ਪੈਰਾ ਲੀਗਲ ਵਲੰਟੀਅਰਜ਼ ਦੀ ਇੰਟਰਵਿਊ 10 ਜੁਲਾਈ ਨੂੰ ਦੁਪਹਿਰ 2 ਵਜੇ-ਵਿਨੀਤ ਕੁਮਾਰ ਨਾਰੰਗ 

ਮੋਗਾ 7 ਜੁਲਾਈ(ਜਸ਼ਨ)-‘ਨਿਆਂ ਸਭਨਾਂ ਲਈ’ ਦੇ ਅਰਥ ਨੂੰ ਸਾਰਥਿਕ ਕਰਦੇ ਹੋਏ ਮਾਣਯੋਗ ਜ਼ਿਲਾ ਤੇ ਸ਼ੈਸ਼ਨ ਜੱਜ-ਕਮ-ਚੇਅਰਮੈਨ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਮੋਗਾ ਸ਼੍ਰੀ ਐਸ.ਕੇ.ਗਰਗ ਦੀ ਰਹਿਨੁਮਾਈ ਹੇਠ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਮੋਗਾ ਵੱਲੋਂ ਜ਼ਿਲੇ ਦੇ ਵੱਖ-ਵੱਖ ਪਿੰਡਾਂ ਵਿੱਚ ਜਾ ਕੇ ਲੋਕਾਂ ਨੂੰ ਨਾਲਸਾ ਸਕੀਮ ਦੇ ਪ੍ਰਚਾਰ, ਮੁਫ਼ਤ ਕਾਨੂੰਨੀ ਸਹਾਇਤਾ, ਲੋਕ ਅਦਾਲਤਾਂ ਬਾਰੇ ਜਾਣਕਾਰੀ ਦੇਣ ਅਤੇ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਕੰਮ-ਕਾਜ਼ ਹਿਤ ਪੈਰਾ ਲੀਗਲ ਵਲੰਟੀਅਰਜ਼ (ਪੀ.ਐਲ.ਵੀ) ਦੀ ਚੋਣ ਕਰਨ ਲਈ ਦਰਖਾਸਤਾਂ ਦੀ ਮੰਗ ਕੀਤੀ ਗਈ ਸੀ। ਸ਼੍ਰੀ ਵਿਨੀਤ ਕੁਮਾਰ ਨਾਰੰਗ ਸੀ.ਜੇ.ਐਮ-ਕਮ-ਸਕੱਤਰ, ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਮੋਗਾ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਜ਼ਿਲਾ ਕਚਿਹਰੀਆਂ ਮੋਗਾ ਵਿਖੇ 50 ਪੈਰਾ ਲੀਗਲ ਵਲੰਟੀਅਰ ਦੀ ਚੋਣ ਕੀਤੀ ਜਾਣੀ ਹੈ। ਉਨਾਂ ਦੱਸਿਆ ਕਿ ਬਿਨੈਕਾਰਾਂ ਦੀ ਚੋਣ ਕਰਨ ਲਈ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਹੈ। ਇਸ ਕਮੇਟੀ ਵੱਲੋਂ 10 ਜੁਲਾਈ, 2017 ਨੂੰ ਦੁਪਹਿਰ 02-00 ਵਜੇ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਜ਼ਿਲਾ ਅਦਾਲਤਾਂ, ਮੋਗਾ ਦੇ ਦਫ਼ਤਰ ਵਿੱਚ ਇਨਾਂ ਪੀ.ਐਲ.ਵੀਜ਼ ਦੀ ਚੋਣ ਲਈ ਇੰਟਰਵਿਊ ਰੱਖੀ ਗਈ ਹੈ। ਉਨਾਂ ਦੱਸਿਆ ਕਿ ਇਨਾਂ ਸੇਵਾਵਾਂ ਲਈ ਅਧਿਆਪਕ, ਸੀਨੀਅਰ ਸਿਟੀਜ਼ਨ, ਰਿਟਾਇਰਡ ਸਰਕਾਰੀ ਕ੍ਰਮਚਾਰੀ, ਆਂਗਨਵਾੜੀ ਵਰਕਰ, ਡਾਕਟਰ/ਫ਼ਿਜ਼ੀਸ਼ੀਅਨ, ਵਿਦਿਆਰਥੀ/ਕਾਨੂੰਨ ਦੇ ਵਿਦਿਆਰਥੀ, ਕਲੱਬ ਜਾਂ ਐਨ.ਜੀ.ਓ. ਦੇ ਮੈਂਬਰ, ਐਨ.ਐਸ.ਐਸ. ਸੇਵਕ, ਗੈਰ-ਸਰਕਾਰੀ ਸੰਸਥਾਵਾਂ ਦੇ ਮੈਂਬਰ ਜਾਂ ਟਰੇਡ ਯੂਨੀਅਨ ਦੇ ਮੈਂਬਰ ਹੀ ਯੋਗ ਹਨ। ਉਨਾਂ ਦੱਸਿਆ ਕਿ ਬਤੌਰ ਪੀ.ਐਲ.ਵੀ. ਸੇਵਾਵਾਂ ਦੇਣ ਵਾਲੇ ਪ੍ਰਾਰਥੀ ਨੂੰ ਵੇਜਿਜ਼/ਮਿਹਨਤਾਨਾ ਨਹੀਂ ਦਿੱਤਾ ਜਾਂਦਾ, ਸਗੋਂ ਉਨਾਂ ਨੂੰ ਪੀ.ਐਲ.ਵੀ. ਨਿਯੁਕਤ ਹੋ ਜਾਣ ਉਪਰੰਤ ਬਤੌਰ ਮਾਣਭੱਤਾ 400/- ਰੁਪਏ ਸਿਰਫ਼ ਉਸ ਦਿਨ ਦੇ ਲਈ ਹੀ ਦਿੱਤੇ ਜਾਂਦੇ ਹਨ, ਜਿਸ ਦਿਨ ਉਸ ਨੂੰ ਦਫ਼ਤਰ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਮੋਗਾ ਪਾਸੋਂ ਕੋਈ ਕੰਮ ਕਰਨ ਲਈ ਮਿਲਦਾ ਹੈ। ਉਨਾਂ ਆਖਿਆ ਕਿ ਵਧੇਰੇ ਜਾਣਕਾਰੀ ਲਈ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਜ਼ਿਲਾ ਕਚਿਹਰੀਆਂ, ਮੋਗਾ ਦੇ ਦਫ਼ਤਰ ਦੇ ਫ਼ੋਨ ਨੰਬਰ 01636-235864 ‘ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।