SIMRAT SUMAIRA

ਗ਼ਜ਼ਲ .....ਸਿਮਰਤ ਸੁਮੈਰਾ
( ਪਿਸ਼ਾਵਰ ਦੇ ਮਾਸੂਮਾਂ ਦੇ ਨਾਂ )
پشاور دے معصوماں دے نام

ਬੁਝਾਏ ਕਿਉਂ ਭਲਾ ਤਾਰੇ, ਖੁਦਾਇਆ ਮੇਰਿਆ ਦੱਸੀਂ,
بُجھائے کِیوں بھلا تارے، خُدایامیریا دَسیں
ਗਏ ਮਾਸੂਮ ਕਿਉਂ ਮਾਰੇ, ਖੁਦਾਇਆ ਮੇਰਿਆ ਦੱਸੀਂ।
گَئے معصوم کِیوں مارے، خُدایامیریا دَسیں
ਦੁਆ ਕੀ ਮੰਗਣੀ ਤੈਂਥੋਂ,ਤੂੰ ਕਿੱਥੇ ਛੁਪ ਗਿਆ ਮੌਲਾ,
دُعا کی مَنگنی تینتھوں،توں کِتھے چُھپ گیا مولٰی
ਇਹ ਪਾਕੇ ਮਾਮਲੇ ਭਾਰੇ,ਖੁਦਾਇਆ ਮੇਰਿਆ ਦੱਸੀਂ।
ایہہ پاکے معاملے بھارے،خدایامیریا دسیں
ਤੂੰ ਕਾਲੇ ਲੇਖ ਲਿਖ ਦਿੱਤੇ ਨੇ ਕਿਉਂ, ਮਾਸੂਮ ਤਲੀਆਂ ਤੇ;
توں کالے لیکھ لِکھ دِتّے نے کِیوں، معصوم تلیاں تے
ਲਗਾਕੇ ਉਮਰ ਦੇ ਲਾਰੇ, ਖ਼ੁਦਾਇਆ ਮੇਰਿਆ ਦੱਸੀਂ।
لگاکے عمر دے لارے، خُدایا میریا دسیں
ਇਹ ਕਿਹੜਾ ਮਜ਼ਬ ਕਹਿੰਦਾ ਹੈ ਕਿ ਹੌਲੀ ਖੂਨ ਦੀ ਖੇਡੋ,
ایہہ کہڑا مزب کہندا ہے کہ ہولی خون دی کھیڈو
ਇਹ ਕਿਹੜਾ ਕਰ ਗਿਆ ਕਾਰੇ, ਖ਼ੁਦਾਇਆ ਮੇਰਿਆ ਦੱਸੀਂ।
ایہہ کہڑا کر گیا کارے، خدایا میریا دسیں
ਹਨੇਰੀ ਕੂੜ ਦੀ ਝੁੱਲੀ, ਕਿ ਡੁੱਬਿਆ ਸੱਚ ਦਾ ਸੂਰਜ,
ہنیری کُوڑ دی جھلی، کہ ڈبیا سَچ دا سُورج
ਇਹ ਸੱਚ ਨੂੰ ਕੌਣ ਲਲਕਾਰੇ, ਖ਼ੁਦਾਇਆ ਮੇਰਿਆ ਦੱਸੀਂ।
ایہہ سچ نوں کون للکارے، خدایا میریا دسیں
ਜਿਨ੍ਹਾਂ ਤੇ ਅਮਨ ਲਿਖਿਆ ਸੀ,ਉਹ ਵਰਕੇ ਖ਼ੂਨ ਵਿਚ ਡੁੱਬੇ,
جنہاں تے امن لکھیا سی،اوہ ورقے خون وچ ڈُبّے
ਭਲਾ ਇਹ ਸ਼ਬਦ ਕਿਉਂ ਹਾਰੇ, ਖੁਦਾਇਆ ਮੇਰਿਆ ਦੱਸੀਂ।
بھلا ایہہ شبد کیوں ہارے، خدایامیریا دسیں
ਉਹ ਜਿਹੜੇ ਖ਼ੌਫ਼ ਵਿਚ ਪਥਰਾ ਗਏ, ਲੋਕਾਂ ਨੂੰ ਕੀ ਦੱਸੀਏ,
اوہ جہڑے خوف وچ پتھرا گئے، لوکاں نوں کی دَسّیئے
ਖ਼ੁਦਾ ਦੀਆਂ ਰਹਿਮਤਾਂ ਬਾਰੇ, ਖ਼ੁਦਾਇਆ ਮੇਰਿਆ ਦੱਸੀਂ।
خدا دیاں رحمتاں بارے، خُدایا میریا دسیں
ਉਨ੍ਹਾਂ ਨੂੰ ਬਖ਼ਸ਼ਦੇ ਹੁਣ ਤਾਂ, ਉਨ੍ਹਾਂ ਤੇ ਰਹਿਮ ਕਦ ਕਰਨਾ,
اوہناں بخشدے ہن تاں، اوہناں تے رحم کد کرنا
ਉਹ ਜਿਹੜੇ ਵਕ਼ਤ ਦੇ ਮਾਰੇ, ਖ਼ੁਦਾਇਆ ਮੇਰਿਆ ਦੱਸੀਂ।
اوہ جہڑے وقت دے مارے، خدایا میریا دسیں

ਕਿਤੇ ਬਸਤੇ ਕਿਤੇ ਕਾਨੀ ਕਿਤੇ ਅਰਮਾਨ ਖਿਲਰੇ ਨੇ
کِتے بَستے کِتے کانی کِتے اَرمان کِھلرے نے
ਕਿਉਂ ਇਹ ਰੁਲ ਗਏ ਸਾਰੇ ਖ਼ੁਦਾਇਆ ਮੇਰਿਆ ਦੱਸੀਂ ।
کِیوں اِیہہ رُل گئے سارے خُدایا میریا دَسیں
( Sir Kalim ullah ji duaara lipiantar dhanvad sahit )