ਸਿਹਤ ਵਿਭਾਗ ਅਤੇ ਕਾਰਪੋਰੇਸ਼ਨ ਦੀ ਸਾਂਝੀ ਟੀਮ ਨੇ ਕੱਟੇ ਨੌਂ ਚਲਾਨ      

 ਮੋਗਾ, 7ਜੁਲਾਈ (ਜਸ਼ਨ): ਡੇਂਗੂ, ਮਲੇਰੀਆ ਅਤੇ ਚਿਕਨਗੁਨੀਆ ਦੇ ਸੰਭਾਵੀ ਸੀਜ਼ਨ ਅਤੇ ਸਰਕਾਰ ਦੇ ਸਖਤ ਹੁਕਮਾਂ ਨੂੰ ਧਿਆਨ ਵਿੱਚ ਰੱਖਦਿਆਂ ਸਿਹਤ ਵਿਭਾਗ ਮੋਗਾ ਅਤੇ ਮਿਉਂਸਪਲ ਕਾਰਪੋਰੇਸ਼ਨ ਮੋਗਾ ਦੀ ਸਾਂਝੀ ਟੀਮ ਵੱਲੋਂ ਮੱਛਰ ਨੂੰ ਪੈਦਾ ਹੋਣ ਤੋਂ ਰੋਕਣ ਲਈ ਲਾਰਵੇ ਦੀ ਰੋਕਥਾਮ ਕਰਨ ਦੇ ਯਤਨ ਤੇਜ ਕਰ ਦਿੱਤੇ ਗਏ ਹਨ। ਇਸ ਸਬੰਧੀ ਅੱਜ ਸੈਨੇਟਰੀ ਇੰਸਪੈਕਟਰ ਸੁਮਨ ਕੁਮਾਰ ਅਤੇ ਮਹਿੰਦਰ ਪਾਲ ਲੂੰਬਾ ਦੀ ਅਗਵਾਈ ਵਿੱਚ ਟੀਮ ਵੱਲੋਂ ਲੱਗਭਗ 50 ਸੰਸਥਾਵਾਂ, ਫੈਕਟਰੀਆਂ, ਸਕੂਲਾਂ ਅਤੇ ਘਰਾਂ ਦੀ ਜਾਂਚ ਕੀਤੀ ਗਈ, ਜਿਨਾਂ ਵਿੱਚੋਂ 9 ਨੂੰ ਚਲਾਨ ਕੱਟਣ ਸਬੰਧੀ ਨੋਟਿਸ ਜਾਰੀ ਕਰਕੇ ਸੋਮਵਾਰ ਤੱਕ ਸਫਾਈ ਕਰਵਾਉਣ ਉਪਰੰਤ ਕਾਰਵਾਈ ਰਿਪੋਰਟ ਕਮਿਸ਼ਨਰ ਦਫਤਰ ਵਿਖੇ ਦੇਣ ਲਈ ਕਿਹਾ ਗਿਆ ਹੈ। ਇਸ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਸੈਨੇਟਰੀ ਇੰਸਪੈਕਟਰ ਸੁਮਨ ਕੁਮਾਰ ਅਤੇ ਮਹਿੰਦਰ ਪਾਲ ਲੂੰਬਾ ਨੇ ਦੱਸਿਆ ਕਿ ਮਲੇਰੀਆ, ਡੇਂਗੂ ਅਤੇ ਚਿਕਨਗੁਨੀਆ ਆਦਿ ਬਿਮਾਰੀਆਂ ਮੱਛਰ ਦੇ ਕੱਟਣ ਨਾਲ ਫੈਲਣ ਵਾਲੀਆਂ ਬਿਮਾਰੀਆਂ ਹਨ ਅਤੇ ਇਹ ਮੱਛਰ ਸਾਫ ਅਤੇ ਖੜੇ ਪਾਣੀ ਤੇ ਪੈਦਾ ਹੁੰਦਾ ਹੈ। ਆਮ ਤੌਰ ਤੇ ਰਿਹਾਇਸ਼ੀ ਇਲਾਕਿਆਂ ਵਿੱਚ ਕੂਲਰਾਂ, ਗਮਲਿਆਂ, ਪਾਣੀ ਵਾਲੀਆਂ ਟੈਂਕੀਆਂ, ਫਰਿੱਜਾਂ ਦੇ ਪਿੱਛੇ ਬਣੀਆਂ ਟ੍ੇਆਂ, ਖੁੱਲੇ ਅਸਮਾਨ ਥੱਲੇ ਪਏ ਬਰਤਨ ਅਤੇ ਟਾਇਰਾਂ, ਪੰਛੀਆਂ ਦੇ ਪਾਣੀ ਲਈ ਰੱਖੇ ਬਰਤਨਾਂ ਆਦਿ ਵਿੱਚ ਇਹ ਮੱਛਰ ਪੈਦਾ ਹੁੰਦਾ ਹੈ। ਇਸ ਲਈ ਸਾਨੂੰ ਆਪਣੇ ਘਰਾਂ ਅਤੇ ਸੰਸਥਾਵਾਂ ਵਿੱਚ ਇਹਨਾਂ ਜਗਾਵਾਂ ਵੱਲ ਵਿਸ਼ੇਸ਼ ਧਿਆਨ ਦੇਣ ਦੀ ਜਰੂਰਤ ਹੁੰਦੀ ਹੈ ਅਤੇ ਹਰ ਸ਼ੁਕਰਵਾਰ ਨੂੰ ਕੂਲਰਾਂ, ਪੰਛੀਆਂ ਲਈ ਰੱਖੇ ਪਾਣੀ ਵਾਲੇ ਬਰਤਨਾਂ ਆਦਿ ਨੂੰ ਸੁਕਾ ਕੇ ਦੁਬਾਰਾ ਪਾਣੀ ਪਾਉਣਾ ਚਾਹੀਦਾ ਹੈ। ਬਰਸਾਤ ਦੇ ਦਿਨਾਂ ਵਿੱਚ ਮੱਛਰ ਦੇ ਪੈਦਾ ਹੋਣ ਲਈ ਬਹੁਤ ਢੁਕਵਾਂ ਤਾਪਮਾਨ ਹੁੰਦਾ ਹੈ, ਇਸ ਲਈ ਬਾਰਿਸ਼ ਦੇ ਦਿਨਾਂ ਵਿੱਚ ਬਹੁਤ ਜਿਆਦਾ ਸਾਵਧਾਨੀ ਵਰਤਣ ਦੀ ਜਰੂਰਤ ਹੁੰਦੀ ਹੈ। ਉਹਨਾਂ ਕਿਹਾ ਕਿ ਸਾਨੂੰ ਦਿਨ ਵੇਲੇ ਸਿੱਲ ਵਾਲੇ ਕਮਰਿਆਂ ਵਿੱਚ ਬੈਠਣ ਤੋਂ ਪ੍ਹੇਜ਼ ਕਰਨਾ, ਰਾਤ ਨੂੰ ਸੌਣ ਵੇਲੇ ਪੂਰੇ ਬਦਨ ਨੂੰ ਢੱਕ ਕੇ ਸੌਣਾ, ਮੱਛਰ  ਭਜਾਊ ਕਰੀਮਾਂ ਅਤੇ ਮੱਛਰਦਾਨੀ ਆਦਿ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਘਰਾਂ ਦੇ ਨੇੜੇ ਬਣੇ ਛੋਟੇ ਟੋਇਆਂ ਨੂੰ ਮਿੱਟੀ ਨਾਲ ਭਰ ਦੇਣਾ ਚਾਹੀਦਾ ਹੈ ਅਤੇ ਵੱਡੇ ਟੋਇਆਂ ਵਿੱਚ ਮਿੱਟੀ ਦਾ ਤੇਲ, ਡੀਜ਼ਲ ਜਾਂ ਸੜਿਆ ਤੇਲ ਹਫਤੇ ਵਿੱਚ ਇੱਕ ਵਾਰ ਜਰੂਰ ਪਾਉਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਕੋਈ ਵੀ ਬੁਖਾਰ ਮਲੇਰੀਆ, ਡੇਂਗੂ ਜਾਂ ਚਿਕਨਗੁਨੀਆ ਹੋ ਸਕਦਾ ਹੈ ਇਸ ਲਈ ਬੁਖਾਰ ਹੋਣ ਦੀ ਸੂਰਤ ਵਿੱਚ ਸਾਨੂੰ ਤੁਰੰਤ ਆਪਣੇ ਖੂਨ ਦੀ ਜਾਂਚ ਨੇੜੇ ਦੇ ਸਰਕਾਰੀ ਹਸਪਤਾਲ ਜਾਂ ਸਿਹਤ ਕੇਂਦਰ ਤੋਂ ਕਰਵਾਉਣੀ ਚਾਹੀਦੀ ਹੈ। ਇਸ ਮੌਕੇ ਸਮਾਗਮ ਦੇ ਮੁੱਖ ਮਹਿਮਾਨ ਸਿਵਲ ਸਰਜਨ ਫਰੀਦਕੋਟ ਡਾ. ਰਾਮ ਲਾਲ ਗਾਟ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਦੇ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਿਸੇ ਵੀ ਅਦਾਰੇ ਵਿੱਚ ਮਲੇਰੀਆ ਜਾਂ ਡੇਂਗੂ ਦਾ ਲਾਰਵਾ ਮਿਲਣ ਤੇ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਚਲਾਨ ਕੱਟੇ ਜਾਂਦੇ ਹਨ ਇਸ ਲਈ ਮਲੇਰੀਆ, ਡੇਂਗੂ ਤੋਂ ਬਚਣ ਲਈ ਅਤੇ ਜੁਰਮਾਨੇ ਤੋਂ ਬਚਣ ਲਈ ਜਲ ਭਰਾਵ ਨੂੰ ਰੋਕਣਾ ਬਹੁਤ ਜਰੂਰੀ ਹੈ। ਇਸ ਟੀਮ ਵਿੱਚ ਉਕਤ ਤੋਂ ਇਲਾਵਾ ਸੈਨੇਟਰੀ ਇੰਸਪੈਕਟਰ ਅਰਜਣ ਸਿੰਘ, ਇੰਸੈਕਟ ਕੁਲੈਕਟਰ ਵਪਿੰਦਰ ਸਿੰਘ, ਸ਼ਾਮ ਸੁੰਦਰ ਅਤੇ ਡਰਾਈਵਰ ਪ੍ਰੀਤਮ ਸਿੰਘ ਆਦਿ ਹਾਜ਼ਰ ਸਨ।