ਗੁਰਦੁਆਰਾ ਗੁਰੂਸਰ ਵਿਖੇ ਖਾਲਸਾਈ ਸ਼ਾਨੋ-ਸ਼ੌਕਤ ਨਾਲ ਮਨਾਇਆ ਗਿਆ ਮੀਰੀ ਪੀਰੀ ਪੁਰਬ

ਸਮਾਲਸਰ, 7ਜੁਲਾਈ (ਜਸਵੰਤ ਗਿੱਲ) : ਕਸਬਾ ਸਮਾਲਸਰ, ਲੰਡੇ, ਰੋਡੇ ਅਤੇ ਡੇਮਰੂ ਆਦਿ ਪਿੰਡਾਂ ਦੀ ਹੱਦ ‘ਤੇ ਸਥਿਤ ਇਤਿਹਾਸਕ ਗੁਰਦੁਆਰਾ ਗੁਰੂਸਰ ਸਾਹਿਬ ਪਾਤਸ਼ਾਹੀ ਛੇਵੀਂ ਵਿਖੇ ਮੀਰੀ ਪੀਰੀ ਦੇ ਮਾਲਕ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਅਵਤਾਰ ਪੁਰਬ ਨੂੰ ਸਮਰਪਿਤ ਸ਼੍ਰੀ ਅਖੰਡ ਪਾਠ ਪ੍ਰਕਾਸ਼ ਕਰਵਾਏ ਗਏ ਅਤੇ ਖਾਲਸਾਈ ਸ਼ਾਨੋ-ਸ਼ੌਕਤ ਨਾਲ ਮੀਰੀ ਪੀਰੀ ਪੁਰਬ ਨੂੰ ਮਨਾਇਆ ਗਿਆ। ਸਮਾਗਮ ਦੌਰਾਨ ਸ਼੍ਰੀ ਅਖੰਡ ਪਾਠ ਦੇ ਭੋਗ ਤੋਂ ਉਪਰੰਤ ਬਾਅਦ ਭਾਈ ਗੁਰਪ੍ਰੇਮ ਸਿੰਘ ਲੱਖਾ ਰੋਡਿਆਂ ਵਾਲੇ ਦੇ ਕੀਰਤਨੀਏ ਜੱਥੇ ਨੇ ਰਸ ਭਿੰਨੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਨਜ਼ਦੀਕੀ ਦਸ ਪਿੰਡਾਂ ਤੋਂ ਆਈਆਂ ਸੰਗਤਾਂ ਨੂੰ ਸੱਚ ਦੇ ਪਾਂਧੀ ਕਵੀਸ਼ਰ ਜੱਥੇ ਦੇ ਭਾਈ ਗੁਰਪ੍ਰੀਤ ਸਿੰਘ ਅਹਿਲ ਅਤੇ ਉਨ੍ਹਾਂ ਦੇ ਸਾਥੀਆਂ ਨੇ ਸਿੱਖ ਇਤਿਹਾਸ ਅਤੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੀਵਨ ਅਤੇ ਮੀਰੀ ਪੀਰੀ ਦੇ ਸਿਧਾਂਤ ਬਾਰੇ ਆਪਣੀਆਂ ਕਵੀਸ਼ਰੀਆਂ ਰਾਹੀਂ ਜਾਣੂ ਕਰਵਾਇਆ। ਇਸ ਮੌਕੇ ਪਹੁੰਚੀਆਂ ਹੋਈਆਂ ਸਿੱਖ ਸੰਗਤਾਂ ਦਾ ਧੰਨਵਾਦ ਕਰਦਿਆਂ ਮੁੱਖ ਸੇਵਾਦਾਰ ਬਾਬਾ ਸੁਖਮੰਦਰ ਸਿੰਘ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮੀਰੀ ਪੀਰੀ ਦੇ ਸਿਧਾਂਤ ਨੂੰ ਅਪਣਾ ਕੇ ਇੱਕ ਨਵਾਂ ਇਤਿਹਾਸ ਸਿਰਜਿਆਂ ਹੈ। ਮੀਰੀ ਬਾਦਸ਼ਾਹਤ ਦਾ ਪ੍ਰਤੀਕ ਹੈ ਅਤੇ ਪੀਰੀ ਰੂਹਾਨੀਅਤ ਦਾ ਪ੍ਰਤੀਕ ਹੈ। ਮੀਰੀ ਪੀਰੀ ਦੇ ਸਿਧਾਂਤ ਨਾਲ ਗੁਰੂ ਸਾਹਿਬ ਨੇ ਨਵੀਂ ਜੀਵਨ ਜਾਂਚ ਦਾ ਸੁਨੇਹਾ ਦੇ ਕੇ ਭਗਤੀ ਅਤੇ ਸ਼ਕਤੀ ਦੇ ਰਾਹ ‘ਤੇ ਚੱਲਦਿਆਂ ਧਰਮ ਅਤੇ ਰਾਜਨੀਤੀ ਨੂੰ ਇੱਕ ਮੰਚ ‘ਤੇ ਇਕੱਤਰ ਕਰਕੇ ਲੋਕ ਹਿੱਤੀ ਰਾਜ ਦੀ ਸਿਰਜਣਾ ਦਾ ਮੁੱਢ ਬੰਨ੍ਹਿਆ ਸੀ। ਇਸ ਮੌਕੇ ਗੁਰਦੁਆਰਾ ਵੱਲੋਂ ਆਈਆਂ ਹੋਈਆਂ ਸੰਗਤਾਂ ਲਈ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ ਅਤੇ ਜਲੇਬੀਆਂ ਤੇ ਗੁਰੂ ਕਾ ਲੰਗਰ ਵੀ ਅਤੁੱਟ ਵਰਤਾਇਆ ਗਿਆ।