ਗੈਰ-ਸਰਕਾਰੀ ਸੰਸਥਾਵਾਂ ਯੋਗ ਵਿਅਕਤੀਆਂ ਨੂੰ ਵੋਟ ਬਨਾਉਣ ਲਈ ਵੱਧ ਤੋਂ ਵੱਧ ਜਾਗਰੂਕ ਕਰਨ ਹਿਤ ਸਹਿਯੋਗ ਦੇਣ-ਅਟਵਾਲ

ਮੋਗਾ, 7ਜੁਲਾਈ (ਜਸ਼ਨ):ਜ਼ਿਲ੍ਹੇ ਦੀਆਂ ਸਮੂਹ ਗੈਰ-ਸਰਕਾਰੀ ਅਤੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਮਿਤੀ 1.1.2017 ਨੂੰ 18 ਸਾਲ ਦੀ ਉਮਰ ਪੂਰੀ ਕਰ ਚੁੱਕੇ 100 ਫ਼ੀਸਦੀ ਵਿਅਕਤੀਆਂ ਨੂੰ ਵੋਟ ਬਨਾਉਣ ਲਈ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ ਤਾਂ ਜੋ ਕੋਈ ਵੀ ਯੋਗ ਵਿਅਕਤੀ ਵੋਟਰ ਰਜਿਸਟਰਡ ਹੋਣ ਤੋਂ ਵਾਂਝਾ ਨਾ ਰਹੇ।    ਇਹ ਪ੍ਰੇਰਣਾ ਸਹਾਇਕ ਕਮਿਸ਼ਨਰ-ਕਮ-ਨੋਡ ਅਫ਼ਸਰ ਸਵੀਪ ਸ੍ਰ. ਹਰਪ੍ਰੀਤ ਸਿੰਘ ਅਟਵਾਲ ਨੇ ਜ਼ਿਲਾ ਪੱਧਰੀ ਸਵੀਪ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀ। ਇਸ ਮੌਕੇ ਉਨਾਂ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਵੱਲੋਂ ‘ਕੋਈ ਵੀ ਵੋਟਰ, ਵੋਟ ਤੋਂ ਵਾਂਝਾ ਨਾ ਰਹੇ’ ਤਹਿਤ 31 ਜੁਲਾਈ, 2017 ਤੱਕ ਵੋਟਰਾਂ ਦੀ ਰਜਿਸਟ੍ਰੇਸ਼ਨ ਲਈ ਇੱਕ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਉਨਾਂ ਦੱਸਿਆ ਕਿ ਨਵੀਂ ਵੋਟ ਬਨਾਉਣ ਲਈ ਫ਼ਾਰਮ ਨੰ: 6 ਭਰ ਕੇ ਵੋਟਰ ਵੱਲੋਂ ਨੈਸ਼ਨਲ ਵੋਟਰਜ਼ ਸਰਵਿਜ ਪੋਰਟਲ www.nvsp.in ‘ਤੇ ਆਨ-ਲਾਈਨ ਜਮਾਂ ਕੀਤਾ ਜਾ ਸਕਦਾ ਹੈ। ਉਨਾਂ ਦੱਸਿਆ ਕਿ ਇਸ ਮੁਹਿੰਮ ਦੌਰਾਨ 9 ਜੁਲਾਈ ਤੇ 23 ਜੁਲਾਈ, 2017 ਨੂੰ ਬੂਥ ਲੈਵਲ ਅਫ਼ਸਰ ਆਪਣੇ ਸਬੰਧਤ ਬੂਥਾਂ ‘ਤੇ ਹਾਜ਼ਰ ਰਹਿ ਕੇ ਫ਼ਾਰਮ ਪ੍ਰਾਪਤ ਕਰਨਗੇ। ਉਨਾਂ ਦੱਸਿਆ ਕਿ ਵੋਟ ਬਨਾਉਣ ਸਬੰਧੀ ਫ਼ਾਰਮ ਸਬੰਧਤ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ ਦੇ ਦਫ਼ਤਰ ਵਿਖੇ ਜਾਂ ਸਬੰਧਤ ਬੂਥ ਦੇ ਬੀ.ਐਲ.ਓ ਨੂੰ ਵੀ ਦਿੱਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਭਾਰਤ ਚੋਣ ਕਮਿਸ਼ਨ ਵੱਲੋਂ ਜਾਰੀ ਮੋਬਾਈਲ ਐਪ ਰਾਹੀਂ ਵੀ ਵੋਟ ਰਜਿਸਟਰਡ ਕਰਵਾਉਣ ਲਈ ਆਪਣਾ ਫ਼ਾਰਮ ਭਰ ਸਕਦਾ ਹੈ। ਸ. ਅਟਵਾਲ ਨੇ ਕਿਹਾ ਕਿ ਜ਼ਿਲਾ ਸਿੱਖਿਆ ਅਫ਼ਸਰ (ਸੈ) ਵੱਲੋਂ ਸਕੂਲਾਂ ‘ਚ ਐਨ.ਸੀ.ਸੀ./ਐਨ.ਐਸ.ਐਸ ਦੇ ਵਾਲੰਟੀਅਰ ਤੇ ਅਧਿਆਪਕਾਂ ਦੇ ਸਹਿਯੋਗ ਨਾਲ ਸਕੂਲਾਂ ਵਿੱਚ ਵੋਟਰ ਰਜਿਸਟ੍ਰੇਸ਼ਨ ਜਾਗਰੂਕਤਾ ਕੈਂਪ ਲਗਾਏ ਜਾਣ ਅਤੇ ਇਸ ਮੰਤਵ ਲਈ ਰੰਗੋਲੀ, ਪੋਸਟਰ, ਕਢਾਈ ਆਦਿ ਮੁਕਾਬਲੇ ਕਰਵਾਏ ਜਾਣ। ਉਨਾਂ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਅਤੇ ਨਹਿਰੂ ਯੁਵਾ ਕੇਂਦਰ ਤੋਂ ਆਏ ਨੁਮਾਇੰਦਿਆਂ ਨੂੰ ਵੀ ਸਕੂਲਾਂ/ਕਾਲਜਾਂ ਅਤੇ ਪਿੰਡਾਂ ਵਿੱਚ ਯੁਵਕ ਕਲੱਬਾਂ ਰਾਹੀਂ ਨੌਜਵਾਨਾਂ ਨੂੰ ਵੋਟਾਂ ਬਨਾਉਣ ਲਈ ਵੱਧ ਤੋਂ ਵੱਧ ਜਾਗਰੂਕ ਕਰਨ ਦੀ ਹਦਾਇਤ ਕੀਤੀ। ਉਨਾਂ ਜ਼ਿਲਾ ਵਿਕਾਸ ਤੇ ਪੰਚਾਇਤ ਅਫ਼ਸਰ ਨੂੰ ਪਿੰਡਾਂ ‘ਚ ਪੰਚਾਇਤਾਂ/ਪੰਚਾਇਤ ਸਕੱਤਰਾਂ ਰਾਹੀਂ ਆਮ ਲੋਕਾਂ ਨੂੰ ਵੋਟਾਂ ਬਣਾਉਣ ਲਈ ਜਾਗਰੂਕ ਕਰਨ ਦੀ ਹਦਾਇਤ ਕੀਤੀ। ਉਨਾਂ ਆਮ ਜਨਤਾ ਨੂੰ ਇਸ ਮੁਹਿੰਮ ਦੌਰਾਨ ਵੱਧ ਚੜ ਕੇ ਸਹਿਯੋਗ ਦੇਣ ਦੀ ਅਪੀਲ ਕੀਤੀ ਤਾਂ ਜੋ ਕੋਈ ਵੀ ਯੋਗ ਵਿਅਕਤੀ ਵੋਟਰ ਬਨਣ ਤੋਂ ਵਾਂਝਾ ਨਾ ਰਹੇ।
ਮੀਟਿੰਗ ‘ਚ ਹੋਰਨਾਂ ਤੋਂ ਇਲਾਵਾ ਤਹਿਸੀਲਦਾਰ  ਮਨਜੀਤ ਸਿੰਘ, ਸਵੀਪ ਕੋ-ਆਰਡੀਨੇਟਰ ਬਲਵਿੰਦਰ ਸਿੰਘ, ਐਨ.ਜੀ.ਓ ਜ਼ਿਲਾ ਕੋ-ਆਰਡੀਨੇਟਰ ਐਸ.ਕੇ.ਬਾਂਸਲ, ਪ੍ਰੇਮ ਭੂਸ਼ਨ ਗੁਪਤਾ, ਪ੍ਰਦੀਪ ਰਾਏ, ਤਰਨਜੀਤ ਕੌਰ, ਜਸਵੀਰ ਸਿੰਘ, ਬਲਵੀਰ ਕੌਰ, ਜਗਰਾਜ ਸਿੰਘ, ਰਮਨਦੀਪ ਗਰੋਵਰ, ਅਸ਼ੋਕ ਕੁਮਾਰ, ਲਕਸ਼ਮੀ ਚੰਦਰ ਅਤੇ ਬਲਵੀਰ ਕੌਰ ਆਦਿ ਹਾਜ਼ਰ ਸਨ।