ਲਾਅ ਕਾਲਜ ਨੇੜੇ ਬਾਬਾ ਕੁੰਭ ਦਾਸ ਜੀ ਦੇ ਜਨਮ ਦਿਵਸ ਨੂੰ ਸਮਰਪਿਤ ਦੋ ਰੋਜ਼ਾ ਸਲਾਨਾ ਸਮਾਗਮ ਅੱਜ ਤੋਂ ਸ਼ੁਰੂ

ਧਰਮਕੋਟ ( bittu grover ):
ਇਲਾਕੇ ਦੀ ਪ੍ਰਸਿੱਧ ਧਾਰਮਿਕ ਜਗ੍ਹਾ ਉਦਾਸੀਨ ਕੁਟੀਆ ਬਾਬਾ ਕੁੰਭ ਦਾਸ, ਨੇੜੇ ਲਾਅ ਕਾਲਜ, ਮੋਗਾ ਰੋਡ, ਧਰਮਕੋਟ ਵਿਖੇ ਅਲਮਸਤ ਫੱਕਰ ਬਾਬਾ ਕੁੰਭ ਦਾਸ ਜੀ ਮਹਾਰਾਜ ਦੇ ਜਨਮ ਦਿਵਸ ਨੂੰ ਸਮਰਪਿਤ ਸਲਾਨਾ ਧਾਰਮਿਕ ਸਮਾਗਮ 14 ਅਗਸਤ ਤੋਂ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਕਰਵਾਇਆ ਜਾ ਰਿਹਾ ਹੈ।
ਇਹ ਸਮਾਗਮ ਸ਼੍ਰੀ ਸ਼੍ਰੀ 108 ਤਪੱਸਵੀ ਬਾਬਾ ਰਿਸ਼ੀ ਦਾਸ ਜੀ ਮਹਾਰਾਜ ਦੇ ਪਵਿੱਤਰ ਆਸ਼ੀਰਵਾਦ ਸਦਕਾ ਅਤੇ ਮਹੰਤ ਸ਼੍ਰੀ ਚੰਦਰਮਾਂ ਦਾਸ ਜੀ (ਅਲੀਕੇ ਵਾਲੇ) ਦੀ ਯੋਗ ਰਹਿਨੁਮਾਈ ਹੇਠ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਦੋ ਰੋਜ਼ਾ ਸਮਾਗਮ ਨੂੰ ਲੈ ਕੇ ਇਲਾਕੇ ਦੀਆਂ ਸੰਗਤਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਅਤੇ ਕੁਟੀਆ ਵਿਖੇ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।
ਸਮਾਗਮ ਦੀ ਪੂਰੀ ਸਮਾਂ ਸੂਚੀ ਜਾਰੀ ਕਰਦਿਆਂ ਵਿਕਾਸ ਗਾਬਾ ਤੇ ਪੰਕਜ ਗਰਗ ਨੇ ਦੱਸਿਆ ਕਿ 14 ਅਗਸਤ, ਸ਼ੁੱਕਰਵਾਰ ਸਮਾਗਮ ਦੇ ਪਹਿਲੇ ਦਿਨ ਸਵੇਰੇ ਠੀਕ 9:00 ਵਜੇ ਸ਼੍ਰੀ ਰਾਮਾਇਣ ਦੇ ਪਾਠ ਆਰੰਭ ਕੀਤੇ ਜਾਣਗੇ। ਸਮਾਗਮ ਦੇ ਦੂਸਰੇ ਦਿਨ ਸ਼ਨੀਵਾਰ ਸਵੇਰੇ 8:00 ਵਜੇ ਵਿਸ਼ੇਸ਼ ਹਵਨ ਯੱਗ ਕਰਵਾਇਆ ਜਾਵੇਗਾ, ਜਿਸ ਵਿੱਚ ਵਿਸ਼ਵ ਸ਼ਾਂਤੀ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਹੋਵੇਗੀ।
