤ ਕੌਰ, ਏ ਐਨ ਐਮ ਰਾਣੀ ਤੇ ਆਸ਼ਾ ਵਰਕਰ ਜਸਵਿੰਦਰ ਕੌਰ ਹਾਜ਼ਰ ਸਨ।