ਰਾਈਸ ਬ੍ਰਾਨ ਡੀਲਰ ਐਸੋਸੀਏਸ਼ਨ ਨੇ ਸਮਾਜ ਸੇਵੀ ਸੁਸ਼ੀਲ ਮਿੱਡਾ ਨੂੰ 30ਵੇਂ ਵਿਸ਼ਾਲ ਭਗਵਤੀ ਜਾਗਰਣ ਦਾ ਸੱਦਾ ਪੱਤਰ ਭੇਂਟ ਕੀਤਾ

ਮੋਗਾ, 19 ਅਗਸਤ: ਰਾਈਸ ਬ੍ਰਾਨ ਡੀਲਰ ਐਸੋਸੀਏਸ਼ਨ ਵੱਲੋਂ 29 ਅਗਸਤ ਨੂੰ ਪੁਰਾਣੀ ਦਾਣਾ ਮੰਡੀ ਮੋਗਾ ਵਿਖੇ ਕਰਵਾਏ ਜਾ ਰਹੇ 30ਵੇਂ ਵਿਸ਼ਾਲ ਭਗਵਤੀ ਜਾਗਰਣ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਜਾਗਰਣ ਦੇ ਸੱਦੇ ਨੂੰ ਲੈ ਕੇ ਐਸੋਸੀਏਸ਼ਨ ਦੇ ਅਹੁਦੇਦਾਰਾਂ ਵੱਲੋਂ ਸ਼ਹਿਰ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਸੱਦਾ ਪੱਤਰ ਭੇਂਟ ਕੀਤੇ ਜਾ ਰਹੇ ਹਨ। ਇਸੇ ਲੜੀ ਤਹਿਤ ਐਸੋਸੀਏਸ਼ਨ ਦੇ ਅਹੁਦੇਦਾਰਾਂ ਵੱਲੋਂ ਸਮਾਜ ਸੇਵੀ ਸੁਸ਼ੀਲ ਮਿੱਡਾ ਨੂੰ ਵੀ ਜਾਗਰਣ ਵਿੱਚ ਸ਼ਾਮਲ ਹੋਣ ਲਈ ਸੱਦਾ ਪੱਤਰ ਭੇਂਟ ਕੀਤਾ ਗਿਆ। ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਦੱਸਿਆ ਕਿ 29 ਅਗਸਤ ਨੂੰ ਪੁਰਾਣੀ ਦਾਣਾ ਮੰਡੀ ਵਿਖੇ ਹੋਣ ਵਾਲੇ ਇਸ ਵਿਸ਼ਾਲ ਜਾਗਰਣ ਵਿੱਚ ਪ੍ਰਸਿੱਧ ਗਾਇਕ ਮਨੀ ਲਾਡਲਾ ਅਤੇ ਅੰਜਲੀ ਦਿਵੇਦੀ ਮਾਤਾ ਭਗਵਤੀ ਦੀ ਮਹਿਮਾ ਦਾ ਗੁਣਗਾਨ ਕਰਕੇ ਸੰਗਤਾਂ ਨੂੰ ਭਗਤੀ ਰਸ ਨਾਲ ਨਿਹਾਲ ਕਰਨਗੇ। ਜਾਗਰਣ ਨੂੰ ਲੈ ਕੇ ਵੱਖ-ਵੱਖ ਤਿਆਰੀਆਂ ਅਤੇ ਪ੍ਰਬੰਧਾਂ ਦੀਆਂ ਜ਼ਿੰਮੇਵਾਰੀਆਂ ਐਸੋਸੀਏਸ਼ਨ ਦੇ ਮੈਂਬਰਾਂ ਨੂੰ ਸੌਂਪੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਹਿਮਾਚਲ ਪ੍ਰਦੇਸ਼ ਤੋਂ ਮਾਤਾ ਭਗਵਤੀ ਦੀ ਪਾਵਨ ਜੋਤ ਜਾਗਰਣ ਤੋਂ ਸੱਤ ਦਿਨ ਪਹਿਲਾਂ ਅਮਿਤ ਮਿੱਤਲ ਦੇ ਨਿਵਾਸ ਸਥਾਨ 'ਤੇ ਲਿਆਂਦੀ ਜਾਵੇਗੀ, ਜਿੱਥੇ ਵਿਧੀਵਤ ਢੰਗ ਨਾਲ ਝੰਡਾ ਪੂਜਨ ਕੀਤਾ ਜਾਵੇਗਾ। ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਪਰਿਵਾਰਾਂ ਸਮੇਤ ਜਾਗਰਣ ਵਿੱਚ ਪਹੁੰਚ ਕੇ ਮਾਤਾ ਭਗਵਤੀ ਦਾ ਆਸ਼ੀਰਵਾਦ ਪ੍ਰਾਪਤ ਕਰਨ ਅਤੇ ਇਸ ਧਾਰਮਿਕ ਸਮਾਗਮ ਨੂੰ ਸਫਲ ਬਣਾਉਣ ਵਿੱਚ ਸਹਿਯੋਗ ਕਰਨ।