ਅੱਜ 24ਵੇਂ ਦਿਨ ਵੀ ਕੌਂਸਲਰਾਂ ਵੱਲੋਂ ਸ਼ਹਿਰ ਦੇ ਵਿਕਾਸ ਨੂੰ ਲੈ ਕੇ ਮੀਟਿੰਗ ਰੱਖਣ ਲਈ ਜਾਰੀ ਰਿਹਾ ਧਰਨਾ

ਮੋਗਾ, 7ਜੁਲਾਈ (ਜਸ਼ਨ): ਮੋਗਾ ਸ਼ਹਿਰ ਦੇ ਵਿਕਾਸ ਕਾਰਜਾਂ ਨੂੰ ਸ਼ੁਰੂ ਕਰਵਾਉਣ ਅਤੇ ਹਾੳੂਸ ਦੀ ਮੀਟਿੰਗ ਬੁਲਾਉਣ ਦੀ ਮੰਗ ਨੂੰ ਲੈ ਕੇ ਅਕਾਲੀ ਭਾਜਪਾ ਗੱਠਜੋੜ ਦੇ ਕੌਂਸਲਰਾਂ ਵੱਲੋਂ ਦਿੱਤਾ ਧਰਨਾ ਅੱਜ 24 ਵੇਂ ਦਿਨ ਵਿਚ ਦਾਖਲ ਹੋ ਗਿਆ । ਅੱਜ ਦੇ ਧਰਨੇ ਵਿੱਚ ਕੌਂਸਲਰ ਚਰਨਜੀਤ ਸਿੰਘ ਦੁੱਨੇਕੇ ਅਤੇ ਕੌਂਸਲਰ ਜਸਮੇਲ ਕੌਰ ਦੇ ਬੇਟੇ ਬਿੱਟੂ ਗਿੱਲ ਲੜੀਵਾਰ ਭੁੱਖ ਹੜਤਾਲ ਤੇ ਰਹੇ। ਮੇਅਰ ਅਕਸ਼ਿਤ ਜੈਨ ਵੱਲੋਂ ਦਿੱਤੇ ਬਿਆਨ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਕੌਂਸਲਰ ਸੁਰਿੰਦਰ ਕਾਲਾ ਅਤੇ  ਬਿੱਟੂ ਗਿੱਲ ਨੇ ਕਿਹਾ ਕਿ ਪਹਿਲਾਂ 25 ਕਰੋੜ ਦੇ ਵਰਕ ਆਰਡਰ ਹੋਏ ਸਨ ਉਹਨਾਂ ਨੂੰ ਸ਼ੁਰੂ ਕਰਵਾਇਆ ਜਾਵੇ । ਉਹਨਾਂ ਕਿਹਾ ਕਿ  ਨਵੇਂ ਕੰਮਾਂ ਦੀ ਲਿਸਟ ਦੇ ਐਸਟੀਮੇਟ ਬਣਾ ਕੇ ਉਹ ਪਹਿਲਾਂ ਹੀ ਦੇ ਚੁੱਕੇ ਹਨ। ਉਹਨਾਂ ਕਿਹਾ ਕਿ ਨਵੇਂ ਕੰਮਾਂ ਲਈ ਜਿੰਨੀਆਂ ਮਰਜੀ ਮੀਟਿੰਗ ਕੀਤੀਆਂ ਜਾ ਸਕਦੀਆਂ ਹਨ ਪਰ ਜੋ ਪਹਿਲਾਂ ਵਿਕਾਸ ਕਾਰਜ ਪਾਸ ਹੋਏ ਹਨ ਉਹਨਾਂ ਨੂੰ ਪੂਰਾ ਕਰਵਾ ਲਿਆ ਜਾਣਾ ਚਾਹੀਦਾ ਹੈ ਤਾਂ ਜੋ ਸ਼ਹਿਰ ਦੀ ਨੁਹਾਰ ਬਦਲੀ ਜਾ ਸਕੇ। ਉਹਨਾਂ ਕਿਹਾ ਕਿ ਹਾਊਸ ਦੀ ਮੀਟਿੰਗ ਬੁਲਾਉਣੀ ਵੀ ਬੇਹੱਦ ਜਰੂਰੀ ਹੈ ਪਰ ਮੇਅਰ ਬਾਰ ਬਾਰ ਬਿਆਨ ਦੇ ਕੇ ਮੀਟਿੰਗ ਤੋਂ ਕੰਨੀ ਕਤਰਾ ਰਿਹਾ ਹੈ। ਸਮੂਹ ਕੌਂਸਲਰ ਨੇ ਵਿਧਾਇਕ ਹਰਜੋਤ ਕਮਲ ਨੂੰ ਯਾਦ ਕਰਵਾਉਂਦਿਆਂ ਕਿਹਾ ਕਿ ਉਹ ਲੋਕਾਂ ਦੇ ਚੁਣੇ ਹੋਏ ਕੌਂਸਲਰ ਹਨ ਅਤੇ ਲੋਕਤੰਤਰ ਵਿਚ ਹਰ ਇਕ ਨੂੰ ਆਪਣੀ ਗੱਲ ਰੱਖਣ ਦਾ ਅਧਿਕਾਰ ਹੰੁਦਾ ਹੈ ।  ਉਹਨਾਂ ਕਿਹਾ ਕਿ ਵਿਧਾਇਕ ਮੇਅਰ ਇਕੱਲੇ ਦਾ ਨਹੀਂ ਬਲਕਿ ਪੂਰੇ ਹਲਕੇ ਦਾ ਹੰੁਦਾ ਹੈ । ਉਹਨਾਂ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਪਾਰਟੀਬਾਜ਼ੀ ਤੋਂ ਉਪਰ ਉਠ ਕੇ ਫਰਾਖ ਦਿੱਲੀ ਨਾਲ ਕੌਂਸਲਰਾਂ ਨਾਲ ਗੱਲਬਾਤ ਕਰਨ ਤਾਂ ਕਿ ਸ਼ਹਿਰ ਦਾ ਵਿਕਾਸ ਸੰਭਵ ਹੋ ਸਕੇ। ਉਹਨਾਂ ਕਿਹਾ ਕਿ ਉਹਨਾਂ ਨੂੰ ਤਾਂ ਅੱਜ ਦੇ ਅਖਬਾਰਾਂ ਵਿੱਚ ਪਤਾ ਲਗਾ ਹੈ ਕਿ ਕੌਂਸਲਰ ਅਸ਼ੋਕ ਧਮੀਜਾ ਆਪਣੇ ਆਪ ਨੂੰ ਸੀਨੀਅਰ ਕਾਂਗਰਸੀ ਆਗੂ ਸਮਝਦੇ ਹਨ ਜਿੰਨਾ ਨੇ 2 ਸਾਲ ਪਹਿਲਾਂ ਕਾਂਗਰਸ ਦੀ ਟਿਕਟ ਤੇ ਲੜਨਾ ਵੀ ਮੁਨਾਸਿਬ ਨਾ ਸਮਝਿਆ। ਉਹਨਾਂ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਲੋਕ ਜਾਣਦੇ ਹਨ ਕਿ ਅੱਜ ਵੀ ਵਾਰਡ ਵਿੱਚ ਿੲਸ ਦੀਆਂ ਅਕਾਲੀ ਲੀਡਰਾਂ ਨਾਲ ਫੋਟੋਆਂ ਲੱਗ ਰਹੀਆਂ ਹਨ ਅਤੇ ਅਸ਼ੋਕ ਧਮੀਜਾ ਨੇ ਅੱਜ ਤੱਕ ਕਾਂਗਰਸ ਜੁਆਇੰਨ ਵੀ ਨਹੀਂ ਕੀਤੀ। ਉਹਨਾਂ ਕਿਹਾ ਕਿ ਕਦੇ ਅਕਾਲੀ ਕਦੇ ਅਜ਼ਾਦ ਰਹਿਣ ਵਾਲੇ ਨੂੰ ਸ਼ਹਿਰ ਦੇ ਸੀਨੀਅਰ ਡਿਪਟੀ ਮੇਅਰ ਅਤੇ ਸੀਨੀਅਰ ਕੌਂਸਲਰ ਕੋਲੋਂ ਅਸਤੀਫਾ ਮੰਗਣ ਦਾ ਅਧਿਕਾਰ ਕਿਸ ਨੇ ਦਿੱਤਾ ?