ਬਾਬਾ ਮੋਹਰ ਸਿੰਘ ਜੀ ਦੀ ਯਾਦ ’ਚ ਧਾਰਮਿਕ ਸਮਾਗਮ ਕਰਵਾਇਆ
ਮੋਗਾ, 7ਜੁਲਾਈ (ਜਸ਼ਨ): ਸੰਤ ਬਾਬਾ ਮੋਹਰ ਸਿੰਘ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਢੱਕੀ ਸਾਹਿਬ ਸਿੰਘਾਂਵਾਲਾ ਵਿਖੇ ਸ਼ਰਧਾਲੂ ਸੰਗਤਾਂ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਧਾਰਮਿਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਪ੍ਰਚਾਰਕ ਭਾਈ ਲਖਵੀਰ ਸਿੰਘ ਮੋਗਾ ਅਤੇ ਭਾਈ ਗੁਰਪ੍ਰੀਤ ਸਿੰਘ ਨੇ ਕਥਾ ਵਿਚਾਰਾਂ ਰਾਹੀ ਸੰਗਤਾਂ ਨੂੰ ਗੁਰੂ ਇਤਿਹਾਸ ਤੋਂ ਜਾਣੰੂ ਕਰਵਾਇਆ। ਇਸ ਸਮੇਂ ਭਾਈ ਲਖਵੀਰ ਸਿੰਘ ਅਤੇ ਭਾਈ ਗੁਰਪ੍ਰੀਤ ਸਿੰਘ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੂਨ ਮਹੀਨੇ ਬੱਚਿਆਂ ਨੂੰ ਸਕੂਲਾਂ ਵਿਚੋਂ ਛੁੱਟੀਆਂ ਹੋਣ ਕਾਰਨ ਹਰੇਕ ਸਾਲ ਦੀ ਤਰ੍ਹਾਂ ਇਸ ਵਾਰ ਵੀ ਧਰਮ ਪ੍ਰਚਾਰ ਕਮੇਟੀ ਵੱਲੋਂ ਵੱਖ ਵੱਖ ਪਿੰਡਾਂ ਵਿੱਚ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਨ ਲਈ ਗੁਰਮਤਿ ਕਲਾਸਾਂ ਸ਼ੁਰੂ ਕੀਤੀਆਂ ਗਈਆਂ ਹਨ। ਉਨਾਂ ਕਿਹਾ ਕਿ ਇਸੇ ਲੜੀ ਤਹਿਤ ਹੀ ਗੁਰਦੁਆਰਾ ਢੱਕੀ ਸਾਹਿਬ ਸਿੰਘਾਂਵਾਲਾ ਤੋਂ ਬੱਚਿਆਂ ਦੀਆਂ ਗੁਰਮਤਿ ਕਲਾਸਾਂ ਲਗਾਉਣ ਦੀ ਆਰੰਭਤਾ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਪਿੰਡ ਬੁੱਧ ਸਿੰਘ ਵਾਲਾ ਅਤੇ ਪਿੰਡ ਚੁੱਪਕੀਤੀ ਵਿਖੇ ਵੀ ਗੁਰਮਤਿ ਕਲਾਸਾਂ ਲਗਾਈਆਂ ਗਈਆਂ ਹਨ। ਇਸ ਉਪਰੰਤ ਗੁਰਦੁਆਰਾ ਸਾਹਿਬ ਭਾਈ ਮੋਹਰ ਸਿੰਘ ਸਿੰਘਾਂਵਾਲਾ ਦੇ ਮੈਨੇਜਰ ਭਾਈ ਬਲਵਿੰਦਰ ਸਿੰਘ ਨੇ ਸੰਗਤਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਅਸੀਂ ਆਪਣੇ ਬੱਚਿਆਂ ਨੂੰ ਹੁਣ ਤੋਂ ਹੀ ਸਿੱਖੀ ਸਿਧਾਤਾਂ ਅਨੁਸਾਰ ਚੱਲਣ ਦੀ ਪ੍ਰੇਰਨਾ ਦੇਵਾਂਗੇ ਤਾਂ ਉਹ ਵੱਡੇ ਹੋ ਕੇ ਭੈੜੀਆਂ ਅਲਾਮਤਾਂ ਤੋਂ ਬਚ ਸਕਦੇ ਹਨ। ਇਸ ਮੌਕੇ ਭਾਈ ਲਖਵੀਰ ਸਿੰਘ ਅਤੇ ਭਾਈ ਗੁਰਪ੍ਰੀਤ ਸਿੰਘ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।