ਖੇਤੀਬਾੜੀ ਵਿਭਾਗ ਵੱਲੋਂ ਫਸਲੀ ਵਿਭਿੰਨਤਾ ਸਬੰਧੀ ਸੈਮੀਨਾਰ ਆਯੋਜਿਤ
ਮੋਗਾ, 7ਜੁਲਾਈ (ਜਸ਼ਨ): ਫ਼ਸਲੀ ਵਿਭਿੰਨਤਾ ਸਬੰਧੀ ਵਿਸ਼ੇਸ਼ ਸੈਮੀਨਾਰ ਖੇਤੀਬਾੜੀ ਦਫ਼ਤਰ ਮੋਗਾ ਵਿਖੇ ਬਲਾਕ ਖੇਤੀਬਾੜੀ ਅਫ਼ਸਰ ਡਾ. ਹਰਨੇਕ ਸਿੰਘ ਰੋਡੇ ਦੀ ਅਗਵਾਈ ਵਿੱਚ ਕਰਵਾਇਆ ਗਿਆ। ਇਸ ਮੌਕੇ ਤੇ ਮੋਗਾ ਹਲਕੇ ਦੇ ਵਿਧਾਇਕ ਡਾ. ਹਰਜੋਤ ਕਮਲ ਦੀ ਧਰਮਪਤਨੀ ਸਮਾਜ ਸੇਵੀ ਡਾ. ਰਜਿੰਦਰ ਕੌਰ, ਡਾ. ਜੀ.ਐਸ. ਗਿੱਲ, ਵਿਨੋਦ ਬਾਂਸਲ ਸ਼ਹਿਰੀ ਪ੍ਰਧਾਨ ਕਾਂਗਰਸ, ਨਾਇਬ ਤਹਿਸੀਲਦਾਰ ਸੁਰਿੰਦਰ ਕੁਮਾਰ ਪੱਬੀ, ਸੁਖਰਾਜ ਕੌਰ ਖੇਤੀਬਾੜੀ ਵਿਕਾਸ ਅਫ਼ਸਰ ਮੋਗਾ ਆਦਿ ਹਾਜ਼ਰ ਹੋਏ। ਇਸ ਮੌਕੇ ਤੇ ਵੱਖ ਵੱਖ ਪਿੰਡਾਂ ਤੋਂ ਆਏ ਕਿਸਾਨਾਂ ਨੂੰ ਫਸਲੀ ਵਿਭਿੰਨਤਾ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ ਅਤੇ ਦਿਨੋਂ ਦਿਨ ਧਰਤੀ ਹੇਠਲੇ ਪਾਣੀ ਵਿੱਚ ਆ ਰਹੀ ਗਿਰਾਵਟ ਬਾਰੇ ਜਾਗਰੂਕ ਕੀਤਾ ਗਿਆ। ਇਸ ਮੌਕੇ ਤੇ ਸੰਬੋਧਨ ਕਰਦੇ ਹੋਏ ਡਾ. ਰਜਿੰਦਰ ਕੌਰ ਨੇ ਕਿਹਾ ਕਿ ਮਹਿਲਾਵਾਂ ਨੂੰ ਵੀ ਕਿੰਚਨ ਗਾਰਡਨਿੰਗ ਬਾਰੇ ਵੱਧ ਤੋਂ ਵੱਧ ਜਾਗਰੂਕ ਹੋਣਾ ਚਾਹੀਦਾ ਹੈ ਅਤੇ ਆਪਣੇ ਘਰ ਵਿੱਚ ਹੀ ਸਬਜ਼ੀਆਂ, ਦਾਲਾਂ ਆਦਿ ਲਗਾਉਣੀਆਂ ਚਾਹੀਦੀਆਂ ਹਨ, ਜਿਸ ਨਾਲ ਘੱਟ ਖਰਚੇ ਵਿੱਚ ਵੱਧ ਮੁਨਾਫਾ ਵੀ ਕਮਾਇਆ ਜਾ ਸਕਦਾ ਹੈ। ਉਨਾਂ ਕਿਸਾਨਾਂ ਨੂੰ ਆਰਗੇਨਿਕ ਖੇਤੀ ਨੂੰ ਅਪਣਾਉਣ ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਆਰੇਗਨਿਕ ਖੇਤੀ ਕਰਨ ਨਾਲ ਘੱਟ ਖਰਚੇ ਵਿੱਚ ਵਧੇਰੇ ਮੁਨਾਫਾ ਕਮਾਇਆ ਜਾ ਸਕਦਾ ਹੈ। ਉਨਾਂ ਕਿਸਾਨਾਂ ਨੂੰ ਪਾਣੀ ਦੀ ਸਹੀ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ ਅਤੇ ਪਾਣੀ ਦੀ ਵੱਧ ਤੋਂ ਵੱਧ ਬਚਤ ਕਰਨ ਲਈ ਸਾਂਝੇ ਯਤਨ ਕਰਨ ਤੇ ਜ਼ੋਰ ਦਿੱਤਾ। ਇਸ ਦੌਰਾਨ ਸੰਬੋਧਨ ਕਰਦੇ ਹੋਏ ਹਰਨੇਕ ਸਿੰਘ ਰੋਡੇ ਨੇ ਕਿਹਾ ਕਿ ਸੋਸਾਇਟੀਆਂ ਤੋਂ ਖੇਤੀ ਸੰਦ ਲੈ ਕੇ ਵਰਤੋਂ ਕੀਤੀ ਜਾਵੇ ਅਤੇ ਕਿਸਾਨੀ ਖਰਚਿਆਂ ਨੂੰ ਘਟਾਇਆ ਜਾਵੇ ਤਾਂ ਕਿ ਕਿਸਾਨੀ ਨੂੰ ਲਾਹੇਵੰਦ ਧੰਦਾ ਬਣਾਇਆ ਜਾ ਸਕੇ। ਉਨਾਂ ਕਿਸਾਨਾਂ ਵਲੋਂ ਪੁੱਛੇ ਗਏ ਸਵਾਲਾ ਦੇ ਜਵਾਬ ਦਿੱਤੇ ਅਤੇ ਖੇਤੀਬਾੜੀ ਸਬੰਧੀ ਹੋਰ ਜਾਣਕਾਰੀ ਦਿੱਤੀ। ਇਸ ਮੌਕੇ ਤੇ ਖੇਤੀਬਾੜੀ ਵਿਭਾਗ ਵਲੋਂ ਰੋਟਾਵੇਟਰ ਲਈ ਸਬਸਿਡੀ ਦੇਣ ਲਈ ਲੱਕੀ ਡਰਾਅ ਵੀ ਕੱਢੇ ਗਏ, ਜਿਸ ਵਿੱਚ ਕੁੱਲ 21 ਕਿਸਾਨਾਂ ਨੂੰ ਸਬਸਿਡੀ ਲਈ ਚੁਣਿਆ ਗਿਆ। ਇਸ ਮੌਕੇ ਤੇ ਖੇਤੀਬਾੜੀ ਵਿਭਾਗ ਵਲੋਂ ਕਿਸਾਨਾਂ ਨੂੰ ਦਿਨੋਂ ਦਿਨ ਗੰਧਲੇ ਹੋਏ ਰਹੇ ਵਾਤਾਵਰਣ ਨੂੰ ਸਾਫ਼ ਕਰਨ ਲਈ 1000 ਛਾਂਦਾਰ, ਫਲਦਾਰ ਬੂਟੇ ਵੰਡੇ ਗਏ। ਇਸ ਮੌਕੇ ਤੇ ਗੁਰਵਿੰਦਰ ਸਿੰਘ ਦੌਲਤਪੁਰਾ, ਡਾ. ਬਲਵਿੰਦਰ ਸਿੰਘ, ਰਣਜੀਤ ਸਿੰਘ, ਜਸਪ੍ਰੀਤ ਸਿੰਘ, ਲਵਪ੍ਰੀਤ ਸਿੰਘ, ਸਤਿੰਦਰਪਾਲ ਸਿੰਘ, ਸਤਨਾਮ ਸਿੰਘ ਮਹੇਸ਼ਰੀ, ਪ੍ਰੀਤਮ ਸਿੰਘ, ਦਿਲਸਾਜ ਸਿੰਘ, ਗੁਰਜੰਟ ਸਿੰਘ ਮਾਨ ਆਦਿ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।