ਕਰਜ਼ੇ ਤੋਂ ਦੁਖੀ ਖੇਤ ਮਜਦੂਰ ਨੇ ਫਾਹਾ ਲੈ ਕੇ ਕੀਤੀ ਜੀਵਨ ਲੀਲਾ ਸਮਾਪਤ
ਨੱਥੂਵਾਲਾ ਗਰਬੀ, 8ਮਈ (ਰਾਜਵੀਰ): ਨਜਦੀਕੀ ਪਿੰਡ ਧੂੜਕੋਟ ਦੇ ਖੇਤ ਮਜਦੂਰ ਸੁਖਦੇਵ ਸਿੰਘ ਉਰਫ ਦੇਵ ਵੱਲੋਂ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲੈਣ ਦਾ ਦੁਖਦਾਇਕ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਸੁਖਦੇਵ ਸਿੰਘ ਉਰਫ ਦੇਵ ਸਿੰਘ ਪੁੱਤਰ ਵੀਰ ਸਿੰਘ (ਉਮਰ ਕਰੀਬ 42 ਸਾਲ) ਜੋ ਕਿ ਧੂੜਕੋਟ ਪਿੰਡ ਦਾ ਰਹਿਣ ਵਾਲਾ ਸੀ। ਉਸ ਨੇ ਅੱਜ ਸਵੇਰੇ 5 ਵਜੇ ਦੇ ਕਰੀਬ ਘਰੋਂ ਆ ਕੇ ਭਲੂਰ ਰੋਡ ‘ਤੇ ਸੂਏ ਕੋਲ ਸਥਿਤ ਜਿਉਣ ਸਿੰਘ ਪੁੱਤਰ ਅਵਤਾਰ ਸਿੰਘ ਦੀ ਮੋਟਰ ਵਾਲੀ ਕੋਠੀ ਕੋਲ ਲੱਗੇ ਹੋਏ ਨਿੰਮ ਦੇ ਦਰੱਖਤ ਨਾਲ ਰੱਸੀ ਬੰਨ੍ਹ ਕੇ ਆਤਮ ਹੱਤਿਆ ਕਰ ਲਈ। ਇਸ ਦਾ ਪਤਾ ਸਬੰਧਿਤ ਕਿਸਾਨ ਨੂੰ ਖੇਤ ਜਾਣ ਸਮੇਂ ਲੱਗਾ ਤਾਂ ਉਸ ਨੇ ਪਿੰਡ ਦੀ ਪੰਚਾਇਤ ਅਤੇ ਪੁਲਿਸ ਨੂੰ ਸੂਚਨਾ ਦਿੱਤੀ। ਮੌਕੇ ‘ਤੇ ਹਾਜ਼ਰ ਪਿੰਡ ਦੇ ਸਰਪੰਚ ਗੁਰਚਰਨ ਸਿੰਘ, ਸਾਬਕਾ ਸਰਪੰਚ ਗੁਰਬਖਸ਼ ਸਿੰਘ, ਸਾਬਕਾ ਸਰਪੰਚ ਗੁਰਜੰਟ ਸਿੰਘ, ਸਾਬਕਾ ਬਲਾਕ ਸੰਮਤੀ ਮੈਂਬਰ ਨਿਹਾਲ ਸਿੰਘ, ਪੰਚ ਮਨਜੀਤ ਸਿੰਘ, ਪੰਚ ਇੰਦਰਪਾਲ ਸਿੰਘ ਅਤੇ ਮਿ੍ਰਤਕ ਦੇ ਚਚੇਰੇ ਭਾਈ ਗੁਰਦੇਵ ਸਿੰਘ, ਸੁਖਪਾਲ ਸਿੰਘ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਦੇ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮਿ੍ਰਤਕ ਸੁਖਦੇਵ ਸਿੰਘ ਦੇ ਤਿੰਨ ਲੜਕੀਆਂ ਅਤੇ ਇੱਕ ਲੜਕਾ ਹੈ। ਪਿਛਲੇ ਸਾਲ ਵੱਡੀ ਲੜਕੀ ਦੇ ਵਿਆਹ ਕਰਨ ਤੋਂ ਬਾਅਦ ਉਸ ਦੇ ਸਿਰ ਕਾਫੀ ਕਰਜ਼ਾ ਚੜ੍ਹ ਚੁੱਕਾ ਸੀ ਅਤੇ ਉਸ ਦੀ ਪਤਨੀ ਸ਼ੂਗਰ ਦੀ ਮਰੀਜ਼ ਹੋਣ ਕਾਰਣ ਉਸ ਦੀ ਦਵਾਈ ਤੇ ਵੀ ਕਾਫੀ ਪੈਸੇ ਖਰਚ ਹੁੰਦੇ ਸਨ। ਇਸ ਪ੍ਰੇਸ਼ਾਨੀ ਤੇ ਚੱਲਦੇ ਹੋਏ ਉਸ ਨੇ ਆਤਮ ਹੱਤਿਆ ਕੀਤੀ ਹੈ। ਪਰਿਵਾਰ ਕੋਲ ਕਮਾਈ ਦਾ ਕੋਈ ਸਾਧਨ ਨਹੀਂ ਹੈ। ਉਹਨਾਂ ਨੇ ਪੰਜਾਬ ਸਰਕਾਰ ਤੋਂ ਪੁਰਜ਼ੋਰ ਸ਼ਬਦਾਂ ਵਿੱਚ ਮੰਗ ਕੀਤੀ ਹੈ ਕਿ ਮਿ੍ਰਤਕ ਦੇ ਪਰਿਵਾਰ ਮੈਂਬਰਾਂ ਦੀ ਆਰਥਿਕ ਮਦਦ ਕੀਤੀ ਜਾਵੇ।