15 ਅਗਸਤ, ਸ਼ਨੀਵਾਰ ਸਵੇਰੇ 10:00 ਵਜੇ ਰਾਮਾਇਣ ਦੇ ਪਾਠ ਦੇ ਭੋਗ ਪਾਏ ਜਾਣਗੇ, ਇਸ ਉਪਰੰਤ ਮਹੰਤ ਸ਼੍ਰੀ ਚੰਦਰਮਾਂ ਦਾਸ ਜੀ (ਅਲੀਕੇ ਵਾਲੇ) ਅਤੇ ਹੋਰ ਆਏ ਹੋਏ ਮਹਾਪੁਰਸ਼ ਸੰਗਤਾਂ ਨੂੰ ਨਾਮ ਸਿਮਰਨ ਨਾਲ ਜੋੜਨਗੇ ਅਤੇ ਆਪਣੇ ਪ੍ਰਵਚਨਾਂ ਰਾਹੀਂ ਨਿਹਾਲ ਕਰਨਗੇ।
ਸ਼ਨੀਵਾਰ ਦੁਪਹਿਰ 12:00 ਵਜੇ ਤੋਂ ਸੰਤ ਪੰਗਤ ਅਤੇ ਅਟੁੱਟ ਭੰਡਾਰਾ (ਲੰਗਰ) ਵਰਤਾਇਆ ਜਾਵੇਗਾ, ਜੋ ਕਿ ਦੇਰ ਰਾਤ ਤੱਕ ਨਿਰੰਤਰ ਜਾਰੀ ਰਹੇਗਾ। ਇਸ ਸਮਾਗਮ ਦੇ ਪ੍ਰਬੰਧਾਂ ਨੂੰ ਸਫਲ ਬਣਾਉਣ ਲਈ ਸਮੂਹ ਭਗਤ ਜਨ ਅਤੇ ਸੇਵਾਦਾਰ ਦਿਨ-ਰਾਤ ਜੁਟੇ ਹੋਏ ਹਨ। ਪ੍ਰਬੰਧਕੀ ਕਮੇਟੀ ਦੇ ਮੁੱਖ ਸੇਵਾਦਾਰਾਂ ਪੰਕਜ ਗਰਗ, ਵਿਕਾਸ ਗਾਬਾ, ਜਸਪਾਲ ਪਾਲਾ, ਪੁਨੀਤ ਜੈਦਕਾ, ਗੋਰਾ ਮੋਗਾ, ਰਾਜ ਪਰਵਿੰਦਰ ਰਾਜੂ, ਆਲੋਕ ਬੰਕੋਲੀਆ, ਰਾਮ ਜੀ ਲਾਲ, ਜੋਗਾ, ਸਤਨਾਮ ਸੱਤਾ, ਸੰਜੇ ਹੈਪੀ ਅਤੇ ਨਿਰਮਲ ਸ਼ਾਮਲ ਹਨ, ਨੇ ਸਾਂਝੇ ਤੌਰ 'ਤੇ ਸਮਾਂ ਸੂਚੀ ਜਾਰੀ ਕਰਦਿਆਂ ਸਮੂਹ ਸੰਗਤਾਂ ਨੂੰ ਪੁਰਜ਼ੋਰ ਅਪੀਲ ਕੀਤੀ ਹੈ।
ਉਨ੍ਹਾਂ ਕਿਹਾ ਕਿ ਸਭ ਮਾਈ-ਭਾਈ ਇਸ ਪਵਿੱਤਰ ਸਲਾਨਾ ਸਮਾਗਮ ਵਿੱਚ ਆਪਣੇ ਪਰਿਵਾਰਾਂ, ਰਿਸ਼ਤੇਦਾਰਾਂ ਅਤੇ ਮਿੱਤਰਾਂ ਸਮੇਤ ਹਾਜ਼ਰੀ ਭਰਨ ਅਤੇ ਮਹਾਪੁਰਸ਼ਾਂ ਦੇ ਦਰਸ਼ਨ-ਦੀਦਾਰੇ ਕਰਕੇ ਉਨ੍ਹਾਂ ਦਾ ਅਸ਼ੀਰਵਾਦ ਪ੍ਰਾਪਤ ਕਰਨ ਅਤੇ ਆਪਣਾ ਜੀਵਨ ਸਫਲਾ ਕਰਨ।


